ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਾਨਕ ਚੈਕਿੰਗ ਨਵਾਂਸ਼ਹਿਰ ਵਿਚ ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਕੀਤੀ ਅਚਨਚੇਤ ਚੈਕਿੰਗ
Publish Date: Fri, 09 Oct 2026 05:56 PM (IST)
Updated Date: Fri, 09 Oct 2026 05:59 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕੰਨਿਆ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਠੱਲ੍ਹ ਪਾਉਣ ਅਤੇ ਪੀਸੀਪੀਐੱਨਡੀਟੀ ਐਕਟ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅੰਦਰ ਲਗਾਤਾਰ ਨਿਗਰਾਨੀ ਅਤੇ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਸਿਵਲ ਸਰਜਨ ਡਾ. ਅਮਨ ਸੂਦ ਵੱਲੋਂ ਵੀਰਵਾਰ ਨੂੰ ਨਵਾਂਸ਼ਹਿਰ ਵਿਚ ਵੱਖ-ਵੱਖ ਨਿੱਜੀ ਅਲਟਰਾਸਾਊਂਡ ਸਕੈਨ ਸੈਂਟਰਾਂ ਦੀ ਅਚਾਨਕ ਚੈਕਿੰਗ ਕੀਤੀ। ਇਸ ਦੌਰਾਨ ਸੈਂਟਰਾਂ ਦੇ ਰਿਕਾਰਡ ਅਤੇ ਪੀਸੀਪੀਐੱਨਡੀਟੀ ਐਕਟ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਕੀਤੀ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹਰੀਸ਼ ਕਿਰਪਾਲ ਤੇ ਕਾਰਜਕਾਰੀ ਪੀਐੱਨਡੀਟੀ ਕੋਆਰਡੀਨੇਟਰ ਹਰਨੇਕ ਸਿੰਘ ਵੀ ਮੌਜੂਦ ਰਹੇ। ਸਿਵਲ ਸਰਜਨ ਡਾ. ਅਮਨ ਸੂਦ ਨੇ ਕਿਹਾ ਕਿ ਪੀਸੀਪੀਐੱਨਡੀਟੀ ਐਕਟ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਰਭ ਅਵਸਥਾ ਦੌਰਾਨ ਭਰੂਣ ਦੇ ਲਿੰਗ ਦੀ ਜਾਂਚ ਕਰਨਾ ਜਾਂ ਕਰਵਾਉਣਾ ਕਾਨੂੰਨਨ ਅਪਰਾਧ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਡੀਕਲ ਤਕਨੀਕ ਦੀ ਵਰਤੋਂ ਸਿਹਤ ਸੇਵਾਵਾਂ ਲਈ ਹੋਣੀ ਚਾਹੀਦੀ ਹੈ, ਨਾ ਕਿ ਭਰੂਣ ਦੇ ਲਿੰਗ ਦੀ ਪਛਾਣ ਲਈ ਅਲਟਰਾਸਾਊਂਡ ਸੈਂਟਰਾਂ ਦੇ ਸੰਚਾਲਕਾਂ ਨੂੰ ਪੀਸੀਪੀਐੱਨਡੀਟੀ ਐਕਟ ਦੀਆਂ ਸਾਰੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ਤੇ ਕਿਸੇ ਵੀ ਪੱਧਰ ’ਤੇ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਾ. ਅਮਨ ਸੂਦ ਨੇ ਕਿਹਾ ਕਿ ਕੰਨਿਆ ਭਰੂਣ ਹੱਤਿਆ ਮਨੁੱਖਤਾ ’ਤੇ ਕਾਲਾ ਦਾਗ ਹੈ ਅਤੇ ਇਸ ਨੂੰ ਖ਼ਤਮ ਕਰਨ ਲਈ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਸਮਾਜ ਦੀ ਸੋਚ ਵਿੱਚ ਬਦਲਾਅ ਲਿਆਉਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਧੀਆਂ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਉਨ੍ਹਾਂ ਨੂੰ ਜਨਮ ਤੋਂ ਪਹਿਲਾਂ ਹੀ ਖ਼ਤਮ ਕਰਨਾ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਮਨੁੱਖੀ ਅਤੇ ਸਮਾਜਿਕ ਕਦਰਾਂ-ਕੀਮਤਾਂ ਦੇ ਵੀ ਵਿਰੁੱਧ ਹੈ। ਸਿਵਲ ਸਰਜਨ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਪੀਸੀਪੀਐਨਡੀਟੀ ਐਕਟ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅਲਟਰਾਸਾਊਂਡ ਸੈਂਟਰਾਂ ਦੀ ਨਿਯਮਤ ਅਤੇ ਅਚਨਚੇਤ ਚੈਕਿੰਗ ਜਾਰੀ ਰਹੇਗੀ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲਿੰਗ ਜਾਂਚ ਜਾਂ ਕੰਨਿਆ ਭਰੂਣ ਹੱਤਿਆ ਨਾਲ ਸਬੰਧਤ ਕਿਸੇ ਵੀ ਗੈਰ-ਕਾਨੂੰਨੀ ਸਰਗਰਮੀ ਦੀ ਜਾਣਕਾਰੀ ਸਿਹਤ ਵਿਭਾਗ ਦੇ ਧਿਆਨ ਵਿਚ ਲਿਆਂਦੀ ਜਾਵੇ, ਤਾਂ ਜੋ ਅਜਿਹੀਆਂ ਗਤੀਵਿਧੀਆਂ ਵਿਰੁੱਧ ਕਾਨੂੰਨ ਅਨੁਸਾਰ ਤੁਰੰਤ ਕਾਰਵਾਈ ਕੀਤੀ ਜਾ ਸਕੇ।