ਸੇਵਾ ਕੇਂਦਰ ਔੜ ’ਚ ਵਾਸ਼ਰੂਮ ਦੀ ਭੰਨਤੋੜ ਕਰ ਕੇ ਟੂਟੀਆਂ ਚੋਰੀ ਸੇਵਾ ਕੇਂਦਰ ਔੜ ਵਿਖੇ ਵਾਸ਼ਰੂਮ ਦੀ ਭੰਨ ਤੋੜ ਕਰਕੇ ਟੂਟੀਆਂ ਚੋਰੀ
Publish Date: Sun, 16 Aug 2026 05:42 PM (IST)
Updated Date: Sun, 16 Aug 2026 05:44 PM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ ਔੜ : ਕਸਬਾ ਔੜ ਵਿਖੇ ਸੇਵਾ ਕੇਂਦਰ ਦੇ ਨਾਲ ਬਣੇ ਵਾਸ਼ਰੂਮ ਦੀ ਅਣਪਛਆਤਿਆਂ ਵੱਲੋਂ ਭੰਨਤੋੜ ਕਰ ਕੇ ਉਸ ਵਿੱਚੋਂ ਟੂਟੀਆਂ ਚੋਰੀ ਕਰ ਲਈਆਂ ਹਨ। ਕੰਪਿਊਟਰ ਆਪ੍ਰੇਟਰ ਮਨਦੀਪ ਕੁਮਾਰ ਅਤੇ ਹਰਸ਼ਦੀਪ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸੇਵਾ ਕੇਂਦਰ ਅਤੇ ਵਾਸ਼ਰੂਮ ਨੂੰ ਜਿੰਦੇ ਲਗਾ ਕੇ ਸ਼ਾਮ ਨੂੰ ਆਪਣੀ ਡਿਊਟੀ ਖਤਮ ਕਰ ਕੇ ਘਰਾਂ ਨੂੰ ਗਏ ਸਨ ਅਤੇ ਜਦੋਂ ਉਨ੍ਹਾਂ ਨੇ ਸਵੇਰੇ ਡਿਊਟੀ ’ਤੇ ਆਉਣ ਉਪਰੰਤ ਦੇਖਿਆ ਤਾਂ ਵਾਸ਼ਰੂਮ ਦਾ ਜਿੰਦਾ ਤੋੜ ਕੇ ਚੋਰੀ ਕਰਨ ਉਪਰੰਤ ਉਸੇ ਤਰ੍ਹਾਂ ਜਿੰਦਾ ਦਰਵਾਜ਼ੇ ਦੇ ਕੁੰਡੇ ਵਿਚ ਲਗਾਇਆ ਹੋਇਆ ਸੀ, ਜਿਸ ਨੂੰ ਜਦੋਂ ਥੋੜ੍ਹਾ ਹਿਲਾਉਣ ਨਾਲ ਹੀ ਖੁੱਲ੍ਹ ਗਿਆ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਵਾਸ਼ਰੂਮ ਵਿੱਚੋਂ ਸਾਰੀਆਂ ਟੂਟੀਆਂ ਗਾਇਬ ਸਨ ਅਤੇ ਇੱਕ ਵਾਸ਼ਬੇਸਨ ਵੀ ਤੋੜਿਆ। ਜੋ ਇੰਝ ਲੱਗਦਾ ਹੈ ਕਿ ਚੋਰਾਂ ਵੱਲੋਂ ਟੂਟੀ ਨੂੰ ਜ਼ਬਰਦਸਤੀ ਖੋਲ੍ਹਦੇ ਸਮੇਂ ਟੁੱਟਿਆ ਹੋਵੇ। ਇਹ ਛੋਟੀਆਂ ਮੋਟੀਆਂ ਚੋਰੀਆਂ ਨਸ਼ੇੜੀ ਨੌਜਵਾਨ ਕਰ ਰਹੇ ਹਨ। ਜਿਨ੍ਹਾਂ ਨੂੰ ਗੰਭੀਰਤਾ ਨਾਲ ਨੱਥ ਪਾਉਣੀ ਚਾਹੀਦੀ ਹੈ। ਕਿਉਂਕਿ ਅੱਜ ਇਨ੍ਹਾਂ ਤੋਂ ਕੋਈ ਵੀ ਚੀਜ਼ ਸੁਰੱਖਿਅਤ ਨਹੀਂ ਹੈ। ਇੱਥੋਂ ਤੱਕ ਕਿ ਇਹ ਨੌਜਵਾਨ ਆਪਣੇ ਘਰ ਦੀਆਂ ਚੀਜ਼ਾਂ ਵੀ ਆਪਣੇ ਪਰਿਵਾਰਕ ਮੈਂਬਰਾਂ ਤੋਂ ਚੋਰੀ ਚੁੱਕ ਕੇ ਵੇਚ ਰਹੇ ਹਨ। ਇਸ ਘਟਨਾ ਦੀ ਸੂਚਨਾ ਪੁਲਿਸ ਥਾਣਾ ਔੜ ਨੂੰ ਦੇ ਦਿੱਤੀ ਹੈ ਅਤੇ ਪੁਲਿਸ ਵੱਲੋਂ ਅਣਪਛਾਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।