- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਾ ਮੁਕਤੀ ਕੇੰਦਰ ’ਚ ਅਧਿਆਪਕ ਦਿਵਸ ਮਨਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਤੇ ਮੁੜ ਵਸੇਬਾ ਕੇਂਦਰ ਵਿਖੇ ਅਧਿਆਪਕ ਦਿਵਸ ਮਨਾਇਆ। ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਮੁੱਖ ਮਹਿਮਾਨ ਅਮਰਜੀਤ ਕੌਰ ਕੰਪਿਊਟਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਅਤੇ ਪ੍ਰਿੰ. ਜਸਵੀਰ ਸਿੰਘ ਬਾਬਾ ਵਜੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਨੂੰ ਜੀ ਆਇਆਂ ਨੂੰ ਕਿਹਾ। ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਮਹਾਨ ਬੁੱਧੀਜੀਵੀ ਜੋ ਇੱਕ ਅਧਿਆਪਕ ਤੋਂ ਆਜ਼ਾਦ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਭਾਰਤ ਦੇ ਦੂਜੇ ਰਾਸ਼ਟਰਪਤੀ ਦੇ ਅਹੁੱਦੇ ਤੱਕ ਪੁਹੰਚੇ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜੀਵਨ ਵਿਚ ਸਫਲ ਹੋਣ ਲਈ ਸਿੱਖਿਆ ਦਾ ਅਹਿਮ ਯੋਗਦਾਨ ਹੁੰਦਾ ਹੈ। ਜੀਵਨ ਵਿਚ ਜਨਮ ਦੇਣ ਵਾਲੇ ਮਾਤਾ-ਪਿਤਾ ਹਨ, ਪਰ ਜਿਊਣ ਦਾ ਅਸਲ ਤਰੀਕਾ ਦੱਸਣ ਵਾਲੇ ਅਧਿਆਪਕ ਹੀ ਹੁੰਦੇ ਹਨ। ਅਧਿਆਪਕ ਵਿਦਿਆਰਥੀਆਂ ਲਈ ਆਦਰਸ਼ ਹੁੰਦਾ ਹੈ। ਜਿਸ ਤੋਂ ਸੇਧ ਲੈ ਕੇ ਵਿਦਿਆਰਥੀ ਆਪਣੇ ਚੰਗੇ ਭਵਿੱਖ ਦਾ ਨਿਰਮਾਣ ਕਰਦਾ ਹੈ। ਅਮਰਜੀਤ ਕੌਰ ਨੇ ਕਿਹਾ ਕਿ ਅਧਿਆਪਕ ਉਸ ਮੋਮਬੱਤੀ ਵਾਂਗ ਹੈ ਜੋ ਦੂਜਿਆਂ ਨੂੰ ਰੋਸ਼ਨੀ ਦਿੰਦਾ ਹੈ। ਅਧਿਆਪਕ ਜੀਵਨ ’ਚ ਹੋਣ ਵਾਲੀਆਂ ਚੁਣੌਤੀਆਂ ਨਾਲ ਲੜਨਾਂ ਸਿਖਾਉਂਦੇ ਹਨ ਅਤੇ ਹੋਰ ਭਵਿੱਖ ਦੇ ਬਿਹਤਰ ਨਿਰਮਾਣ ਲਈ ਪ੍ਰੇਰਨਾ ਦਿੰਦੇ ਹਨ। ਇੱਕ ਅਧਿਆਪਕ ਸੈਂਕੜੇ ਆਈਏਐੱਸ ਤੇ ਪੀਸੀਐੱਸ ਅਧਿਕਾਰੀ ਤਿਆਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਉੱਪਰ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਬੱਚੇ ਕੋਰੇ ਪੰਨੇ ਦੀ ਤਰ੍ਹਾਂ ਹੁੰਦੇ ਹਨ, ਉਨ੍ਹਾਂ ਨੂੰ ਸਮਾਜ ਵਿਚ ਚੰਗੇ ਤੇ ਮਾੜੇ ਲੋਕਾਂ ਦਾ ਗਿਆਨ ਨਹੀਂ ਹੁੰਦਾ। ਜਿਸ ਕਾਰਨ ਕਈ ਵਾਰ ਬੱਚੇ ਭੈੜੀਆਂ ਅਲਾਮਤਾਂ ਵਿਚ ਪੈ ਜਾਂਦੇ ਹਨ। ਜਿਵੇਂ ਇੱਕ ਮੂਰਤੀ ਸਾਜ ਪੱਥਰ ਨੂੰ ਘੜ੍ਹ ਕੇ ਮੂਰਤੀ ਬਣਾ ਕੇ ਉਸਨੂੰ ਭਗਵਾਨ ਦੇ ਰੂਪ ਵਿਚ ਮੰਦਰ ਵਿਚ ਸੁਸ਼ੋਭਿਤ ਕਰਦਾ ਹੈ। ਇਸੇ ਤਰ੍ਹਾਂ ਬੱਚਾ ਸਕੂਲ ਵਿਚ ਪੜ੍ਹਨ ਜਾਂ ਆਪਣੇ ਅਧਿਆਪਕ ਤੋਂ ਚੰਗਾ ਗਿਆਨ ਹਾਸਲ ਕਰਕੇ ਇੱਕ ਚੰਗੇ ਤੇ ਉਚੇਰੇ ਰੁਤਬੇ ਤੇ ਪਹੁੰਚਦਾ ਹੈ। ਇਸ ਮੌਕੇ ਸੋਹਣ ਸਿੰਘ ਨੇ ਕੇਂਦਰ ਵਿਖੇ ਦਾਖਿਲ ਮਰੀਜਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਅਪੀਲ ਕੀਤੀ। ਇਸ ਮੌਕੇ ਕੁਲਵੰਤ ਸਿੰਘ, ਕਮਲਜੀਤ ਕੌਰ, ਦਿਨੇਸ਼ ਕੁਮਾਰ, ਪਰਵੀਨ ਕੁਮਾਰੀ, ਪ੍ਰਵੇਸ਼ ਕੁਮਾਰ, ਕਮਲਾ ਰਾਣੀ, ਪਰਵੀਨ ਕੁਮਾਰੀ, ਕੋਮਲਪ੍ਰੀਤ ਕੌਰ ਅਤੇ ਦਾਖਲ ਮਰੀਜ਼ ਹਾਜ਼ਰ ਸਨ।