- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਮਨ ਲਾਲ ਬਣੀ ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨ

- ਰਮਨ ਕੁਮਾਰ ਮਾਨ ਬਣੇ ਸੀਨੀਅਰ ਵਾਈਸ ਪ੍ਰਧਾਨ ਤੇ ਦਵਿੰਦਰ ਕੁਮਾਰ ਬਣੇ ਵਾਈਸ ਪ੍ਰਧਾਨ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨ, ਉਪ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਨੂੰ ਲੈ ਕੇ ਪਿਛਲੇ ਕੁੱਝ ਸਮੇਂ ਤੋਂ ਜਾਰੀ ਰੇੜਕਾ ਖਤਮ ਹੋ ਗਿਆ ਹੈ। ਨਗਰ ਕੌਂਸਲ ਦੇ 19 ਵਾਰਡਾਂ ਵਿਚੋਂ ਜਿੱਤੇ ਕਾਂਗਰਸ ਦੇ 8 ਕੌਂਸਲਰ, ‘ਆਪ’ ਦੇ 6, ਸ਼੍ਰੋਮਣੀ ਅਕਾਲੀ ਦਲ ਦੇ 2, ਬਸਪਾ ਦੀ 1 ਅਤੇ ਆਜ਼ਾਦ 2 ਕੌਂਸਲਰਾਂ ਸਮੇਤ ਨਵਾਂਸ਼ਹਿਰ ਦੇ ਵਿਧਾਇਕ ਨਛੱਤਰ ਪਾਲ ਬੀਡੀਪੀਓ ਦਫ਼ਤਰ ਵਿਖੇ ਇਕੱਠੇ ਹੋਏ। ਐੱਸਡੀਐਮ-ਕਮ-ਚੋਣ ਕਨਵੀਨਰ ਅਨਮਜਯੋਤ ਕੌਰ ਦੀ ਅਗਵਾਈ ’ਚ ਸਾਰੇ ਕੌਂਸਲਰਾਂ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਪ੍ਰਧਾਨਗੀ ਲਈ ਆਪਣੇ-ਆਪਣੇ ਪੱਖ ਦੀਆਂ ਦਾਅਵੇਦਾਰੀਆਂ ਪੇਸ਼ ਕੀਤੀਆਂ। ਇਸ ਮੌਕੇ ਕਾਂਗਰਸ ਦੇ 8 ਕੌਂਸਲਰਾਂ ਵੱਲੋਂ ਇਕ ਆਜ਼ਾਦ ਕੌਂਸਲਰ ਪਰਮਜੀਤ ਸਿੰਘ ਰਾਜਾ ਬਖਸ਼ੀ ਨੂੰ ਆਪਣੇ ਨਾਲ ਕਰਦੇ ਹੋਏ 9 ਕੌਂਸਲਰਾਂ ਵੱਲੋਂ ਕੌਂਸਲਰ ਵਰਿੰਦਰ ਚੋਪੜਾ ਦੀ ਦਾਅਵੇਦਾਰੀ ਪੇਸ਼ ਕੀਤੀ।
ਇਸੇ ਤਰ੍ਹਾਂ ‘ਆਪ’ ਵੱਲੋਂ 6 ਕੌਂਸਲਰਾਂ, ਇਕ ਬਸਪਾ ਅਤੇ ਇਕ ਆਜ਼ਾਦ ਕੌਂਸਲਰ ਅਤੇ ਨਵਾਂਸ਼ਹਿਰ ਦੇ ਵਿਧਾਇਕ ਵੱਲੋਂ ਕੌਂਸਲਰ ਸੁਮਨ ਲਾਲ ਦਾ ਨਾਂ ਪ੍ਰਧਾਨਗੀ ਵਜੋਂ ਪੇਸ਼ ਕੀਤਾ। ਜਦਕਿ ਇਸ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਪਰਮ ਸਿੰਘ ਖ਼ਾਲਸਾ ਅਤੇ ਮਹਿੰਦਰ ਕੌਰ ਖ਼ਾਲਸਾ ਵੱਲੋਂ ਨਾ ‘ਆਪ’ ਨੂੰ ਸਮਰਥਨ, ਨਾ ਕਾਂਗਰਸ ਨੂੰ ਸਮਰਥਨ ਦੇਣ ਦੇ ਆਪਣੇ ਪਾਰਟੀ ਦੇ ਸਟੈਂਡ ’ਤੇ ਖੜ੍ਹੇ ਹੁੰਦਿਆਂ ਕਿਸੇ ਨੂੰ ਵੀ ਸਮਰਥਨ ਨਾ ਦਿੱਤਾ। ਜਿਸ ਕਾਰਨ ਕਾਂਗਰਸ ਧੜੇ ਦੇ 9 ਅਤੇ ‘ਆਪ’ ਧੜੇ ਦੇ 9 ਵਿਚਾਲੇ ਟਾਈ ਹੋਣ ’ਤੇ ਦੋਵਾਂ ਧਿਰਾਂ ਵੱਲੋਂ ਪਾਈ ਪਰਚੀ ਵਿਚੋਂ ਪ੍ਰਧਾਨ ਦੀ ਪਰਚੀ ਦੀ ਚੋਣ ਕੀਤੀ ਗਈ। ਇਸ ਪਰਚੀ ਵਿਚ ਸੁਮਨ ਲਾਲ ਦਾ ਨਾਂ ਸਾਹਮਣੇ ਆਉਣ ’ਤੇ ਉਨ੍ਹਾਂ ਦੇ ਨਾਂ ਨੂੰ ਪ੍ਰਧਾਨ ਵਜੋਂ ਐਲਾਨਿਆ ਗਿਆ। ਜਿਸ ਉਪਰੰਤ ‘ਆਪ’, ਬਸਪਾ ਕੌਂਸਲਰਾਂ ਅਤੇ ਵਿਧਾਇਕ ਨਛੱਤਰ ਪਾਲ ਵੱਲੋਂ ਪ੍ਰਧਾਨ ਸੁਮਨ ਲਾਲ ਨੂੰ ਵਧਾਈ ਦਿੰਦੇ ਹੋਏ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਕਾਂਗਰਸ ਦੇ ਕੌਂਸਲਰ ਰਮਨ ਕੁਮਾਰ ਮਾਨ ਨੂੰ ਸੀਨੀਅਰ ਵਾਈਸ ਪ੍ਰਧਾਨ ਜਦਕਿ ‘ਆਪ’ ਦੇ ਕੌਂਸਲਰ ਦਵਿੰਦਰ ਕੁਮਾਰ ਨੂੰ ਵਾਈਸ ਪ੍ਰਧਾਨ ਵਜੋਂ ਚੁਣਿਆ ਗਿਆ। ਇਸ ਮੌਕੇ ‘ਆਪ’ ਦੇ ਬੰਗਾ ਤੋਂ ਵਿਧਾਇਕ ਡਾ. ਐੱਸਕੇ ਸੁੱਖੀ, ‘ਆਪ’ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ, ਸੰਜੀਵ ਚੌਧਰੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ, ਸੋਹਣ ਲਾਲ ਢੰਡਾ, ਸਮੇਤ ਹੋਰਨਾਂ ਆਗੂਆਂ, ਸਮਰਥਕਾਂ ਵੱਲੋਂ ਨਗਰ ਕੌਂਸਲ ਨਵਾਂਸ਼ਹਿਰ ’ਚ ‘ਆਪ’ ਦੀ ਪ੍ਰਧਾਨ ਨਿਯੁਕਤ ਹੋਣ ’ਤੇ ਖੁਸ਼ੀ ਦਾ ਇਜਹਾਰ ਕੀਤਾ। ਇਸ ਮੌਕੇ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਸ਼ਹੀਦੋਂ ਤੁਹਾਡੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਆਦਿ ਨਾਅਰੇ ਲਗਾ ਕੇ ਜਿੱਤ ਦੀ ਖੁਸ਼ੀ ਮਨਾਈ ਗਈ।
- ਪ੍ਰਧਾਨ ਸੁਮਨ ਲਾਲ ਨੇ ਕੀਤਾ ਕੌਂਸਲਰਾਂ ਅਤੇ ਲੋਕਾਂ ਦਾ ਧੰਨਵਾਦ
ਇਸ ਮੌਕੇ ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨ ਸੁਮਨ ਲਾਲ ਨੇ ਕਿਹਾ ਕਿ ਉਹ ਸਾਰੇ ਕੌਂਸਲਰਾਂ ਅਤੇ ਲੋਕਾਂ ਨੂੰ ਨਾਲ ਲੈ ਕੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਕਰਵਾਉਣ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਕਾਲੀ ਦਲ ਨੇ ਨਾਂ ਆਪ ਨੂੰ ਨਾ ਹੀ ਕਾਂਗਰਸ ਨੂੰ ਵੋਟ ਪਾਈ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਬੰਦ ਪਏ ਸੀਵਰੇਜ, ਖ਼ਸਤਾਹਾਲ ਸੜਕਾਂ ਸਮੇਤ ਹੋਰ ਸਾਰੇ ਕਾਰਜਾਂ ਨੂੰ ਲੋਕਾਂ ਦੀ ਸਲਾਹ ਮਸ਼ਵਰੇ ਨਾਲ ਮੁਕੰਮਲ ਕਰਵਾਇਆ ਜਾਵੇਗਾ। ਉਧਰ ਰਮਨ ਕੁਮਾਰ ਮਾਨ ਸੀਨੀਅਰ ਉਪ ਪ੍ਰਧਾਨ ਅਤੇ ਦਵਿੰਦਰ ਕੁਮਾਰ ਵਾਈਸ ਪ੍ਰਧਾਨ ਨੇ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਵੀ ਜਤਾਇਆ।
- ਸ਼੍ਰੋਮਣੀ ਅਕਾਲੀ ਦਲ ਦੇ ਦੋ ਕੌਂਸਲਰਾਂ ਨੇ ‘ਆਪ’ ਤੇ ਕਾਂਗਰਸ ਨੂੰ ਨਹੀਂ ਦਿੱਤਾ ਸਮਰਥਨ
ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਪਰਮ ਸਿੰਘ ਖ਼ਾਲਸਾ ਅਤੇ ਉਨ੍ਹਾਂ ਦੀ ਵੱਡੀ ਭਰਜਾਈ ਕੌਂਸਲਰ ਮਹਿੰਦਰ ਪਾਲ ਕੌਰ ਖ਼ਾਲਸਾ ਨੇ ਬੀਡੀਪੀਓ ਦਫ਼ਤਰ ਅੰਦਰ ਵੜਦਿਆਂ ਆਖ ਦਿੱਤਾ ਸੀ ਕਿ ਸਾਡਾ ਪੱਖ ਸਪੱਸ਼ਟ ਹੈ ਨਾ ਅਸੀਂ ਕਾਂਗਰਸ ਨੂੰ ਵੋਟ ਪਾਉਣੀ ਨਾ ‘ਆਪ’ ਨੂੰ। ਉਨ੍ਹਾਂ ਕਿਹਾ ਕਿ ਜਿਸ ਦੀ ਕਿਸਮਤ ਵਿਚ ਪ੍ਰਧਾਨ ਬਣਨਾ ਹੋਵੇਗਾ, ਉਹ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਚੁਣੇ ਗਏ ਪ੍ਰਧਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਵਾਂਸ਼ਹਿਰ ਦੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਕਿਸੇ ਵੀ ਪਾਰਟੀ ਦਾ ਬਣੇ ਉਹ ਸ਼ਹਿਰ ਦੀ ਬਿਹਤਰੀ ਲਈ ਸੋਚੇ ਇਹੇ ਉਨ੍ਹਾਂ ਦੀ ਕਾਮਨਾ ਹੈ। ਪਰਮ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ਼੍ਰੋਮਣ ਅਕਾਲੀ ਦਲ ਪਾਰਟੀ ਦਾ ਸਟੈਂਡ ਸਾਫ ਹੈ ਕਿ ਨਾਂ ਅਸੀਂ ਕਾਂਗਰਸ ਨੂੰ ਸਮਰਥਨ ਦੇਣਾ ਅਤੇ ਨਾ ਹੀ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣਾ ਹੈ। ਜਿਸ ਦੇ ਭਾਗਾਂ ’ਚ ਹੋਵੇਗਾ ਉੁਹ ਪ੍ਰਧਾਨ ਬਣ ਜਾਉਗਾ। ਇਸ ਨਾਲ ਨਵਾਂਸ਼ਹਿਰ ਦੀ ਤਾਣੀ ਹੋਰ ਉਲਝੂਗੀ ਇਸ ਬਾਰੇ ਪੁੱਛੇ ਸਵਾਲ ਤੇ ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਦੀ ਪ੍ਰਧਾਨਗੀ ’ਚ ਕੁੱਝ ਉਲਝਿਆ ਹੋਇਆ ਨਹੀਂ ਸਾਰਾ ਕੁੱਝ ਸੁਲਝਿਆ ਹੋਇਆ ਹੈ।
- ਸਾਬਕਾ ਵਿਧਾਇਕ ਨੇ ਆਲ ਦੀ ਬੈਸਟ ਆਖ ਕੇ ਕਾਂਗਰਸੀ ਕੌਂਸਲਰਾਂ ਨੂੰ ਭੇਜਿਆ
ਸਾਬਕਾ ਵਿਧਾਇਕ ਅੰਗਦ ਸਿੰਘ ਅੱਜ ਇਕ ਟੈਂਪੂ ਟ੍ਰੈਵਲਰ ਵਿਚ ਸਵਾਰ ਹੋ ਕੇ 8 ਕਾਂਗਰਸੀ ਅਤੇ 1 ਆਜ਼ਾਦ ਕੌਂਸਲਰਾਂ ਸਮੇਤ ਬੀਡੀਪੀਓ ਦਫਤਰ ਪੁਜੇ। ਇਸ ਦੌਰਾਨ ਉਨ੍ਹਾਂ ਕਾਂਗਰਸੀ ਅਤੇ ਆਜ਼ਾਦ ਕੌਂਸਲਰਾਂ ਨੂੰ ਬੈਸਟ ਆਫ ਲੱਕ ਦਿੰਦਿਆਂ ਕਿਹਾ ਸੀ ਕਿ ਉਹ ਇਸ ਪ੍ਰੀਖਿਆ ਦੀ ਘੜੀ ਵਿਚ ਪੁਰੀ ਮੁਸਤੈਦੀ ਨਾਲ ਆਪਣੀ ਬਣਦੀ ਜਿੰਮੇਵਾਰੀ ਨਿਭਾਉਣ। ਸਾਬਕਾ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਨਵਾਂਸ਼ਹਿਰ 'ਚ ਪ੍ਰਧਾਨ, ਉਪ ਪ੍ਰਧਾਨ ਦੀ ਚੋਣ ਨਾ ਹੋਣ ਕਾਰਨ ਨਵਾਂਸ਼ਹਿਰ ਦੇ ਵਿਕਾਸ ਕਾਰਜ ਰੁਕੇ ਹੋਏ ਹਨ। ਜੇਕਰ ਅੱਜ ਪ੍ਰਧਾਨਗੀ ਦੀ ਚੋਣ ਹੋ ਜਾਂਦੀ ਹੈ ਤਾਂ ਇਮਾਨਦਾਰੀ ਨਾਲ ਸ਼ਹਿਰ ਦੇ ਰੁਕੇ ਹੋਏ ਵਿਕਾਸ ਕਾਰਜ ਪੂਰੇ ਕਰਵਾਏ ਜਾ ਸਕਣਗੇ। ਜ਼ਿਕਰਯੋਗ ਹੈ ਕਿ ਅੱਜ ਵੀ ਸਾਬਕਾ ਵਿਧਾਇਕ ਅੰਗਦ ਸਿੰਘ ਵੱਲੋਂ ਸਾਰੇ ਕਾਂਗਰਸੀ ਕੌਂਸਲਰ ਅਤੇ ਇਕ ਆਜ਼ਾਦ ਕੌਂਸਲਰ ਨੂੰ ਪਿੰਡ ਸਲੋਹ ਸਥਿਤ ਚਿੱਟੀ ਕੋਠੀ ਚੋਂ ਇਕ ਟੈਂਪੂ ਟ੍ਰੈਵਲਰ ਰਾਹੀਂ ਇੱਕਠੇ ਕਰਕੇ ਬੀਡੀਪੀਓ ਦਫਤਰ ਲਿਆਂਦਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸੀ ਕੌਂਸਲਰਾਂ 'ਚ ਵਰਿੰਦਰ ਚੋਪੜਾ, ਰਮਨ ਕੁਮਾਰ ਮਾਨ, ਆਜ਼ਾਦ ਕੌਂਸਲਰ ਵਕੀਲ ਪਰਮਜੀਤ ਸਿੰਘ ਬਖਸ਼ੀ, ਕਾਂਗਰਸੀ ਕੌਂਸਲਰ ਸੁਮਿਤ ਪਰਿਹਾਰ, ਕੁਲਵੰਤ ਕੌਰ, ਜਸਵੀਰ ਕੌਰ ਬਡਵਾਲ, ਰੀਤੂ ਬਡਵਾਲ, ਨਿਸ਼ੂ ਚੋਪੜਾ ਅਤੇ ਮਮਤਾ ਸ਼ਾਮਲ ਸਨ। ਅੰਗਦ ਸਿੰਘ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਚੋਣਾਂ ਦਾ ਕੰਮ ਛੇਤੀ ਤੋਂ ਛੇਤੀ ਪੂਰਾ ਹੋ ਜਾਣਾ ਚਾਹੀਦਾ ਹੈ ਤਾਂ ਜੋ ਨਵਾਂਸ਼ਹਿਰ ਦੇ ਰੂਕੇ ਅਤੇ ਅਧੂਰੇ ਵਿਕਾਸ ਕਾਰਜ ਜੋ ਕਿ ਕੌਂਸਲਰਾਂ ਵੱਲੋਂ ਪੂਰੇ ਕਰਵਾਏ ਜਾਣੇ ਹਨ ਪੂਰੇ ਕਰਵਾਏ ਜਾ ਸਕਣ।
- ਨਵਾਂਸ਼ਹਿਰ ਦਾ ਪ੍ਰਧਾਨ ਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਏ : ਵਿਧਾਇਕ ਨਛੱਤਰ ਪਾਲ
ਨਵਾਂਸ਼ਹਿਰ ਦੇ ਵਿਧਇਕ ਨਛੱਤਰ ਪਾਲ ਦੇ ਨਾਲ ਆਪ ਦੇ ਕੌਸਲਰ ਬਲਵਿੰਦਰ ਕੁਮਾਰ, ਜਸਕਰਨ ਚੇਚੀ, ਸ਼ਿਵ ਰਾਮ, ਮਾ. ਦਵਿੰਦਰ ਕੁਮਾਰ, ਇੰਦਰਪ੍ਰੀਤ ਪਾਠਕ, ਬਸਪਾ ਕੌਂਸਲਰ ਪੁਸ਼ਪਾ ਦੇਵੀ ਅਤੇ ਆਜ਼ਾਦ ਕੌਂਸਲਰ ਸੁਮਨ ਲਾਲ ਅਤੇ ਸੁਨੀਤਾ ਗਿੱਲ ਬੀਡੀਪੀਓ ਦਫਤਰ ਪੁੱਜੇ। ਇਸ ਮੌਕੇ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਿਹੜਾ ਵੀ ਪ੍ਰਧਾਨ ਬਣੇ ਉਹ ਨਵਾਂਸ਼ਹਿਰ ਦੇ ਰੁਕੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕਰਵਾਏ। ਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੂਰ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਹੇ ਮੰਨਣਾ ਅਤੇ ਕਹਿਣਾ ਹੈ ਕਿ ਉਹ ਨਵਾਂਸ਼ਹਿਰ ਨੂੰ ਵਿਕਾਸ ਪੱਖੋਂ ਅੱਗੇ ਲਿਜਾਉਣ ਲਈ ਹਰ ਸੰਭਵ ਉਪਰਾਲੇ ਕਰਨ।
- ਨਗਰ ਕੌਂਸਲ ਨਵਾਂਸ਼ਹਿਰ ’ਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣੇਗਾ : ਰੋਬੀ ਕੰਗ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੌਬੀ ਕੰਗ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਨਗਰ ਕੌਂਸਲ ਨਵਾਂਸ਼ਹਿਰ 'ਚ ਪ੍ਰਧਾਨ ਆਮ ਆਦਮੀ ਪਾਰਟੀ ਦਾ ਹੀ ਬਣੇਗਾ। ਇਸ ਮੌਕੇ ਉਨ੍ਹਾਂ ਨਗਰ ਕੌਂਸਲ ਦੀ ਪ੍ਰਧਾਨ ਸੁਮਨ ਲਾਲ, ਵਾਇਸ ਪ੍ਰਧਾਨ ਦਵਿੰਦਰ ਕੁਮਾਰ ਸਮੇਤ ਸਮੂਹ ਕੌਂਸਲਰਾਂ ਅਤੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਜਿੱਤ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਨਗਰ ਕੌਂਸਲ ਬੰਗਾ ਤੋਂ ਬਾਅਦ ਹੁਣ ਨਗਰ ਕੌਂਸਲ ਨਵਾਂਸ਼ਹਿਰ 'ਚ ਪ੍ਰਧਾਨਗੀ ਹਾਂਸਲ ਕਰਕੇ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਪਛਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 2027 ਦੀਆਂ ਚੋਣਾਂ ਵਿਚ ਵੀ ਇਸੇ ਤਰ੍ਹਾਂ ਪੂਰੇ ਪੰਜਾਬ ਵਿਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਦੋਬਾਰਾ ਸੱਤਾ ਵਿਚ ਕਾਬਜ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਆਪ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਖੁਸ਼ ਹਨ। ਆਪ ਸਰਕਾਰ ਨੇ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਕੇ ਆਪਣੇ ਆਧਾਰ ਨੂੰ ਹੋਰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ।
- ਪੁਲਿਸ ਨੇ ਕੀਤੇ ਸਖ਼ਤ ਸੁਰੱਖਿਆ ਪ੍ਰਬੰਧ
ਨਗਰ ਕੌਂਸਲ ਨਵਾਂਸ਼ਹਿਰ ਦੀ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸਪੀ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਪੰਕਜ ਸ਼ਰਮਾ, ਡੀਐੱਸਪੀ ਸੁਰਿੰਦਰ ਚਾਂਦ ਦੀ ਹਦਾਇਤਾਂ ਤਹਿਤ ਪੁਲਿਸ ਥਾਣਾ ਸਿਟੀ ਨਵਾਂਸ਼ਹਿਰ, ਪੁਲਿਸ ਥਾਣਾ ਸਦਰ ਨਵਾਂਸ਼ਹਿਰ, ਸੀਆਈਏ ਸਟਾਫ਼ ਨਵਾਂਸ਼ਹਿਰ ਦੇ ਅਫ਼ਸਰ ਅਤੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿਚ ਬੀਡੀਪੀਓ ਦਫਤਰ ਵਿਖੇ ਸੁਰਖਿਆ ਦੇ ਪੁਖਤਾ ਪ੍ਰਬੰਧ ਕੀਤੇ ਸਨ। ਇਸ ਮੌਕੇ ਬੀਡੀਪੀਓ ਦਫਤਰ ਦੇ ਅੱਗੇ ਸਵੇਰ ਤੋਂ ਹੀ ਬੈਰੀਕੇਡਿੰਗ ਦੇ ਨਾਲ ਨਾਲ ਲੰਗੜੋਆ ਬਾਈਪਾਸ ਤੇ ਬੈਰੀਕੇਡਿੰਗ ਕਰਕੇ ਵਾਹਨਾਂ ਦੇ ਰੂਟਾਂ ਨੂੰ ਡਾਇਵਰਟ ਕਰਨ ਦੇ ਵੀ ਉਪਰਾਲੇ ਕੀਤੇ ਗਏ। ਇਸ ਮੌਕੇ ਐੱਸਐੱਚਓ ਅਵਤਾਰ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਨੀਰਜ ਚੌਧਰੀ ਸਮੇਤ ਹੋਰ ਪੁਲਿਸ ਪਾਰਟੀ ਮੌਜੂਦ ਸਨ।