ਸੁਖਬੀਰ ਸਿੰਘ ਬਾਦਲ ਨੇ ਡਾ. ਬਿੱਟੂ ਨੂੰ ਹਲਕਾ ਇੰਚਾਰਜ ਕੀਤਾ ਨਿਯੁਕਤ ਸੁਖਬੀਰ ਸਿੰਘ ਬਾਦਲ ਵੱਲੋਂ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਨੂੰ ਹਲਕਾ ਬੰਗਾ ਤੋਂ ਇੰਚਾਰਜ ਨਿਯੁਕਤ
Publish Date: Sat, 10 Oct 2026 06:29 PM (IST)
Updated Date: Sat, 10 Oct 2026 06:32 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਭਰਵਾਂ ਸਵਾਗਤ ਕਰਦਿਆਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਬੰਗਾ ਤੋਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ’ਤੇ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਨੇ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਲੋਕ ਹਿਤੈਸ਼ੀ ਨੀਤੀਆਂ ਨੂੰ ਦੇਖਦਿਆਂ ਉਨ੍ਹਾਂ ਵੱਲੋਂ ਸਰਕਾਰੀ ਨੌਕਰੀ ਨੂੰ ਛੱਡ ਕੇ ਪਾਰਟੀ ਨਾਲ ਜੁੜਨ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਬਤੌਰ ਐੱਸਐੱਮਓ ਸੇਵਾ ਨਿਭਾਉਣ ਵਾਲੇ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਨੂੰ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਸਲਾਹ ਤੋਂ ਬਿਨਾਂ ਹੀ ਡਾ. ਸਤਵਿੰਦਰ ਪਾਲ ਸਿੰਘ ਦੀ ਬਦਲੀ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਕਰ ਦਿੱਤੀ ਗਈ ਸੀ। ਇਸ ਬਦਲੀ ਦੇ ਵਿਰੋਧ ਵਿਚ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਸਮੂਹ ਡਾਕਟਰਾਂ, ਸਿਹਤ ਮੁਲਾਜ਼ਮਾਂ ਅਤੇ ਲੋਕਾਂ ਵੱਲੋਂ ਰੋਸ ਧਰਨਾ ਦਿੱਤਾ ਗਿਆ ਸੀ। ਜਦਕਿ ਲੋਕਾਂ ਵੱਲੋਂ ਵੀ ਇਲਾਕੇ ਦੇ ਲੋਕਾਂ ਦੀ ਸੇਵਾ ਕਰਨ ਵਾਲੇ ਮਾਹਿਰ ਡਾਕਟਰ ਦੀ ਬਦਲੀ ਕਰਨ ’ਤੇ ਰੋਸ ਜਤਾਇਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਐੱਸਐੱਮਓ ਡਾ. ਸਤਵਿੰਦਰ ਪਾਲ ਸਿੰਘ ਦੇ ਦੋਬਾਰਾ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਜੁਆਇਨ ਕਰਨ ਦੀਆਂ ਅਫਵਾਹਾਂ ਚੱਲ ਰਹੀਆਂ ਸਨ। ਪਰ ਹਾਲਾਤ ਉਨ੍ਹਾਂ ਦੇ ਹੱਕ ਵਿਚ ਨਾ ਬਣਦੇ ਦੇਖ ਲੋਕ ਸੇਵਾ ਦਾ ਜਜ਼ਬਾ ਲੈ ਕੇ ਉਨ੍ਹਾਂ ਨੇ ਪਿਛਲੇ ਕੁੱਝ ਮਹੀਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਬਤੌਰ ਐੱਸਐੱਮਓ ਡਿਊਟੀ ਨਿਭਾਉਣ ਤੋਂ ਬਾਅਦ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੂੰ ਆਪਣੀ ਨੌਕਰੀ ਛੱਡਣ ਦਾ 24 ਘੰਟੇ ਦਾ ਨੋਟਿਸ ਦੇਣ ਉਪਰੰਤ ਨੌਕਰੀ ਤੋਂ ਫਾਰਗ ਹੋਣ ਉਪਰੰਤ ਹੁਣ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਕੇ ਰਾਜਨੀਤਿਕ ਹਲਕਿਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਵੱਲੋਂ ਹੁਣ ਸ਼੍ਰੋਮਣੀ ਅਕਾਲੀ ਦਲ ਨਾਲ ਰੱਲ ਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਲੋਕਾਂ ਦੀ ਸੇਵਾ ਕਰਨ ਦਾ ਬੀੜਾ ਚੁੱਕ ਲਿਆ ਹੈ। ਇਲਾਕੇ ਦੇ ਲੋਕਾਂ ਵੱਲੋਂ ਡਾ. ਸਤਵਿੰਦਰ ਪਾਲ ਸਿੰਘ ਬਿੱਟੂ ਵੱਲੋਂ ਲਏ ਇਸ ਨੇਕ ਫੈਸਲੇ ਦੀ ਸ਼ਲਾਘਾ ਕਰਦਿਆਂ ਹਲਕਾ ਬੰਗਾ ਸਮੇਤ ਜ਼ਿਲ੍ਹੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬਣਦਾ ਸਹਿਯੋਗ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਨਿਯੁਕਤੀ ਤੇ ਸਾਬਕਾ ਡੀਈਓ ਦਿਨੇਸ਼ ਕੁਮਾਰ, ਭਗਤ ਰਾਮ ਗੰਗੜ, ਬਲਵਿੰਦਰ ਬਾਹੜੋਵਾਲੀਆ, ਅਵਤਾਰ ਸਿੰਘ, ਸਿਮਰਨ ਸਿੰਘ, ਵਿਜੇ ਕੁਮਾਰ, ਗੁਰਤੇਜ ਥਿੰਦ, ਬਾਵਾ ਸਿੰਘ, ਪਰਮਜੀਤ ਸਿੰਘ, ਗੁਰਬਚਨ ਸਿੰਘ ਬਰਾੜ, ਕੁਲਵੀਰ ਸਿੰਘ, ਹੈਪੀ ਹਰਪਾਲ ਸਮੇਤ ਸਮੂਹ ਰਿਸ਼ਤੇਦਾਰਾਂ, ਪਰਿਵਾਰਿਕ ਮੈਂਬਰਾਂ ਅਤੇ ਅਕਾਲੀ ਆਗੂਆਂ, ਵਰਕਰਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ।