ਅਕਾਲੀ ਭਾਜਪਾ ਦੇ ਸੱਤਾਂ ’ਚ ਆਉਣ ਦੇ ਸੁਪਨੇ ਕਦੇ ਪੂਰੇ ਨਹੀਂ ਹੋਣਗੇ : ਐਡ. ਖੋਸਲਾ ਅਕਾਲੀ ਭਾਜਪਾ ਗਠਜੋੜ ਦੇ ਸੱਤਾਂ ਚੋਂ ਆਉਣ ਦੇ ਸੁਪਨੇ ਕਦੇ ਪੂਰੇ ਨਹੀਂ ਹੋਣਗੇ-ਐਡਵੋਕੇਟ ਪ੍ਰਵੇਸ਼ ਖੋਸਲਾ
Publish Date: Sat, 28 Nov 2026 05:35 PM (IST)
Updated Date: Sat, 28 Nov 2026 05:37 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਸੱਤਾ ਦੀ ਲਾਲਸਾ ਵਿਚ ਅਕਾਲੀ ਦਲ ਨੇ ਲੋਕਾਂ ਵਿਚ ਬਚੀ ਆਪਣੀ ਸਾਖ ਨੂੰ ਵੀ ਖੋਰਾ ਲਗਾ ਲਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜਨਰਲ ਸਕੱਤਰ ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਸਮੇਂ ਅਕਾਲੀ ਦਲ ਨੇ ਸ਼ੁਰੂਆਤ ਵਿਚ ਭਾਜਪਾ ਦਾ ਪੱਖ ਪੂਰਿਆ ਅਤੇ ਕਿਸਾਨਾਂ ਦੇ ਤਿੱਖੇ ਵਿਰੋਧ ਤੋਂ ਬਾਅਦ ਐਨਡੀਏ ਗਠਜੋੜ ਛੱਡਿਆ। ਹੁਣ ਮੁੜ ਉਸੇ ਭਾਜਪਾ ਨਾਲ ਹੱਥ ਮਿਲਾਉਣਾ ਅਕਾਲੀ ਦਲ ਦੀ ਮੌਕਾਪ੍ਰਸਤ ਸਿਆਸਤ ਦਾ ਸਬੂਤ ਹੈ। ਆਪ ਨੂੰ ਭਾਜਪਾ ਦੀ ਬੀ ਪਾਰਟੀ ਦੱਸਣ ਵਾਲੀ ਅਕਾਲੀ ਦਲ ਇਕ ਵਾਰ ਫਿਰ ਭਾਜਪਾ ਨਾਲ ਗੱਠਜੋੜ ਕਰਕੇ ਸੱਤਾ ਚ ਕਾਬਜ ਹੋਣ ਦੇ ਸੁਪਨੇ ਦੇਖ ਰਹੀ ਹੈ ਪਰ ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਦੇਸ਼ ਅਤੇ ਪੰਜਾਬ ਦੇ ਕਿਸਾਨਾਂ ਨੇ ਜਦੋਂ ਲਗਭਗ ਇੱਕ ਸਾਲ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰਨਾ ਤੋਂ ਬਾਅਦ ਮੰਗਾਂ ਪੂਰੀਆਂ ਹੁੰਦੀਆਂ ਨਾ ਦੇਖ ਪੰਜਾਬ ਚੋਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੂੰ ਚਲਦਾ ਕਰ ਦਿੱਤਾ ਸੀ। ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਕਿਹਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਨੁਮਾਇੰਦਗੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬ ਚ ਦਰਿਆਈ ਪਾਣੀਆ ਵਰਗੇ ਅਹਿਮ ਮੁੱਦਿਆਂ ਤੇ ਭਾਜਪਾ ਦੀਆਂ ਨੀਤੀਆਂ ਪੰਜਾਬ ਦੇ ਹਿੱਤਾ ਨਾਲ ਟਕਰਾਉਂਦੀਆਂ ਰਹੀਆਂ ਹਨ। ਅਜਿਹੀ ਪਾਰਟੀ ਨਾਲ ਗਠਜੋੜ ਕਰਕੇ ਅਕਾਲੀ ਦਲ ਬਾਦਲ ਪੰਜਾਬ ਦੇ ਹੱਕਾਂ ਦੀ ਰਾਖੀ ਕਿਵੇਂ ਕਰੇਗਾ ? ਉਨ੍ਹਾਂ ਕਿਹਾ ਕਿ ਭਾਜਪਾ ਆਪਣੇ ਆਪ ਨੂੰ ਹਿੰਦੂਆਂ ਦੀ ਠੇਕੇਦਾਰ ਪਾਰਟੀ ਵਜੋਂ ਪੇਸ਼ ਕਰਦੀ ਹੈ, ਪਰ ਪੰਜਾਬ ਦੇ ਹਿੰਦੂ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੀ ਕੋਈ ਠੋਸ ਕੰਮ ਨਹੀਂ ਕੀਤਾ। ਖੇਤੀ ਕਾਨੂੰਨਾਂ ਨੇ ਕਿਸਾਨਾਂ ਦੇ ਨਾਲ ਨਾਲ ਖੇਤੀਬਾੜੀ ਨਾਲ ਜੁੜੇ ਹਿੰਦੂ ਵਪਾਰੀਆਂ ਦੇ ਕਾਰੋਬਾਰ ਨੂੰ ਵੀ ਵੱਡਾ ਖ਼ਤਰਾ ਪੈਦਾ ਕੀਤਾ ਸੀ। ਉਨ੍ਹਾਂ ਅਕਾਲੀ ਦਲ ਬਾਦਲ ਨੂੰ ਸਵਾਲ ਕੀਤਾ ਕਿ ਕੀ ਭਾਜਪਾ ਨਾਲ ਗਠਜੋੜ ਕਰਨ ਤੋਂ ਪਹਿਲਾਂ ਪੰਜਾਬ ਦੇ ਪਾਣੀਆਂ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ, ਕਿਸਾਨਾਂ ਲਈ ਐਮਐਸਪੀ. ਦੀ ਕਾਨੂੰਨੀ ਗਾਰਟੀ ਅਤੇ ਪੰਜਾਬ ਦੇ ਹੋਰ ਅਹਿਮ ਮੁੱਦਿਆਂ ਤੇ ਕੋਈ ਠੋਸ ਸਮਝੌਤਾ ਕੀਤਾ ਗਿਆ ਹੈ ? ਜੇਕਰ ਕੀਤਾ ਹੈ ਤਾਂ ਉਹ ਪੰਜਾਬ ਦੇ ਲੋਕਾਂ ਸਾਹਮਣੇ ਜਨਤਕ ਕੀਤਾ ਜਾਵੇ। ਅੰਤ ਵਿੱਚ ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਿਆਸੀ ਪਾਰਟੀਆਂ ਦੀਆਂ ਕੁਰਸੀ ਹਾਸਲ ਕਰਨ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ। ਪੰਜਾਬ ਦੇ ਹੱਕਾਂ ਅਤੇ ਕਿਸਾਨੀ ਨਾਲ ਸਮਝੌਤਾ ਕਰਕੇ ਸੱਤਾ ਹਾਸਲ ਕਰਨ ਦੇ ਅਕਾਲੀ ਦਲ ਬਾਦਲ ਦੇ ਸੁਪਨੇ ਕਦੇ ਪੂਰੇ ਨਹੀਂ ਹੋਣਗੇ। ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਪਾਰਟੀਆਂ ਦੇ ਸੱਤਾ ਹਾਸਲ ਕਰਨ ਲਈ ਕੀਤੇ ਜਾਂਦੇ ਗਠਜੋੜਾਂ ਅਤੇ ਚੋਣਾਵੀ ਵਾਅਦਿਆਂ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਪਾਰਟੀ ਨੂੰ ਧਰਮ ਦੇ ਨਾਅਰਿਆਂ ਦੇ ਆਧਾਰ ਤੇ ਪਰਖਣ ਦੀ ਬਜਾਏ ਉਸ ਦੇ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਪਿਛਲੇ ਰਿਕਾਰਡ ਦੇ ਆਧਾਰ ਤੇ ਪਰਖਣ, ਪਾਣੀਆਂ, ਕਿਸਾਨੀ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਅਤੇ ਸੂਬੇ ਦੇ ਹਰ ਹੱਕਾ ਦੀ ਰਾਖੀ ਲਈ ਸਮੁੱਚ ਪੰਜਾਬੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣਾ ਚਾਹੀਦਾ ਹੈ। ਪੰਜਾਬ ਸਾਡਾ ਸਾਂਝਾ ਘਰ ਹੈ ਅਤੇ ਇਸ ਦੇ ਹੱਕਾਂ ਦੀ ਰਾਖੀ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜਿੰਮੇਵਾਰੀ ਹੈ।। ਲੋਕਾਂ ਨੂੰ ਅਜਿਹੀਆਂ ਸ਼ਿਆਸੀ ਤਾਕਤਾਂ ਦੀ ਪਛਾਣ ਕਰਨੀ ਚਾਹੀਦੀ ਹੈ ਜੋ ਪੰਜਾਬ ਦੇ ਹਿੱਤਾ ਦੀ ਬਜਾਏ ਸੱਤਾ ਨੂੰ ਪਹਿਲ ਦਿੰਦੀਆਂ ਹਨ।