ਭਾਜਪਾ ਪੰਜਾਬ ’ਚੋਂ ਨਸ਼ਿਆਂ ਦਾ ਕੋੜ੍ਹ ਕੱਢੇਗੀ : ਲੱਕੀ ਭਾਰਤੀ ਜਨਤਾ ਪਾਰਟੀ ਪੰਜਾਬ 'ਚੋਂ ਨਸ਼ਿਆਂ ਦਾ ਕੋੜ੍ਹ ਕੱਢੇਗੀ
Publish Date: Tue, 15 Sep 2026 03:28 PM (IST)
Updated Date: Tue, 15 Sep 2026 03:29 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਅਤੇ ਜਸਵੰਤ ਵਰਿਆਮ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ ਨੇ ਦੱਸਿਆ ਕਿ ਨਸ਼ਾਮੁਕਤ ਪੰਜਾਬ ਮੁਹਿੰਮ ਬਾਰੇ ਵਿਸਥਾਰਪੂਰਵਕ ਦੱਸਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਹਾਈਕਮਾਂਡ ਪੰਜਾਬ ਦੀ ਨਿਘਰ ਰਹੀ ਹਾਲਤ ਬਾਰੇ ਬਹੁਤ ਫਿਕਰਮੰਦ ਹੈ। ਪੰਜਾਬ ਵਿਚ ਸਿੰਥੇਟਿਕ ਨਸ਼ਾ ਭਾਵ ਚਿੱਟੇ ਦੀ ਸਪਲਾਈ ਦੁੱਧ ਵਾਂਗੂ ਘਰ-ਘਰ ਹੋ ਰਹੀ ਹੈ। ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦੇਖ ਰਿਹਾ ਹੈ। ਇਸ ਵਕਤ ਪੰਜਾਬ ਦੀ ਜਵਾਨੀ ਬੁਰੀ ਤਰ੍ਹਾਂ ਨਸ਼ੇ ਦੀ ਗਿਰਫਤ ਵਿਚ ਆ ਚੁੱਕੀ ਹੈ। ਅਜਿਹੇ ਹਾਲਾਤਾਂ ਵਿਚ ਭਾਜਪਾ ਦੀ ਹਾਈ ਕਮਾਨ ਵੱਲੋਂ ਪੰਜਾਬੀਆਂ ਦੀ ਬਾਂਹ ਫੜਨਾ ਸ਼ਲਾਘਾਯੋਗ ਹੈ। ਜਿਸ ਲਈ ਪੰਜਾਬ ਹਮੇਸ਼ਾ ਹੀ ਭਾਜਪਾ ਦਾ ਰਿਣੀ ਰਹੇਗਾ। ਬੀਤੇ ਕੁਝ ਦਿਨ ਪਹਿਲਾਂ ਸੂਬਾ ਪੰਜਾਬ ਸਕੱਤਰ ਮੀਨੂੰ ਸੇਠੀ ਜੋ ਇੰਚਾਰਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਨ। ਜਿਸ ਨੇ ਜ਼ਿਲ੍ਹੇ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ 9 ਮੈਂਬਰੀ ਕਮੇਟੀ ਦਾ ਗਠਨ ਕੀਤਾ। ਜਿਸ ਵਿਚ ਅਮਨ ਰਾਣਾ ਜਨਰਲ ਸਕੱਤਰ, ਡਾ. ਹਰਭਜਨ ਸਿੰਘ, ਬਾਬਾ ਗੁਰਮੀਤ ਸਿੰਘ, ਜਤਿੰਦਰ ਸਿੰਘ ਸੈਣੀ, ਜੱਸੀ ਮਹਾਲੋਂ, ਧਰਮਪਾਲ ਬੰਗਾ, ਨਿਰਮਲ ਰਾਜਪੂਤ ਅਤੇ ਨਰੇਸ਼ ਕੁਮਾਰ ਹਨ। ਬੀਜੇਪੀ ਦੇ ਸਰਗਰਮ ਨੇਤਾ ਜਸਵੰਤ ਵਰਿਆਮ ਪ੍ਰਧਾਨ ਜ਼ਿਲਾ ਕਿਸਾਨ ਮੋਰਚਾ ਨੇ ਦੱਸਿਆ ਕਿ ਨਸ਼ਾ ਮੁਕਤ ਪੰਜਾਬ ਅਭਿਆਨ ਦੀ ਯਾਤਰਾ ਜਦੋਂ 28 ਸਤੰਬਰ ਨੂੰ ਜ਼ਿਲ੍ਹੇ ਵਿਚ ਦਾਖਲ ਹੋਵੇਗੀ। ਉਸ ਤੋਂ ਉਪਰੰਤ ਪਿੰਡ ਊਧਨੋਵਾਲ ਜਾਵੇਗੀ, ਜਿੱਥੇ ਇੱਕ ਪ੍ਰੋਗਰਾਮ ਕਰਨ ਤੋਂ ਉਪਰੰਤ ਇਹ ਯਾਤਰਾ ਗੜੀ ਕਾਨੂੰਗੋ ਤੋਂ ਹੁੰਦਿਆਂ ਹੋਇਆ ਨਵਾਂਸ਼ਹਿਰ ਵਿਚ ਅੰਬੇਡਕਰ ਚੌਂਕ ਪਹੁੰਚ ਕੇ ਬਾਬਾ ਸਾਹਿਬ ਡਾ. ਅੰਬੇਡਕਰ ਨੂੰ ਨਤਮਸਤਕ ਹੁੰਦਿਆਂ ਸ਼ਰਧਾ ਦੇ ਫੁੱਲ ਭੇਟ ਕਰੇਗੀ। ਇਸ ਉਪਰੰਤ ਪੰਜਾਬ ਨਸ਼ਾਮੁਕਤ ਮੁਹਿੰਮ ਵਾਲੀ ਯਾਤਰਾ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਜਾਵੇਗੀ ਤੇ ਜਿੱਥੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਿਜਦਾ ਕਰਨ ਤੋਂ ਉਪਰੰਤ ਮਸ਼ਾਲ ਮਾਰਚ ਜੋ ਸ਼ਹੀਦ ਦੇ ਸਮਾਰਕ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਦੇ ਘਰ ਤੱਕ ਕੱਢਿਆ ਜਾਵੇਗਾ। ਰਾਜਵਿੰਦਰ ਸਿੰਘ ਲੱਕੀ ਨੇ ਸਮੁੱਚੇ ਜ਼ਿਲ੍ਹਾ ਵਾਸੀਆਂ ਨੂੰ ਬੇਨਤੀ ਕੀਤੀ ਕਿ ਇਸ ਸੰਮੇਲਨ ਵਿਚ ਵੱਧ ਤੋਂ ਵੱਧ ਆਓ ਤਾਂ ਕਿ ਅਸੀਂ ਨੌਜਵਾਨ ਪੀੜੀ ਨੂੰ ਇਹ ਮੈਸੇਜ ਦੇ ਸਕੀਏ ਕਿ ਅਸੀਂ ਤੁਹਾਡੇ ਬਾਰੇ ਕਿੰਨੇ ਫਿਕਰਮੰਦ ਹਾਂ, ਤੁਸੀਂ ਸਮਾਜ ਲਈ ਕਿੰਨੇ ਕੀਮਤੀ ਹੋ।