ਰਾਊਂਡ ਗਲਾਸ ਫਾਊਂਡੇਸ਼ਨ ਦੀ ਟੀਮ ਵੱਲੋਂ ਸਰਵੇ ਰਾਊਂਡ ਗਲਾਸ ਫਾਊਂਡੇਸ਼ਨ ਦੀ ਟੀਮ ਵੱਲੋਂ ਸਰਵੇ
Publish Date: Thu, 17 Sep 2026 05:43 PM (IST)
Updated Date: Thu, 17 Sep 2026 05:44 PM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਕਸਬਾ ਕਾਠਗੜ੍ਹ ’ਚ ਲਗਭਗ 3 ਕੁ ਸਾਲ ਪਹਿਲਾਂ ਸੋਲਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਰਾਊਂਡ ਗਲਾਸ ਫਾਊਂਡੇਸ਼ਨ ਮੋਹਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਲਗਾਇਆ। ਇਸ ਲਈ ਪਿੰਡ ਦੀ ਪੰਚਾਇਤ ਵੱਲੋਂ ਜ਼ਮੀਨ ਦਿੱਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਲਗਾਇਆ ਗਿਆ। ਜਿਸ ਦਾ ਉਦਘਾਟਨ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਕਰ ਕੇ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਗਿਆ ਸੀ। ਉਸ ਸਮੇਂ ਰਾਊਂਡ ਗਲਾਸ ਫਾਊਂਡੇਸ਼ਨ ਮੋਹਾਲੀ ਦੇ ਅਧਿਕਾਰੀ ਵੀ ਸ਼ਾਮਲ ਸਨ। ਜਿਨ੍ਹਾਂ ਨੇ ਪਿੰਡ ਵਾਸੀਆਂ ਨੂੰ ਇਸ ਪ੍ਰੋਜੈਕਟ ਦੇ ਕੀ ਫਾਇਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਸੀ। ਪਰ ਇਸ ਪ੍ਰੋਜੈਕਟ ਨੂੰ ਕਾਮਯਾਬ ਕਰਨ ਲਈ ਪਿੰਡ ਵਾਸੀਆਂ ਵੱਲੋਂ ਪੂਰਾ ਸਹਿਯੋਗ ਨਹੀਂ ਮਿਲਿਆ। ਜਿਸ ਕਰ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਆਪਣੇ ਮੁਲਾਜ਼ਮ ਭੇਜ ਕੇ ਘਰ-ਘਰ ਜਾ ਕੇ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ। ਮੁਲਾਜ਼ਮਾਂ ਨੇ ਪਿੰਡ ਵਾਸੀਆਂ ਨੂੰ ਘਰ-ਘਰ ਜਾ ਕੇ ਜਾਣਕਾਰੀ ਦਿੱਤੀ ਕਿ ਇਸ ਪਲਾਂਟ ਵਿਚ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਸੁੱਟਣ ਨਾਲ ਇਸ ਕੂੜੇ ਵਿਚੋਂ ਖੇਤਾਂ ਵਿਚ ਵਰਤਣ ਵਾਲੀ ਖਾਦ ਵੀ ਤਿਆਰ ਹੋ ਸਕਦੀ ਹੈ ਅਤੇ ਪਿੰਡ ਵਿਚ ਕਿਸੇ ਕਿਸਮ ਦੀ ਭਿਆਨਕ ਬਿਮਾਰੀ ਫੈਲਣ ਤੋਂ ਵੀ ਬਚਾਅ ਹੋ ਸਕਦਾ ਹੈ। ਜਿਹੜੇ ਲੋਕ ਪਿੰਡ ਦੀ ਅਬਾਦੀ ਦੇ ਨਜ਼ਦੀਕ ਹੀ ਘਰਾਂ ਦਾ ਕੂੜਾ ਕਿਸੇ ਪੌਲੀਥੀਨ ਲਿਫਾਫੇ ਵਿਚ ਪਾ ਕੇ ਸੁੱਟ ਦਿੰਦੇ ਹਨ। ਉਹ ਕੂੜਾ ਪਿੰਡ ਵਾਸੀਆਂ ਨੂੰ ਕਿਸੇ ਭਿਆਨਕ ਬਿਮਾਰੀ ਦੀ ਲਪੇਟ ਵਿਚ ਲੈ ਸਕਦਾ ਹੈ ਅਤੇ ਅਵਾਰਾ ਪਸ਼ੂ ਇਸ ਕੂੜੇ ਨੂੰ ਖਾ ਕੇ ਅਕਸਰ ਮਰ ਵੀ ਜਾਂਦੇ ਹਨ। ਇਸ ਲਈ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡ ਦੀ ਪੰਚਾਇਤ ਵੱਲੋਂ ਜਿਸ ਵਿਅਕਤੀ ਨੂੰ ਘਰਾਂ ਵਿਚ ਜਾ ਕੇ ਕੂੜਾ ਚੁੱਕਣ ਲਈ ਲਗਾਇਆ ਗਿਆ ਹੈ। ਉਸੇ ਹੀ ਵਿਅਕਤੀ ਨੂੰ ਘਰਾਂ ਦਾ ਕੂੜਾ ਚੁੱਕਣ ਲਈ ਸਹਿਯੋਗ ਦਿੱਤਾ ਜਾਵੇ ਤਾਂ ਜੋ ਪਿੰਡ ਦਾ ਵਾਤਾਵਰਣ ਸ਼ੁੱਧ ਰਹੇ ਅਤੇ ਇਹ ਪ੍ਰੋਜੈਕਟ ਕਾਮਯਾਬ ਹੋਵੇ। ਇਸ ਮੌਕੇ ਜ਼ਿਲ੍ਹੇ ਦੇ (ਬੀਸੀਐੱਮ) ਬਲਾਕ ਚੇਂਜਰ ਮੇਕਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਨਵਾਂਸ਼ਹਿਰ ਵਿਚ ਇਸ ਕਿਸਮ ਦੇ ਲਗਭਗ 15 ਪ੍ਰੋਜੈਕਟ ਚਲ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਕਾਮਯਾਬ ਹਨ। ਇਸ ਲਈ ਜਿਹੜੇ ਪ੍ਰੋਜੈਕਟ ਕਾਮਯਾਬ ਨਹੀਂ ਹੋ ਸਕੇ। ਉਨ੍ਹਾਂ ਨੂੰ ਕਾਮਯਾਬ ਕਰਨ ਲਈ ਸਾਡੀ ਫਾਊਂਡੇਸ਼ਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਰਾਊਂਡ ਗਲਾਸ ਫਾਊਂਡੇਸ਼ਨ ਮੋਹਾਲੀ ਦੇ ਮੁਲਾਜ਼ਮ ਐਸੋਸੀਏਟ ਮੈਨੇਜਰ ਤਵਪ੍ਰੀਤ ਸਿੰਘ, ਬੀਸੀਐੱਮ ਜਸਵਿੰਦਰ ਸਿੰਘ ਅਤੇ ਅਰੁਣ ਕੁਮਾਰ ਸੀਐੱਮ ਨੇ ਪਿੰਡ ਵਾਸੀਆਂ ਨੂੰ ਘਰ-ਘਰ ਜਾ ਕੇ ਜਾਗਰੂਕ ਕੀਤਾ।