ਯੁੱਧ ਨਸ਼ਿਆਂ ਵਿਰੁੱਧ' ਤਹਿਤ ਬੰਗਾ ਦੇ 6 ਮੈਡੀਕਲ ਸਟੋਰਾਂ ’ਤੇ ਅਚਨਚੇਤ ਛਾਪੇ ਯੁੱਧ ਨਸ਼ਿਆਂ ਵਿਰੁੱਧ' ਤਹਿਤ ਬੰਗਾ ਦੇ 6 ਮੈਡੀਕਲ ਸਟੋਰਾਂ 'ਤੇ ਅਚਨਚੇਤ ਛਾਪੇ
Publish Date: Sat, 31 Oct 2026 04:48 PM (IST)
Updated Date: Sat, 31 Oct 2026 04:50 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (ਡਰੱਗਜ਼ ਵਿੰਗ), ਸ਼ਹੀਦ ਭਗਤ ਸਿੰਘ ਨਗਰ ਵੱਲੋਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਦੁਰਵਰਤੋਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅਤੇ ਐੱਸਐੱਸਪੀ ਤੁਸ਼ਾਰ ਗੁਪਤਾ ਦੀਆਂ ਹਦਾਇਤਾਂ ਅਨੁਸਾਰ ਲੰਘੇ ਕੱਲ੍ਹ ਡਰੱਗ ਕੰਟਰੋਲ ਅਫ਼ਸਰ ਗੁਰਜੀਤ ਸਿੰਘ ਰਾਣਾ ਨੇ ਪੁਲਿਸ ਟੀਮ ਦੇ ਨਾਲ ਮਿਲ ਕੇ ਬੰਗਾ ਵਿਖੇ 6 ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ। ਜਾਂਚ ਦੌਰਾਨ ਮੁਕੰਦਪੁਰ ਰੋਡ, ਬੰਗਾ ਸਥਿਤ ਇਕ ਮੈਡੀਕਲ ਸਟੋਰ ਵੱਲੋਂ ਦਵਾਈਆਂ ਦੀ ਖ਼ਰੀਦ ਅਤੇ ਵਿਕਰੀ ਸੰਬੰਧੀ ਲੋੜੀਂਦਾ ਰਿਕਾਰਡ ਪੇਸ਼ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਸਟੋਰ ਤੋਂ ਦੋ ਕਿਸਮ ਦੀਆਂ ਦਵਾਈਆਂ, ਜਿਨ੍ਹਾਂ ਵਿਚ ਸਪਾਸਮੋਨਿਲ ਵੀ ਸ਼ਾਮਲ ਹੈ, ਜ਼ਬਤ ਕਰ ਲਈਆਂ ਗਈਆਂ। ਬਾਕੀ ਸਟੋਰਾਂ ਦੀ ਵੀ ਲਾਇਸੰਸ ਸ਼ਰਤਾਂ ਅਤੇ ਰਿਕਾਰਡ ਦੇ ਸੰਬੰਧ ਵਿਚ ਜਾਂਚ ਕੀਤੀ ਗਈ। ਡਰੱਗ ਕੰਟਰੋਲ ਅਫ਼ਸਰ ਨੇ ਸਪੱਸ਼ਟ ਕੀਤਾ ਕਿ ਦਵਾਈਆਂ ਦੀ ਵਿਕਰੀ ਵਿਚ ਨਿਯਮਾਂ ਦੀ ਉਲੰਘਣਾ, ਬਿਨਾ ਲੋੜੀਂਦੇ ਰਿਕਾਰਡ ਤੋਂ ਦਵਾਈਆਂ ਦੀ ਖ਼ਰੀਦ-ਵੇਚ ਅਤੇ ਦਵਾਈਆਂ ਦੀ ਨਸ਼ਿਆਂ ਵਜੋਂ ਦੁਰਵਰਤੋਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਥਿਤ ਮੁਲਜ਼ਮ ਪਾਏ ਜਾਣ ਵਾਲੇ ਕੈਮਿਸਟਾਂ ਵਿਰੁੱਧ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਧੀਨ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮੂਹ ਕੈਮਿਸਟਾਂ ਨੂੰ ਹਦਾਇਤ ਕੀਤੀ ਕਿ ਉਹ ਦਵਾਈਆਂ ਦੀ ਖ਼ਰੀਦ ਅਤੇ ਵਿਕਰੀ ਦਾ ਪੂਰਾ ਰਿਕਾਰਡ ਸੰਭਾਲ ਕੇ ਰੱਖਣ, ਲਾਇਸੰਸ ਦੀਆਂ ਸ਼ਰਤਾਂ ਅਤੇ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਕਿਸੇ ਵੀ ਸ਼ੱਕੀ ਜਾਂ ਗੈਰ-ਕਾਨੂੰਨੀ ਗਤੀਵਿਧੀ ਤੋਂ ਦੂਰ ਰਹਿਣ। ਸਿਹਤ ਵਿਭਾਗ, ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ (ਡਰੱਗਜ਼ ਵਿੰਗ) ਅਤੇ ਪੁਲਿਸ ਦੀਆਂ ਸਾਂਝੀਆਂ ਜਾਂਚਾਂ ਦਾ ਮਕਸਦ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਅਤੇ ਨਸ਼ਿਆਂ ਵਜੋਂ ਦੁਰਵਰਤੋਂ ਤੇ ਰੋਕ ਲਗਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ ਵਿਚ ਕਿਸੇ ਮੈਡੀਕਲ ਸਟੋਰ ਵੱਲੋਂ ਬਿਨਾ ਪਰਚੀ ਦੇ ਪਾਬੰਦੀਸ਼ੁਦਾ ਦਵਾਈਆਂ ਵੇਚਣ ਦਾ ਮਾਮਲਾ ਆਵੇ ਤਾਂ ਤੁਰੰਤ ਸੰਬੰਧਤ ਵਿਭਾਗ ਜਾਂ ਪੁਲਿਸ ਨੂੰ ਸੂਚਿਤ ਕਰਨ। ਇਸ ਸਬੰਧੀ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਪੁਲਿਸ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਦਵਾਈਆਂ ਦੀ ਆੜ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਡਰੱਗਜ਼ ਵਿੰਗ ਦੇ ਸਹਿਯੋਗ ਨਾਲ ਅਜਿਹੀਆਂ ਜਾਂਚਾਂ ਭਵਿੱਖ ਵਿਚ ਵੀ ਲਗਾਤਾਰ ਜਾਰੀ ਰੱਖੀਆਂ ਜਾਣਗੀਆਂ।