ਸਿੱਖ ਨੈਸ਼ਨਲ ਕਾਲਜ ’ਚ ਸਵੱਛਤਾ ਮੁਹਿੰਮ-2026 ਕਰਵਾਈ ਸਿੱਖ ਨੈਸ਼ਨਲ ਕਾਲਜ ਵਿਖੇ ਸਵੱਛਤਾ ਅਭਿਆਨ-2026 ਦਾ ਆਯੋਜਨ
Publish Date: Tue, 06 Oct 2026 04:40 PM (IST)
Updated Date: Tue, 06 Oct 2026 04:41 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪ੍ਰਿੰ. ਡਾ. ਇੰਦੂ ਰੱਤੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੱਛਤਾ ਮੁਹਿੰਮ-2026 ਕਰਵਾਈ। ਇਹ ਮੁਹਿੰਮ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਵਿਭਾਗਾਂ ਵੱਲੋਂ ਚਲਾਈ ਗਈ। ਪ੍ਰਿੰ. ਡਾ. ਇੰਦੂ ਰੱਤੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਵੱਛਤਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਵਾਤਾਵਰਣ ਸਿਹਤਮੰਦ ਜੀਵਨ ਦੇ ਨਾਲ-ਨਾਲ ਸਮਾਜਿਕ ਜ਼ਿੰਮੇਵਾਰੀ ਅਤੇ ਚੰਗੇ ਨਾਗਰਿਕ ਹੋਣ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣ ਅਤੇ ਹੋਰਨਾਂ ਨੂੰ ਵੀ ਸਵੱਛਤਾ ਪ੍ਰਤੀ ਜਾਗਰੂਕ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਸਵੱਛਤਾ ਸਿਰਫ਼ ਕਿਸੇ ਇੱਕ ਦਿਨ ਜਾਂ ਅਭਿਆਨ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ, ਸਗੋਂ ਇਸ ਨੂੰ ਰੋਜ਼ਾਨਾ ਜੀਵਨ ਦੀ ਆਦਤ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ, ਰੁੱਖ ਲਗਾਉਣ ਅਤੇ ਵਾਤਾਵਰਨ ਦੀ ਰੱਖਿਆ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਵੀ ਅਪੀਲ ਕੀਤੀ। ਅਭਿਆਨ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਸਫ਼ਾਈ ਨਾਲ ਜੁੜੇ ਵੱਖ-ਵੱਖ ਨਾਅਰੇ ਲਗਾ ਕੇ ਕਾਲਜ ਭਾਈਚਾਰੇ ਨੂੰ ਜਾਗਰੂਕ ਕੀਤਾ। ਅਧਿਆਪਕਾਂ ਨੇ ਵੀ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦਿਆਂ ਉਨ੍ਹਾਂ ਨੂੰ ਸਫ਼ਾਈ ਦੇ ਵਿਗਿਆਨਕ ਅਤੇ ਸਿਹਤ ਸੰਬੰਧੀ ਪੱਖਾਂ ਬਾਰੇ ਜਾਣਕਾਰੀ ਦਿੱਤੀ। ਕਾਲਜ ਕੈਂਪਸ ਨੂੰ ਸਾਫ਼ ਰੱਖਣ ਲਈ ਨਿਯਮਿਤ ਤੌਰ ਤੇ ਸਫ਼ਾਈ ਗਤੀਵਿਧੀਆਂ ਕਰਵਾਉਣ ਅਤੇ ਵਿਦਿਆਰਥੀਆਂ ਦੀ ਭਾਗੀਦਾਰੀ ਯਕੀਨੀ ਬਣਾਉਣ ਤੇ ਵੀ ਜ਼ੋਰ ਦਿੱਤਾ ਗਿਆ। ਇਸ ਅਭਿਆਨ ਦਾ ਉਦੇਸ਼ ਵਿਦਿਆਰਥੀਆਂ ਵਿਚ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਸਵੱਛ, ਸਿਹਤਮੰਦ ਤੇ ਸੁੰਦਰ ਵਾਤਾਵਰਨ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਾ ਸੀ। ਵਿਦਿਆਰਥੀਆਂ ਨੇ ਸਵੱਛਤਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੰਕਲਪ ਵੀ ਲਿਆ।