- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਬੀਰ ਬਾਦਲ ਨੇ ਪਠਾਨਕੋਟ-ਰੋਪੜ ਚਾਰ-ਮਾਰਗੀ ਐਕਸਪ੍ਰੈਸਵੇਅ ਬਣਾਉਣ ਦਾ ਐਲਾਨ ਕੀਤਾ

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ
ਬਲਾਚੌਰ : ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਅਗਲੀ ਸਰਕਾਰ ਸੂਬੇ ਦੇ ਪਹਾੜੀ-ਤਲ (ਸਬ-ਮਾਉਂਟੇਨਸ) ਖੇਤਰ ਦੇ ਸਰਵਪੱਖੀ ਵਿਕਾਸ ਲਈ ਕੰਡੀ ਵਿਕਾਸ ਮੰਤਰਾਲਾ ਸਥਾਪਤ ਕਰੇਗੀ ਅਤੇ ਇਸ ਖੇਤਰ ਵਿੱਚ ਵਿਕਾਸ ਨੂੰ ਹੁਲਾਰਾ ਦੇਣ ਲਈ ਪਠਾਨਕੋਟ ਤੋਂ ਰੋਪੜ ਤੱਕ ਚਾਰ ਮਾਰਗੀ ਐਕਸਪ੍ਰੈੱਸਵੇਅ ਬਣਾਏਗੀ। ਪਾਰਟੀ ਦੀ ਪੰਜਾਬ ਬਚਾਓ ਮੁਹਿੰਮ ਤਹਿਤ ਇੱਥੇ ਸੀਨੀਅਰ ਆਗੂ ਹਨੀ ਟੋਂਸਾ ਨਾਲ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਵੀ ਪੁੱਛਿਆ ਕਿ ਦਿਨ ਵੇਲੇ 12 ਘੰਟੇ ਬਿਜਲੀ ਸਪਲਾਈ ਕਿੱਥੇ ਹੈ, ਜਿਸ ਬਾਰੇ ਉਨ੍ਹਾਂ ਨੇ ਵੱਖ-ਵੱਖ ਮੰਚਾਂ ਤੋਂ ਵੱਡੇ-ਵੱਡੇ ਦਾਅਵੇ ਕੀਤੇ ਸਨ। ਉਨ੍ਹਾਂ ਕਿਹਾ ਕਿ ਪੰਜਾਬੀ ਰੋਜ਼ਾਨਾ 10 ਘੰਟੇ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਨਾਲ ਹੀ ਵਾਅਦਾ ਕੀਤਾ ਕਿ ਸੱਤਾ ਵਿਚ ਆਉਣ ’ਤੇ ਅਕਾਲੀ ਦਲ ਪੰਜਾਬ ਨੂੰ ਮੁੜ ਬਿਜਲੀ ਪੱਖੋਂ ਵਾਧੂ (ਸਰਪਲੱਸ) ਰਾਜ ਬਣਾਏਗਾ।
ਇਹ ਭਰੋਸਾ ਦਿਵਾਉਂਦੇ ਹੋਏ ਕਿ ਕੰਡੀ ਖੇਤਰ ਦੇ ਲੋਕਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ, ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਤੁਹਾਡੀਆਂ ਸਿੰਚਾਈ ਲੋੜਾਂ ਪੂਰੀਆਂ ਕਰਨ ਲਈ ਡੂੰਘੇ ਟਿਊਬਵੈੱਲ ਮੁਹੱਈਆ ਕਰਵਾਵਾਂਗੇ। ਕੰਡੀ ਨਹਿਰ ਰਾਹੀਂ ਮਿਲਣ ਵਾਲੀਆਂ ਸਿੰਚਾਈ ਸਹੂਲਤਾਂ ਨੂੰ ਹੋਰ ਵਧਾਇਆ ਜਾਵੇਗਾ ਅਤੇ ਹਰ ਖੇਤ ਤੱਕ ਪਾਣੀ ਪਹੁੰਚਾਉਣ ਲਈ ਡਰਿਪ ਸਿੰਚਾਈ ਅਤੇ ਭੂਮੀਗਤ ਪਾਈਪਲਾਈਨਾਂ ਵਿਛਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਨਵਾਂਸ਼ਹਿਰ ਵਿੱਚ ਇੱਕ ਮੈਡੀਕਲ ਕਾਲਜ ਅਤੇ ਇਸ ਕਸਬੇ ਵਿੱਚ ਇੱਕ ਵੈਟਰਨਰੀ ਕਾਲਜ ਸਥਾਪਤ ਕੀਤਾ ਜਾਵੇਗਾ। ਇਹ ਕਹਿੰਦੇ ਹੋਏ ਕਿ ਜਿੱਥੇ ਅਕਾਲੀ ਦਲ ਭਵਿੱਖ ਦੀ ਯੋਜਨਾਬੰਦੀ ਕਰ ਰਿਹਾ ਹੈ, ਉੱਥੇ ਆਮ ਆਦਮੀ ਪਾਰਟੀ (ਆਪ) ਅਤੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਅਤੇ ਇਸ ਦੇ ਸਾਧਨਾਂ ਨੂੰ ਲੁੱਟਣ ਵਿੱਚ ਰੁੱਝੇ ਹੋਏ ਹਨ। ਬਾਦਲ ਨੇ ਕਿਹਾ ਕਿ ਹਾਲਾਤ ਇਸ ਪੱਧਰ ’ਤੇ ਪਹੁੰਚ ਗਏ ਹਨ ਕਿ ਮੁੱਖ ਮੰਤਰੀ ਦਾ ਦਫ਼ਤਰ ਭ੍ਰਿਸ਼ਟਾਚਾਰ ਦਾ ਅੱਡਾ ਬਣ ਗਿਆ ਹੈ, ਜਿੱਥੇ ਪੈਸੇ ਦੇ ਬਦਲੇ ਜਬਰ ਜਨਾਹ ਕਰਨ ਵਾਲਿਆਂ, ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਕਲੀਨ ਚਿੱਟ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਜਨਤਕ ਜੀਵਨ ਨੂੰ ਵੀ ਨਹੀਂ ਬਖਸ਼ ਰਹੇ। ਬਾਦਲ ਨੇ ਖੁਲਾਸਾ ਕੀਤਾ ਕਿ ਕਿਵੇਂ ਇੱਕ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ, ਜਿਸ ’ਤੇ ਪੰਜਾਹ ਅਪਰਾਧਿਕ ਕੇਸ ਦਰਜ ਸਨ, ਨੂੰ ਆਪ ਵਿਚ ਸ਼ਾਮਲ ਕੀਤਾ ਗਿਆ ਅਤੇ ਜ਼ੀਰਾ ਤੋਂ ਪਾਰਟੀ ਦਾ ਹਲਕਾ ਇੰਚਾਰਜ ਵੀ ਬਣਾਇਆ ਗਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਆਪ ਸਰਕਾਰ ਗੈਂਗਸਟਰਾਂ ਨਾਲ ਮਿਲੀਭੁਗਤ ਰੱਖਦੀ ਹੈ ਤਾਂ ਉਹ ਗੈਂਗਸਟਰਵਾਦ ਦੀ ਅਲਾਮਤ ਦਾ ਮੁਕਾਬਲਾ ਕਿਵੇਂ ਕਰ ਸਕਦੀ ਹੈ।
ਉਨ੍ਹਾਂ ਨੇ ਲੋਕਤੰਤਰੀ ਅਸਹਿਮਤੀ ਨੂੰ ਦਬਾਉਣ ਦੇ ਸਰਕਾਰ ਦੇ ਤਰੀਕਿਆਂ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਨੇ ਨਸ਼ਾ-ਵਿਰੋਧੀ ਕਾਰਕੁੰਨ ਮੋਹਨਜੀਤ ਸਿੰਘ ਸ਼ੇਰੋਂ ਤੇ ਮੁੱਖ ਮੰਤਰੀ ਨੂੰ ਕਾਲਾ ਝੰਡਾ ਦਿਖਾਉਣ ਕਾਰਨ ਕੀਤੇ ਗਏ ਤਸ਼ੱਦਦ ਅਤੇ ਗੁਲਜ਼ਾਰ ਸਿੰਘ ਨੂੰ ਡਰਾਉਣ-ਧਮਕਾਉਣ ਤੇ ਉਸ ਦੀ ਖੁਦਕੁਸ਼ੀ ਦਾ ਜ਼ਿਕਰ ਕੀਤਾ। ਗੁਲਜ਼ਾਰ ਸਿੰਘ ਨੇ ਵਿੱਤ ਮੰਤਰੀ ਹਰਪਾਲ ਚੀਮਾ ਤੋਂ ਪੁੱਛਿਆ ਸੀ ਕਿ ਸਿੰਥੈਟਿਕ ਨਸ਼ੇ ਬਿਨਾਂ ਕਿਸੇ ਰੋਕ-ਟੋਕ ਦੇ ਕਿਉਂ ਵਿਕ ਰਹੇ ਹਨ। ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸ਼੍ਰੋਅਦ ਨੇ ਹਮੇਸ਼ਾ ਆਪਣੇ ਵਾਅਦੇ ਪੂਰੇ ਕੀਤੇ ਹਨ। ਬਾਦਲ ਨੇ ਦੱਸਿਆ ਕਿ ਕਿਵੇਂ ਕੁਝ ਤਾਕਤਾਂ ਪੰਜਾਬ ਨੂੰ 1980 ਦੇ ਦਹਾਕੇ ਦੇ ਹਨੇਰੇ ਦੌਰ ਵਿਚ ਵਾਪਸ ਧੱਕਣਾ ਚਾਹੁੰਦੀਆਂ ਹਨ। ਇਹ ਤਾਕਤਾਂ ਉਸ ’ਤੇ ਵੀ ਹਮਲਾ ਕਰ ਰਹੀਆਂ ਹਨ। ਕਿਉਂਕਿ ਉਹ ਸਮਝਦੀਆਂ ਹਨ ਕਿ ਉਹ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਦੇ ਹੱਕ ਵਿੱਚ ਖੜ੍ਹੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਰਬੱਤ ਦੇ ਭਲੇ ਲਈ ਵਚਨਬੱਧ ਹੈ ਅਤੇ ਹਮੇਸ਼ਾ ਸੂਬੇ ਦੇ ਹਰ ਭਾਈਚਾਰੇ ਨਾਲ ਖੜ੍ਹਾ ਰਿਹਾ ਹੈ। ਜੇਕਰ ਅਸੀਂ ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟ੍ਰੀਟ ਬਣਾਈ ਸੀ, ਤਾਂ ਅਸੀਂ ਸ਼੍ਰੀ ਦੁਰਗਿਆਨਾ ਮੰਦਰ ਅਤੇ ਰਾਮ ਤੀਰਥ ਅਸਥਾਨ ਨੂੰ ਵੀ ਸੁੰਦਰ ਬਣਾਇਆ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਲਾਭਪਾਤਰੀਆਂ ਨੂੰ ਆਟਾ-ਦਾਲ ਸਕੀਮ ਤਹਿਤ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ 50 ਕਿਲੋ ਕਣਕ ਦਿੱਤੀ ਜਾਵੇਗੀ। ਸ਼ਗਨ ਸਕੀਮ ਤਹਿਤ ਮਿਲਣ ਵਾਲੀ ਰਾਸ਼ੀ ਵਧਾ ਕੇ 1 ਲੱਖ ਰੁਪਏ ਅਤੇ ਬੁਢਾਪਾ ਪੈਨਸ਼ਨ 3,100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨੇ ਹਲਕੇ ਵਿਚ ਸਾਬਕਾ ਅਕਾਲੀ ਆਗੂ ਚੌਧਰੀ ਨੰਦ ਲਾਲ ਵੱਲੋਂ ਕੀਤੀ ਗਈ ਨਿਰਸਵਾਰਥ ਸੇਵਾ ਨੂੰ ਵੀ ਯਾਦ ਕੀਤਾ।
- ਚੌਧਰੀ ਨੰਦ ਲਾਲ ਦੀ ਸੋਚ ’ਤੇ ਪਹਿਰਾ ਦੇ ਕੇ ਬਲਾਚੌਰ ਦੀ ਨੁਹਾਰ ਬਦਲਾਂਗੇ : ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸਵ. ਚੌਧਰੀ ਨੰਦ ਲਾਲ ਦੀ ਯਾਦ ਵਿਚ ਬਲਾਚੌਰ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਪੂਰੇ ਖੇਤਰ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਸਵ. ਚੌਧਰੀ ਨੰਦ ਲਾਲ ਵੱਲੋਂ ਇਲਾਕੇ ਦੀ ਕੀਤੀ ਅਣਥੱਕ ਸੇਵਾ ਨੂੰ ਯਾਦ ਕਰਦਿਆਂ ਇਲਾਕਾ ਵਾਸੀਆਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਾਡਾ ਆਪਣਾ ਘਰ ਹੈ ਅਤੇ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਜਾਬ ਨੇ ਤਰੱਕੀ ਕੀਤੀ ਹੈ, ਉਹ ਸਿਰਫ਼ ਅਕਾਲੀ ਦਲ ਦੀਆਂ ਸਰਕਾਰਾਂ ਦੇ ਵੇਲੇ ਹੀ ਹੋਈ ਹੈ। ਦਿੱਲੀ ਆਧਾਰਿਤ ਜਾਂ ਹੋਰ ਵਿਰੋਧੀ ਪਾਰਟੀਆਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦਾ ਨੁਕਸਾਨ ਕੀਤਾ ਹੈ ਅਤੇ ਰਾਜ ਦੇ ਸਰਮਾਏ ਨੂੰ ਬਾਹਰ ਲੁਟਾਇਆ ਹੈ। ਰੈਲੀ ਦੌਰਾਨ ਹਲਕਾ ਇੰਚਾਰਜ ਸੰਦੀਪ ਕੁਮਾਰ ਹਨੀ ਟੌਂਸਾ, ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ, ਸਰਬਜੀਤ ਸਿੰਘ ਝਿੰਜਰ, ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ, ਹਲਕਾ ਇੰਚਾਰਜ ਸੰਦੀਪ ਸਿੰਘ ਹਨੀ ਟੌਂਸਾ, ਰਮਨਦੀਪ ਸਿੰਘ ਥਿਆੜਾ, ਡਾ. ਗੁਰਪ੍ਰੀਤ ਕੌਰ ਥਿਆੜਾ, ਦਿਨੇਸ਼ ਕੁਮਾਰ ਰਿਟਾ. ਡੀਈਓ, ਮੋਹਨ ਲਾਲ ਸਾਬਕਾ ਵਿਧਾਇਕ ਬੰਗਾ ਨੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਆਗੂਆਂ ਵੱਲੋਂ ਵਿਧਾਨ ਸਭਾ ਹਲਕਾ ਬਲਾਚੌਰ ਦੇ ਲੋਕਾਂ ਨੂੰ ਆਖਿਆ ਗਿਆ ਕਿ ਅੱਜ ਹਲਕੇ ਨੂੰ ਸੰਦੀਪ ਕੁਮਾਰ ਹਨੀ ਟੌਸਾ ਵਰਗੇ ਨੌਜਵਾਨ ਦੀ ਨੁਮਾਇੰਦਗੀ ਦੀ ਲੋੜ ਹੈ, ਜਿਸ ਲਈ ਹਨੀ ਟੌਸਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਤਾਂ ਜੋ ਵਿਧਾਨ ਸਭਾ ਹਲਕਾ ਬਲਾਚੌਰ ਮੁੜ ਵਿਕਾਸ ਦੀ ਲੀਹੇ ਪੈ ਸਕੇ। ਇਸ ਮੌਕੇ ਆਕਾਸ਼ਦੀਪ ਯੂਥ ਆਗੂ, ਹਜੂਰਾ ਸਿੰਘ ਪੈਲੀ, ਤਰਲੋਚਨ ਸਿੰਘ ਰੱਕੜ, ਸਾਬਕਾ ਡੀਐੱਸਪੀ ਸਤਨਾਮ ਸਿੰਘ, ਸੁਰਜੀਤ ਕੋਹਲੀ, ਬਿਮਲ ਕੁਮਾਰ, ਗੁਰਪ੍ਰੀਤ ਗੁਜਰ, ਦਿਲਾਵਰ ਦਿੱਲੀ, ਦਲਜੀਤ ਸਿੰਘ ਮਾਨੇਵਾਲ, ਠੇਕੇਦਾਰ ਮਦਨ ਲਾਲ ਰਾਜੂ ਮਾਜਰਾ, ਸਾਬਕਾ ਨਗਰ ਕੌਂਸਲ ਪ੍ਰਧਾਨ ਰਾਣਾ ਰਣਦੀਪ ਕੌਸ਼ਲ, ਸਾਬਕਾ ਕੌਂਸਲਰ ਸੋਡੀ ਸਿੰਘ ਮੰਡੇਰ, ਸੁੱਚਾ ਸਿੰਘ ਮੰਢਿਆਣੀ, ਸੁੱਚਾ ਸਿੰਘ ਸੜੋਆ, ਸ਼ਮੀ ਜਲਾਲਪੁਰ, ਬਗੀਚਾ ਸਿੰਘ ਰੱਕੜ, ਕੌਂਸਲਰ ਪਰਮ ਸਿੰਘ ਖਾਲਸਾ, ਮੋਹਨ ਸਿੰਘ ਸਰਪੰਚ ਗੜੀ, ਰਾਣਾ ਲੰਬੜਦਾਰ ਜਗਤਪੁਰ, ਬੱਬੂ ਬੂਥਗੜ੍ਹ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਲੋਕ ਮੌਜੂਦ ਸਨ।