ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਮਨਾਇਆ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਦਾ ਜਨਮ ਦਿਨ ਮਨਾਇਆ
Publish Date: Fri, 02 Oct 2026 04:28 PM (IST)
Updated Date: Fri, 02 Oct 2026 04:28 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕੇਸੀ ਕਾਲਜ ਆਫ਼ ਐਜੂਕੇਸ਼ਨ ਵਿਖੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦੇਣ ਵਾਲੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਹਾੜੇ ’ਤੇ ਉਨ੍ਹਾਂ ਦੀਆਂ ਤਸਵੀਰਾਂ ਅੱਗੇ ਫੁੱਲ ਭੇਟ ਕਰ ਕੇ ਉਨ੍ਹਾਂ ਨੂੰ ਸ਼ਰਧਾ ਨਾਲ ਨਮਨ ਕਰਦਿਆਂ ਕੀਤੀ। ਪ੍ਰਿੰ. ਡਾ. ਕੁਲਜਿੰਦਰ ਕੌਰ ਅਤੇ ਸਟੂਡੈਂਟ ਨੈਚੋਡਹੋਈ ਹਾਡ ਸਿੰਘ, ਹਾਉਲਾਲ, ਸੇਵਗਮੀਨਥੰਗ ਖਿੱਪਨ ਅਤੇ ਐੱਚ. ਖਮੀਨ ਥੰਗ ਗੰਗਤੇ ਨੇ ਮੰਚ ਤੋਂ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਹਾਜ਼ਰੀਨ ਨੂੰ ਮਹਾਤਮਾ ਗਾਂਧੀ ਦੇ ਜੀਵਨ ਅਤੇ ਉਨ੍ਹਾਂ ਦੀ ਵਿਚਾਰਧਾਰਾ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਜੀਵਨ ਵਿਚ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਕਦੇ ਵੀ ਸੱਚ ਦਾ ਰਾਹ ਨਹੀਂ ਛੱਡਿਆ। ਮਹਾਤਮਾ ਗਾਂਧੀ ਬੈਰਿਸਟਰ ਸਨ ਅਤੇ ਵਿਦੇਸ਼ ਤੋਂ ਵਕਾਲਤ ਦੀ ਪੜ੍ਹਾਈ ਕਰ ਕੇ ਭਾਰਤ ਪਰਤੇ ਸਨ। ਉਹ ਚਾਹੁੰਦੇ ਤਾਂ ਆਪਣੀ ਵਕਾਲਤ ਰਾਹੀਂ ਕਾਫੀ ਦੌਲਤ ਕਮਾ ਸਕਦੇ ਸਨ ਪਰ ਉਨ੍ਹਾਂ ਦੇਸ਼ ਦੀ ਸੇਵਾ ਨੂੰ ਸਭ ਤੋਂ ਉੱਪਰ ਰੱਖਿਆ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਨੂੰ ਅੱਜ ਸਿਰਫ਼ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵੀ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ। ਉਪਰੰਤ ਵਿਦਿਆਰਥੀਆਂ ਨੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਲਗਾਉਂਦਿਆਂ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜੀਵਨ ਬਾਰੇ ਵੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਲਾਲ ਬਹਾਦਰ ਸ਼ਾਸਤਰੀ ਨੂੰ ਮਰਨ ਉਪਰੰਤ ਭਾਰਤ ਰਤਨ ਨਾਲ ਸਨਮਾਨਿਆ ਗਿਆ। ਉਨ੍ਹਾਂ ਦੀ ਸਾਦਗੀ ਤੋਂ ਵਿਦੇਸ਼ੀ ਆਗੂ ਵੀ ਪ੍ਰਭਾਵਿਤ ਹੁੰਦੇ ਸਨ। ਉਹ ਮਹਾਤਮਾ ਗਾਂਧੀ ਦੇ ਜੀਵਨ ਅਤੇ ਵਿਚਾਰਾਂ ਤੋਂ ਵੀ ਕਾਫ਼ੀ ਪ੍ਰਭਾਵਿਤ ਸਨ। ਵਿਦਵਾਨਾਂ ਅਨੁਸਾਰ ਲਾਲ ਬਹਾਦਰ ਸ਼ਾਸਤਰੀ ਨੇ ਮਹਾਤਮਾ ਗਾਂਧੀ ਵੱਲੋਂ ਚਲਾਏ ਗਏ ਅਸਹਿਯੋਗ ਅੰਦੋਲਨ, ਡਾਂਡੀ ਮਾਰਚ ਅਤੇ ਭਾਰਤ ਛੱਡੋ ਅੰਦੋਲਨ ਵਿਚ ਵੀ ਹਿੱਸਾ ਲਿਆ ਸੀ। ਉਹ ਸਾਲ 1964 ਵਿਚ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਬਣੇ। ਇਸ ਮੌਕੇ ਸਹਾਇਕ ਪ੍ਰੋ. ਮੋਨਿਕਾ ਧੰਮ, ਸਹਾਇਕ ਪ੍ਰੋ. ਅਮਨਪ੍ਰੀਤ ਕੌਰ, ਡਾ. ਮਨਦੀਪ, ਸੁਸ਼ਮਾ ਅਤੇ ਵਿਪਨ ਕੁਮਾਰ ਸਮੇਤ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।