ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਉਣ ਲਈ ਆਪ ਸਰਕਾਰ ਯੋਗ ਕਦਮ ਚੁੱਕੇ ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਉਣ ਲਈ ਆਪ ਸਰਕਾਰ ਯੋਗ ਕਦਮ ਚੁੱਕੇ
Publish Date: Fri, 06 Nov 2026 05:01 PM (IST)
Updated Date: Fri, 06 Nov 2026 05:02 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ. ਨਵਾਂਸ਼ਹਿਰ : ਮਾਣਯੋਗ ਸੁਪਰੀਮ ਕੋਰਟ, ਨੈਸ਼ਨਲ ਗਰੀਨ ਟ੍ਰਿਬਿਊਨਲ, ਹਾਈਕੋਰਟ ਤੇ ਵਾਤਾਵਰਣ, ਵਣ ਤੇ ਪੌਣ ਪਾਣੀ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾ ਤਹਿਤ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਸਾਲ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਬਹੁਤ ਘੱਟ ਸਮੇਂ ਲਈ ਸਿਰਫ ਘੱਟ ਪ੍ਰਦੂਸ਼ਣ ਵਾਲੇ ਪਟਾਕੇ ਚਲਾਉਣ ਦਾ ਲਿਆ ਫੈਸਲਾ ਲਿਆ ਗਿਆ ਸੀ। ਜੋ ਕਿ ਬਹੁਤ ਹੀ ਸ਼ਲਾਘਾਯੋਗ ਸਾਬਤ ਹੋਇਆ ਸੀ। ਇਸੇ ਤਰ੍ਹਾਂ ਇਸ ਵਾਰ ਵੀ ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਉਣ ਲਈ ਆਪ ਸਰਕਾਰ ਨੂੰ ਯੋਗ ਕਦਮ ਚੁੱਕਣ ਦੀ ਮੰਗ ਸੂਝਵਾਨ ਅਤੇ ਮਾਹਿਰ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਆਪ ਸਰਕਾਰ ਵੱਲੋਂ ਪਿਛਲੇ ਸਾਲ ਦੀਵਾਲੀ ਤੇ ਰਾਤ 8 ਤੋਂ 10 ਵਜੇ ਤੱਕ, ਗੁਰਪੁਰਬ ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜਤ ਦਿੱਤੀ ਸੀ। ਕ੍ਰਿਸਮਸ ਦੀ ਰਾਤ ਤੇ ਨਵੇਂ ਸਾਲ ਮੌਕੇ 11.55 ਵਜੇ ਤੋਂ 12.30 ਵਜੇ ਤੱਕ ਘੱਟ ਪ੍ਰਦੂਸ਼ਣ ਵਾਲੇ ਪਟਾਕੇ ਚਲਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਪ੍ਰਦੂਸ਼ਣ ਰੋਕਣ ਲਈ ਸਰਕਾਰ ਦਾ ਫੈਸਲਾ ਸ਼ਲਾਘਾਯੋਗ- ਡਾ. ਦੁਆ ਦੁਆ ਹਸਪਤਾਲ ਬੰਗਾ ਦੇ ਮਾਹਿਰ ਸਰਜਨ ਡਾ. ਚੇਤਨ ਦੁਆ ਦਾ ਕਹਿਣਾ ਹੈ ਕਿ ਆਪ ਸਰਕਾਰ ਵੱਲੋਂ ਪਿਛਲੇ ਸਾਲ ਵਾਂਗ ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਉਣ ਦਾ ਲਿਆ ਫੈਸਲਾ ਸ਼ਲਾਘਾਯੋਗ ਸਾਬਤ ਹੋਵੇਗਾ। ਜੇਕਰ ਇਸ ਨਾਲ ਜਿਥੇ ਸੂਬੇ ਚ ਵਾਤਾਵਰਣ ਪ੍ਰਦੂਸ਼ਿਤ ਘਟੇਗਾ। ਉਨ੍ਹਾਂ ਕਿਹਾ ਕਿ ਪਟਾਕਿਆਂ ਤੇ ਖਰਚੇ ਜਾਣ ਵਾਲੇ ਕਰੋੜਾਂ ਰੁਪਏ ਕਿਸੇ ਲੋੜਵੰਦ ਜਾਂ ਗਰੀਬ ਤਬਕੇ ਦੇ ਲੋਕਾਂ ਦੀ ਭਲਾਈ ਲਈ ਖਰਚ ਕਰਨਾ ਵੀ ਨੇਕ ਫੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਾਤਾਵਰਣ ਨੂੰ ਪ੍ਰਦੂਸ਼ਤ ਕਰਨ ਦੀ ਥਾਂ ਇਸ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਮੁਕਤ ਰਖਣ ਵਿਚ ਸਾਥ ਦੇਣਾ ਚਾਹੀਦਾ ਹੈ। ਆਨਲਾਈਨ ਪਟਾਕਿਆਂ ਦੀ ਵਿਕਰੀ ਤੇ ਪਾਬੰਦੀ ਜ਼ਰੂਰੀ : ਡਾ. ਈਰਾ ਗਾਇਨੀ ਰੋਗਾਂ ਦੇ ਮਾਹਿਰ ਡਾ. ਈਰਾ ਦੁਆ ਦਾ ਕਹਿਣਾ ਹੈ ਕਿ ਅੱਜ ਦੇ ਯੂਗ ਵਿਚ ਜਿਥੇ ਆਨਲਾਈਨ ਸਾਰੇ ਸਮਾਨ ਦੀ ਖਰੀਦੋ ਫਿਰੋਖਤ ਆਸਾਨੀ ਨਾ ਹੋ ਜਾਂਦੀ ਹੈ। ਅਜਿਹੇ ਵਿਚ ਵੱਡੀਆਂ ਕੰਪਨੀਆਂ ਨੂੰ ਪੰਜਾਬ ਅੰਦਰ ਕਿਸੇ ਵੀ ਆਨ ਲਾਈਨ ਪਟਾਖਿਆਂ ਦੇ ਆਰਡਰ ਨੂੰ ਸਵੀਕਾਰ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬੇ ਚ ਆਨ ਲਾਈਨ ਪਟਾਕਿਆਂ ਦੀ ਵਿਕਰੀ ਤੇ ਪਾਬੰਦੀ ਲਗਾਉਣ ਦੇ ਨਾਲ ਨਾਲ ਇਸ ਸਬੰਧੀ ਯੋਗ ਆਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ ਆਪ ਸਰਕਾਰ ਦਾ ਸਾਥ ਦੇਣ ਦੀ ਅਪੀਲ ਕੀਤੀ। ਘੱਟ ਪ੍ਰਦੂਸ਼ਣ ਵਾਲੀ ਮੁਹਿੰਮ ’ਚ ਲੋਕ ਸਾਥ ਦੇਣ : ਡਾ. ਸੰਧੂ ਸਿਨੋਵਾ ਹਸਪਤਾਲ (ਸੰਧੂ ਹਸਪਤਾਲ) ਨਵਾਂਸ਼ਹਿਰ ਦੇ ਦਿਮਾਗੀ ਰੋਗਾਂ ਦੇ ਮਾਹਿਰ ਡਾ. ਜੇਐੱਸ ਸੰਧੂ ਦਾ ਕਹਿਣਾ ਹੈ ਕਿ ਤਿਉਹਾਰਾਂ ਮੌਕੇ ਲੋਕ ਪ੍ਰਤੀਯੋਗਿਤਾ ਕਰਦਿਆਂ ਵੱਧ ਤੋਂ ਵੱਧ ਪਟਾਖੇ ਚਲਾਉਂਦੇ ਹਨ। ਪਰ ਜੇਕਰ ਅਸੀਂ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਰਕਾਰ ਅਤੇ ਸਮਾਜ ਸੇਵੀ ਸੰਗਠਨਾਂ ਵੱਲੋਂ ਚਲਾਈ ਮੁਹਿੰਮ ਚ ਸਾਥ ਦਈਏ ਤਾਂ ਇਹ ਸਮਾਜ ਲਈ ਕਾਫੀ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੂੰ ਗ੍ਰੀਨ ਦੀਵਾਲੀ ਮਨਾਉਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਵੱਧ ਤੋਂ ਵੱਧ ਲੋਕਾਂ ਦਾ ਸਾਥ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਪਟਾਕੇ ਨਾ ਖਰੀਦ ਕੇ ਬਚੀ ਰਕਮ ਨੂੰ ਕਿਸੇ ਹੋਣਹਾਰ ਵਿਦਿਆਰਥੀ ਦੀਆਂ ਫੀਸਾਂ, ਕਿਤਾਬਾਂ, ਸਰਦੀਆਂ ਦਾ ਸਮਾਨ ਦੇ ਕੇ ਵੀ ਦੀਵਾਲੀ ਅਤੇ ਹੋਰ ਤਿਉਹਾਰ ਮਨਾ ਸਕਦੇ ਹਨ। ਪ੍ਰਸ਼ਾਸਨ ਤੇ ਪੁਲਿਸ ਦੀ ਸਜਗਤਾ ਜ਼ਰੂਰੀ : ਡਾ. ਜੀਕੇ ਮਾਹਿਰ ਸਕਿਨ ਸਪੈਸ਼ਲਿਸਟ ਡਾ. ਜੀਕੇ ਸੰਧੂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਫ਼ਸਰਾ ਵੱਲੋਂ ਪਟਾਕਿਆਂ ਲਈ ਨਿਰਧਾਰਿਤ ਜਨਤਕ ਥਾਵਾਂ ਤੇ ਪਟਾਕਿਆਂ ਦੀ ਵਿਕਰੀ ਅਤੇ ਨਿਰਧਾਰਿਤ ਸਮੇਂ ਵਿਚ ਪਟਾਖਿਆਂ ਦੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ ਬਿਨਾਂ ਮੰਜੂਰੀ ਤੋਂ ਲਗਾਏ ਜਾ ਰਹੇ ਪਟਾਕਿਆਂ ਦੇ ਸਟਾਲਾਂ ਤੇ ਵੀ ਪੂਰੀ ਨਿਗਰਾਨੀ ਰੱਖਦਿਆਂ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਤਾਂ ਜੋ ਇਸ ਵਾਰ ਤਿਉਹਾਰਾਂ ਦੇ ਮੌਕੇ ਘੱਟ ਤੋਂ ਘੱਟ ਪ੍ਰਦੂਸ਼ਣ ਫੈਲਾਉਣ ਵਾਲੇ ਪਟਾਕਿਆਂ ਨਾਲ ਲੋਕ ਤਿਉਹਾਰ ਦਾ ਆਨੰਦ ਮਾਣ ਸਕਣ।