ਅਧਿਆਪਕ ਸਾਡਾ ਸਰਮਾਇਆ ਹਨ : ਡਾ. ਕੇਐੱਸ ਢਾਹਾਂ ਅਧਿਆਪਕ ਸਾਡਾ ਸਰਮਾਇਆ ਹਨ-ਡਾ. ਕੇਐੱਸ ਢਾਹਾਂ
Publish Date: Sun, 06 Sep 2026 04:34 PM (IST)
Updated Date: Sun, 06 Sep 2026 04:37 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਕੈਂਪਸ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕੀਤਾ। ਇਸ ਸਮਾਗਮ ਵਿਚ ਡਾ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਅਧਿਆਪਕ ਸਾਡਾ ਅਸਲ ਸਰਮਾਇਆ ਹਨ ਅਤੇ ਦੇਸ਼ ਦਾ ਭਵਿੱਖ ਇਨ੍ਹਾਂ ਦੇ ਹੱਥਾਂ ਵਿਚ ਹੀ ਸੁਰੱਖਿਅਤ ਹੈ। ਇੱਕ ਅਧਿਆਪਕ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਸਗੋਂ ਵਿਦਿਆਰਥੀਆਂ ਦੇ ਚਰਿੱਤਰ ਦਾ ਨਿਰਮਾਣ ਕਰ ਕੇ ਉਨ੍ਹਾਂ ਨੂੰ ਸਹੀ ਦਿਸ਼ਾ ਵਿਖਾਉਂਦਾ ਹੈ ਅਤੇ ਅਧਿਆਪਕ ਹੀ ਬੱਚਿਆਂ ਨੂੰ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜ ਕੇ ਦੇਸ਼ ਦੇ ਜ਼ਿੰਮੇਵਾਰ, ਇਮਾਨਦਾਰ ਅਤੇ ਸਫਲ ਨਾਗਰਿਕ ਬਣਾਉਂਦੇ ਹਨ। ਢਾਹਾਂ ਨੇ ਸਕੂਲ ਦੇ ਸਾਰੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਪੜ੍ਹਾਈ ਕਰਵਾਉਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਾਰੀ ਸ਼ਲਾਘਾ ਕੀਤੀ ਅਤੇ ਧੰਨਵਾਦ ਕੀਤਾ। ਪ੍ਰਿੰ. ਵਨੀਤਾ ਚੋਟ ਨੇ ਅਧਿਆਪਕ ਦਿਵਸ ਦੀ ਇਤਿਹਾਸਕ ਮਹਾਨਤਾ ਬਾਰੇ ਚਾਨਣਾ ਪਾਉਂਦਿਆਂ ਦੇਸ਼ ਦੇ ਪਹਿਲੇ ਉਪ ਰਾਸ਼ਟਰਪਤੀ ਮਹਾਨ ਸਿੱਖਿਆ ਸ਼ਾਸਤਰੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜੀਵਨ, ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਯੋਗਦਾਨ ਨੂੰ ਯਾਦ ਕੀਤਾ। ਇਸ ਮੌਕੇ ਵਨੀਤਾ ਨੇ ਦੱਸਿਆ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਤਕਨਾਲੋਜੀ ਸਿੱਖਿਆ ਦੇ ਖੇਤਰ ਵੱਡਾ ਬਦਲਾਅ ਲਿਆਂਦਾ ਹੈ। ਜਿਸ ਨਾਲ ਅਧਿਆਪਕਾਂ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਗਈ ਹੈ। ਸਮਾਗਮ ਦੌਰਾਨ ਸਕੂਲ ਅਧਿਆਪਕਾਂ ਨਰਿੰਦਰਪਾਲ ਸਿੰਘ, ਰੂਬੀ ਭੰਡਾਰੀ, ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪ੍ਰਭਦੀਪ ਕੌਰ ਅਤੇ ਗੁਰਪ੍ਰੀਤ ਕੌਰ ਨੇ ਭਾਸ਼ਣ, ਗੀਤ ਅਤੇ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਦਵਿੰਦਰ ਸਿੰਘ ਢਿੱਲੋਂ ਮੈਂਬਰ ਟਰੱਸਟ, ਰਮਨ ਕੁਮਾਰ ਵਾਈਸ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।