- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੇਲਣਿਆਂ 'ਤੇ ਗੁੜ ਦੀ ਗੁਣਵੱਤਾ ਦੀ ਕੀਤੀ ਅਚਨਚੇਤ ਚੈਕਿੰਗ

ਨਰਿੰਦਰ ਮਾਹੀ, ਪੰਜਾਬੀ ਜਾਗਰਣ
ਬੰਗਾ : ਬੰਗਾ-ਫਗਵਾੜਾ ਮੁੱਖ ਮਾਰਗ 'ਤੇ ਪ੍ਰਵਾਸੀ ਕਾਮਿਆਂ ਵੱਲੋਂ ਲਗਾਈਆਂ ਗੁੜ ਦੀਆਂ ਘੁਲਾੜੀਆਂ ਵਿਚ ਤਿਆਰ ਕੀਤੇ ਜਾ ਰਹੇ ਗੁੜ ਅਤੇ ਵਰਤੇ ਜਾ ਰਹੇ ਗੰਨੇ ਦੀ ਗੁਣਵੱਤਾ ਦੀ ਜਾਂਚ ਲਈ ਗੰਨਾ ਕਮਿਸ਼ਨਰ ਪੰਜਾਬ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਡਾ. ਅਮਰੀਕ ਸਿੰਘ ਗੰਨਾ ਕਮਿਸ਼ਨਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਗੰਨਾ ਵਿਕਾਸ ਅਫਸਰ ਅਤੇ ਬਲਾਕ ਖੇਤੀਬਾੜੀ ਅਫਸਰ ਬੰਗਾ ਦੀ ਸਾਂਝੀ ਟੀਮ ਵੱਲੋਂ ਅਚਾਨਕ ਜਾਂਚ ਕੀਤੀ। ਇਸ ਸਾਂਝੀ ਟੀਮ ਵਿਚ ਡਾ. ਲਛਮਣ ਦਾਸ ਖੇਤੀਬਾੜੀ ਅਫਸਰ ਬਲਾਕ ਬੰਗਾ, ਡਾ. ਅਸ਼ਵਿੰਦਰ ਕੁਮਾਰ ਸਹਾਇਕ ਗੰਨਾ ਵਿਕਾਸ ਅਫਸਰ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ ਅਤੇ ਸੰਦੀਪ ਕੁਮਾਰ ਸਹਾਇਕ ਟੈਕਨੋਲੌਜੀ ਮੈਨੇਜਰ ਸ਼ਾਮਲ ਸਨ।
ਮਿਆਰੀ ਗੁੜ ਤਿਆਰ ਕਰਨ ਲਈ ਗੰਨੇ ਦੀ ਗੁਣਵੱਤਾ ਬਾਰੇ ਜਾਣਕਾਰੀ ਦਿੰਦਿਆਂ ਡਾ. ਅਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਅਗੇਤੀ ਜਾਂ ਅਣਪੱਕੇ ਗੰਨੇ ਨੂੰ ਗੁੜ ਬਣਾਉਣ ਲਈ ਸਮੇਂ ਤੋਂ ਪਹਿਲਾਂ ਪੀੜਨ ਨਾਲ ਗੰਨੇ ਵਿਚ ਬਣਨ ਵਾਲੀ ਸ਼ੱਕਰ ਦੀ ਪੂਰੀ ਮਾਤਰਾ ਪ੍ਰਾਪਤ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਕੁਝ ਪ੍ਰਵਾਸੀ ਕਾਮਿਆਂ ਵੱਲੋਂ ਗੁੜ ਤਿਆਰ ਕੀਤਾ ਜਾ ਰਿਹਾ ਹੈ, ਜਿਸ ਲਈ ਅਣਪੱਕਾ ਗੰਨਾ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਣਵੱਤਾ ਭਰਪੂਰ ਗੁੜ ਬਣਾਉਣ ਲਈ ਗੰਨੇ ਦੇ ਰਸ ਵਿਚ ਕੁੱਲ ਘੁਲਣਸ਼ੀਲ ਠੋਸ ਪਦਾਰਥਾਂ ਦੀ ਮਾਤਰਾ 20-22 ਫ਼ੀਸਦੀ ਦੇ ਕਰੀਬ ਹੋਣੀ ਚਾਹੀਦੀ ਹੈ। ਜਦਕਿ ਰੀਫਰੈਕਟੋਮੀਟਰ ਨਾਲ ਜਾਂਚ ਕਰਨ 'ਤੇ ਇਸ ਸਮੇਂ ਗੰਨੇ ਦੇ ਰਸ ਵਿੱਚ ਕੁੱਲ ਘੁਲਣਸ਼ੀਲ ਠੋਸ ਪਦਾਰਥਾਂ ਦੀ ਮਾਤਰਾ 10-12 ਫ਼ੀਸਦੀ ਹੀ ਪਾਈ ਜਾ ਰਹੀ ਹੈ। ਇਸ ਕਾਰਨ ਉੱਚ ਗੁਣਵੱਤਾ ਵਾਲਾ ਗੁੜ ਤਿਆਰ ਕਰਨਾ ਸੰਭਵ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਗੁੜ ਵਿੱਚ ਮਿਠਾਸ ਵਧਾਉਣ ਲਈ ਖ਼ਰਾਬ ਅਤੇ ਸਸਤੀ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਖਪਤਕਾਰਾਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਖੰਡ ਦੇ ਮੁਕਾਬਲੇ ਗੁੜ ਵਿਚ ਸੁਕਰੋਜ਼ ਤੋਂ ਇਲਾਵਾ ਪ੍ਰੋਟੀਨ, ਆਇਰਨ, ਕੈਲਸ਼ੀਅਮ, ਫਾਸਫੋਰਸ ਅਤੇ ਹੋਰ ਖਣਿਜ ਪਦਾਰਥ ਵੀ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਲਾਭਦਾਇਕ ਮੰਨੇ ਜਾਂਦੇ ਹਨ। ਖਪਤਕਾਰਾਂ ਅਪੀਲ ਕੀਤੀ ਕਿ ਚੰਗੀ ਸਿਹਤ ਲਈ ਮਿਆਰੀ ਗੁੜ ਕਿਸੇ ਭਰੋਸੇਮੰਦ ਸਰੋਤ ਤੋਂ ਹੀ ਖਰੀਦਿਆ ਜਾਵੇ। ਉਨ੍ਹਾਂ ਨੇ ਸਮੂਹ ਬੇਲਣਾ ਮਾਲਕਾਂ ਸਖ਼ਤ ਹਦਾਇਤ ਕੀਤੀ ਕਿ 15 ਅਕਤੂਬਰ ਤੋਂ ਪਹਿਲਾਂ ਕੋਈ ਵੀ ਘੁਲਹਾੜੀ ਨਾ ਚਲਾਈ ਜਾਵੇ।
ਗੁੜ ਦੀ ਗੁਣਵੱਤਾ ਸਬੰਧੀ ਗੱਲਬਾਤ ਕਰਦਿਆਂ ਡਾ. ਲਛਮਣ ਦਾਸ ਨੇ ਦੱਸਿਆ ਕਿ ਆਮ ਤੌਰ ’ਤੇ ਕੁਝ ਥਾਵਾਂ ’ਤੇ ਤਿਆਰ ਕੀਤੇ ਜਾ ਰਹੇ ਗੁੜ ਨੂੰ ਸਾਫ਼ ਕਰਨ ਲਈ ਪਾਬੰਦੀਸ਼ੁਦਾ ਰਸਾਇਣਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਗੁੜ ਦੀ ਗੁਣਵੱਤਾ ਪ੍ਰਭਾਵਿਤ ਹੋਣ ਦੇ ਨਾਲ-ਨਾਲ ਇਹ ਖਪਤਕਾਰਾਂ ਦੀ ਸਿਹਤ ਲਈ ਵੀ ਨੁਕਸਾਨਦੇਹ ਹੋ ਸਕਦਾ ਹੈ। ਅਜਿਹੇ ਪਾਬੰਦੀਸ਼ੁਦਾ ਪਦਾਰਥ ਦੀ ਵਰਤੋਂ ਨਾ ਕੀਤੀ ਜਾਵੇ, ਜੋ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਗੁੜ ਤਿਆਰ ਕਰਨ ਵਾਲੇ ਕਾਮਿਆਂ ਦੀ ਸਿਹਤ ਅਤੇ ਸਾਫ਼ ਸਫਾਈ ਧਿਆਨ ਰੱਖਣਾ ਵੀ ਜ਼ਰੂਰੀ ਹੈ। ਉੁਨ੍ਹਾਂ ਗੰਨਾ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਗੰਨੇ ਦੀ ਪੂਰੀ ਪਕਾਈ ਤੋਂ ਬਾਅਦ ਹੀ ਕਟਾਈ ਕਰਕੇ ਖੰਡ ਮਿਲ ਜਾਂ ਗੁੜ ਲਈ ਲਿਆਂਦਾ ਜਾਵੇ।