ਬੀਐੱਲਐੱਮ ਗਰਲਜ਼ ਕਾਲਜ ’ਚ ਤੀਜ ਦਾ ਤਿਉਹਾਰ ਮਨਾਇਆ ਬੀਐਲਐਮ ਗਰਲਜ਼ ਕਾਲਜ 'ਚ ਤੀਜ ਦਾ ਤਿਉਹਾਰ ਮਨਾਇਆ
Publish Date: Sun, 16 Aug 2026 03:50 PM (IST)
Updated Date: Sun, 16 Aug 2026 03:51 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਬੀਐੱਲਐੱਮ ਗਰਲਜ਼ ਕਾਲਜ ਵਿਖੇ ਕਲਚਰਲ ਸੁਸਾਇਟੀ ਦੇ ਇੰਚਾਰਜ ਪ੍ਰੋ. ਸੁਰਿੰਦਰ ਕੌਰ ਸਹਿਯੋਗੀ ਪ੍ਰੋ. ਸ਼ਿਵਾਨੀ, ਪ੍ਰੋ. ਮੀਨਾਕਸ਼ੀ, ਪ੍ਰੋ. ਰੂਹੀ ਤੇ ਪ੍ਰੋ. ਗੁਰਦੀਪ ਦੀ ਦੇਖ ਰੇਖ ਵਿਚ ਤੀਜ ਦਾ ਤਿਉਹਾਰ ਮਨਾਇਆ। ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਦੱਸਿਆ ਕਿ ਇਸ ਤਿਉਹਾਰ ਨੂੰ ਮਨਾਉਣ ਲਈ ਮੁੱਖ ਮਹਿਮਾਨ ਮੀਨਾ ਭਾਰਦਵਾਜ, ਅਰੁਣਾ ਪ੍ਰਭਾਕਰ ਸ਼ਾਮਲ ਸਨ। ਤੀਜ ਤਿਉਹਾਰ ਨੂੰ ਮਨਾਉਂਦਿਆਂ ਵਿਦਿਆਰਥਣਾਂ ਵੱਲੋਂ ਮਾਡਲਿੰਗ, ਡਿਊਟ ਡਾਂਸ ਅਤੇ ਸੋਲੋ ਡਾਂਸ ਮੁਕਾਬਲੇ ਪੇਸ਼ ਕੀਤੇ। ਨਤੀਜੇ ਵਜੋਂ ਮਾਡਲਿੰਗ ਵਿਚ ਮਿਸ ਤੀਜ ਰੀਨਾ ਰਹੀ, ਦੂਸਰੇ ਸਥਾਨ ਤੇ ਪ੍ਰਭਜੋਤ ਅਤੇ ਤੀਸਰੇ ਸਥਾਨ ਤੇ ਹਰਸਿਮਰਨ ਰਹੀ। ਵਿਸ਼ੇਸ਼ ਸਨਮਾਨ ਸੁਧਿਕਸ਼ਾ ਅਤੇ ਨਵਜੋਤ ਨੂੰ ਦਿੱਤਾ। ਸੋਹਣਾ ਹਾਸਾ ਨੇਹਾ ਨੂੰ ਦਿੱਤਾ, ਸਰੂ ਵਰਗਾ ਕਦ ਦਾ ਖਿਤਾਬ ਅੰਮ੍ਰਿਤ ਨੂੰ ਦਿੱਤਾ। ਡਿਊਟ ਡਾਂਸ ਵਿੱਚੋਂ ਪਹਿਲੇ ਸਥਾਨ ਤੇ ਰੀਨਾ ਤੇ ਸੰਜਨਾ ਰਹੀਆਂ ਅਤੇ ਦੂਸਰੇ ਸਥਾਨ ਤੇ ਅਵਨੀਤ ਤੇ ਅੰਮ੍ਰਿਤ ਰਹੀਆਂ। ਸੋਲੋ ਡਾਂਸ ਵਿਚੋਂ ਮੇਹਰ ਪਹਿਲੇ ਸਥਾਨ ਤੇ ਰਹੀ, ਸਿਯਾ ਦੂਸਰੇ ਸਥਾਨ ਅਤੇ ਪ੍ਰਭਜੋਤ ਤੀਸਰੇ ਸਥਾਨ ਤੇ ਰਹੀ ਅਤੇ ਵਿਸ਼ੇਸ਼ ਸਨਮਾਨ ਜਿਯਾ ਨੂੰ ਦਿੱਤਾ। ਮੁੱਖ ਮਹਿਮਾਨ ਮੀਨਾ ਭਾਰਦਵਾਜ਼ ਅਤੇ ਅਰੁਣਾ ਪ੍ਰਭਾਕਰ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਪੰਜਾਬੀ ਸੱਭਿਆਚਾਰ ਵਿਚ ਸਾਉਣ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ। ਇਸ ਮਹੀਨੇ ਮਾਪੇ ਜਿੱਥੇ ਆਪਣੀਆਂ ਵਿਆਂਹਦੜ ਧੀਆਂ ਨੂੰ ਸੰਧਾਰੇ ਦੇ ਰੂਪ ਵਿਚ ਮੱਠੀਆਂ, ਬਿਸਕੁਟ ਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ, ਉੱਥੇ ਸਹੁਰੇ ਘਰ ਬੈਠੀਆਂ ਸਜ-ਵਿਆਹੀਆਂ ਦੇ ਮਨਾਂ ਅੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਣੀ ਕੁੜੀਆਂ ਨੂੰ ਮਿਲਣ ਦੀ ਤਾਂਘ ਵੀ ਪ੍ਰਗਟ ਹੁੰਦੀ ਹੈ ਪਰ ਅਮੀਰ ਪੰਜਾਬੀ ਸੱÎਭਿਆਚਾਰ ਤੇ ਪਏ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਨੇ ਪਿੰਡਾਂ ’ਚੋਂ ਤੀਆਂ ਦੇ ਪਿੜ ਲੋਪ ਕਰ ਦਿੱਤੇ ਹਨ। ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਾਉਣ ਮਹੀਨੇ ਕੁੜੀਆਂ ਪਿੰਡ ਤੋਂ ਬਾਹਰ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ ਗਿੱਧਾ ਪਾਉਂਦੀਆਂ ਹੋਈਆਂ ਇੱਕ-ਦੂਜੀ ਨਾਲ ਦੁੱਖ ਸਾਂਝੇ ਕਰਦੀਆਂ ਸਨ। ਜਿਹੜੀਆਂ ਔਰਤਾਂ ਨੇ ਬਚਪਨ ਵਿਚ ਤੀਆਂ ਦਾ ਮਾਹੌਲ ਦੇਖਿਆ ਹੈ, ਉਨ੍ਹਾਂ ਦੇ ਮਨ ਵਿਚ ਦੁਬਾਰਾ ਤੀਆਂ ਤੇ ਜਾਣ ਦਾ ਚਾਅ ਪੈਦਾ ਕਰਨ ਲਈ ਅਤੇ ਅੱਜ ਦੀ ਪੀੜ੍ਹੀ ਦੇ ਮਨਾਂ ਵਿਚ ਪੰਜਾਬ ਦੇ ਤਿਉਹਾਰਾਂ ਨੂੰ ਜਿਊਂਦਾ ਰੱਖਣ ਲਈ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪ੍ਰਿੰ. ਤਰਨਪ੍ਰੀਤ ਕੌਰ ਵਾਲੀਆ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਤੀਜ ਤਿਉਹਾਰ ਦੀ ਮਹੱਤਤਾ ਉੱਤੇ ਚਾਨਣ ਪਾਇਆ। ਜੱਜਾਂ ਦੀ ਭੂਮਿਕਾ ਪ੍ਰੋ. ਆਸਥਾ ਅਤੇ ਪ੍ਰੋ. ਮੰਜੂ ਨੇ ਨਿਭਾਈ। ਮੰਚ ਸੰਚਾਲਨ ਪ੍ਰੋ. ਹਰਦੀਪ ਕੌਰ ਅਤੇ ਪ੍ਰੋ. ਗੁਰਦੀਪ ਕੌਰ ਨੇ ਕੀਤਾ। ਵਿਦਿਆਰਥਣਾਂ ਵੱਲੋਂ ਗਿੱਧਾ ਪੇਸ਼ ਕੀਤਾ। ਇਸ ਮੌਕੇ ਤੇ ਕਾਲਜ ਦੇ ਸਮੂਹ ਸਟਾਫ ਮੈਂਬਰ ਸ਼ਾਮਲ ਸਨ।