ਰਾਹੋਂ ’ਚ 13ਵਾਂ ਸ਼੍ਰੀ ਗਣੇਸ਼ ਉਤਸਵ ਮਨਾਇਆ ਜਾਵੇਗਾ ਰਾਹੋਂ 'ਚ 13ਵਾਂ ਸ਼੍ਰੀ ਗਣੇਸ਼ ਉਤਸਵ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ
Publish Date: Sun, 13 Sep 2026 03:50 PM (IST)
Updated Date: Sun, 13 Sep 2026 03:53 PM (IST)
ਬਲਵਿੰਦਰ ਸਿੰਘ, ਪੰਜਾਬੀ ਜਾਗਰਣ ਰਾਹੋਂ : 18, 19, 20 ਸਤੰਬਰ ਨੂੰ 13ਵਾਂ ਸ਼੍ਰੀ ਗਣੇਸ਼ ਉਤਸਵ ਮਨਾਉਣ ਲਈ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਨਰੇਸ਼ ਪ੍ਰਭਾਕਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਰਵਿੰਦਰ ਸ਼ਰਮਾ ਤੇ ਵਿਜੇ ਅਰੋੜਾ ਨੇ ਦੱਸਿਆ ਕਿ 18 ਸਤੰਬਰ ਨੂੰ ਸਵੇਰੇ 10 ਵਜੇ ਪੂਜਾ ਤੋਂ ਬਾਅਦ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ। ਮਹਿਲਾ ਮੰਡਲੀ ਵੱਲੋਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਕੀਰਤਨ ਕੀਤਾ ਜਾਵੇਗਾ। ਜਿਸ ਤੋਂ ਬਾਅਦ ਦੁਪਹਿਰ 1 ਵਜੇ ਭੰਡਾਰਾ ਹੋਵੇਗਾ। ਇਸੇ ਤਰ੍ਹਾਂ ਦੂਜੇ ਦਿਨ ਦੀ ਪੂਜਾ 19 ਸਤੰਬਰ ਸ਼ਨਿਚਰਵਾਰ ਸਵੇਰੇ 10 ਵਜੇ ਕੀਤੀ ਜਾਵੇਗੀ। ਇਸ ਉਪਰੰਤ ਮਹਿਲਾ ਮੰਡਲੀ ਵੱਲੋਂ ਕੀਰਤਨ ਕੀਤਾ ਜਾਵੇਗਾ ਅਤੇ ਭੰਡਾਰਾ ਲਗਾਇਆ ਜਾਵੇਗਾ। ਰਾਤ 8 ਵਜੇ ਭਗਵਾਨ ਗਣੇਸ਼ ਜੀ ਦਾ 13ਵਾਂ ਜਨਮ ਦਿਨ ਮਨਾਇਆ ਜਾਵੇਗਾ। ਜਿਸ ਵਿਚ ਵਿਸ਼ਾਲ ਕੇਕ ਕੱਟਿਆ ਜਾਵੇਗਾ ਅਤੇ 21 ਕਿਲੋ ਦਾ ਲੱਡੂ, ਟਿੱਕੀਆਂ, ਪਕੌੜੇ ਕੋਲਡ ਡਰਿੰਕਸ ਤੇ ਪ੍ਰਸ਼ਾਦ ਵੰਡਿਆ ਜਾਵੇਗਾ। 20 ਸਤੰਬਰ ਨੂੰ ਤੀਜੇ ਦਿਨ ਦੀ ਪੂਜਾ ਉਪਰੰਤ ਮਹਿਲਾ ਮੰਡਲੀ ਵੱਲੋਂ ਭਜਨ ਕੀਰਤਨ ਕੀਤਾ ਜਾਵੇਗਾ। ਜਿਸ ਤੋਂ ਬਾਅਦ ਦੁਪਹਿਰ 1 ਵਜੇ ਵਿਸ਼ਾਲ ਲੰਗਰ ਚਲਾਇਆ ਜਾਵੇਗਾ। ਸ਼ਾਮ 4 ਵਜੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਵਿਸ਼ਾਲ ਮੂਰਤੀ ਵਿਸਰਜਨ ਯਾਤਰਾ ਮੰਦਰ ਚੌਕ ਪਟਵਾ ਤੋਂ ਸ਼ੁਰੂ ਕੀਤੀ ਜਾਵੇਗੀ। ਇਸ ਦਾ ਉਦਘਾਟਨ ਨਗਰ ਕੌਂਸਲ ਦੀ ਪ੍ਰਧਾਨ ਰਸ਼ਮੀ ਰਣਦੇਵ ਅਤੇ ਸਾਬਕਾ ਪ੍ਰਧਾਨ ਹੇਮੰਤ ਰਣਦੇਵ ਰੀਬਨ ਕੱਟ ਕੇ ਕਰਨਗੇ। ਇਸ ਮੌਕੇ ਵਿਧਾਇਕ ਨਛੱਤਰ ਪਾਲ ਅਤੇ ਸਾਬਕਾ ਵਿਧਾਇਕ ਅੰਗਦ ਸਿੰਘ, ਸਾਬਕਾ ਵਿਧਾਇਕਾ ਗੁਰਇਕਬਾਲ ਕੌਰ, ਭਾਜਪਾ ਨੇਤਾ ਡਾ. ਪੂਨਮ ਮਾਣਿਕ, ਭਾਜਪਾ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਆਪ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ, ਸਾਬਕਾ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਲਖਵਿੰਦਰ ਸਿੰਘ ਲੱਖੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਭਗਵਾਨ ਸ਼੍ਰੀ ਗਣੇਸ਼ ਜੀ ਦਾ ਮੂਰਤੀ ਵਿਸਰਜਨ ਸਤਲੁਜ ਦਰਿਆ ਵਿਖੇ ਕਰਵਾਇਆ ਜਾਵੇਗਾ।