ਅੱਜ ਗੰਨਾ ਕਾਸ਼ਤਕਾਰ ਤੇ ਕਿਸਾਨ ਖਟਕੜ ਕਲਾਂ 'ਚ ਦੇਣਗੇ ਧਰਨਾ ਅੱਜ ਗੰਨਾ ਕਾਸ਼ਤਕਾਰ ਤੇ ਕਿਸਾਨ ਪਿੰਡ ਖਟਕੜ ਕਲਾਂ 'ਚ ਦੇਣਗੇ ਧਰਨਾ
Publish Date: Sun, 27 Sep 2026 06:28 PM (IST)
Updated Date: Mon, 28 Sep 2026 04:06 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਕਿਸਾਨ ਜਥੇਬੰਦੀਆਂ ਤੇ ਗੰਨਾ ਕਾਸ਼ਤਕਾਰਾਂ ਵੱਲੋਂ ਸ਼ੂਗਰ ਮਿਲ ਦੇ ਬਿਜਲੀ ਕੁਨੈਕਸ਼ਨ ਅਤੇ ਹੋਰਨਾਂ ਮੁੱਦਿਆਂ ਨੂੰ ਹੱਲ ਕਰਵਾਉਣ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਤੇ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਜੀਤ ਸਿੰਘ ਵਜੀਦਪੁਰ ਨੇ ਦੱਸਿਆ ਕਿ ਸਾਰਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਅਸੀਂ ਮੁਆਫੀ ਚਾਹੁੰਦੇ ਹਾਂ ਕਿ ਬਦਕਿਸਮਤੀ ਨਾਲ ਸਾਨੂੰ ਇਹ ਧਰਨਾ ਲਗਾਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁੱਤੀ ਤੇ ਬੋਲੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਹੈ। ਜਿਸ ਕਾਰਨ ਸਮੂਹ ਗੰਨਾ ਕਾਸ਼ਤਕਾਰ ਕਿਸਾਨ, ਨੌਜਵਾਨਾਂ ਅਤੇ ਹਰ ਵੀਰਾਂ ਨੂੰ ਸਵੇਰੇ 9 ਵਜੇ ਖਟਕੜ ਕਲਾਂ ਪੁੱਜਣ ਤਾਂ ਜੋ 12 ਵਜੇ ਤੱਕ ਧਰਨਾ ਲਗਾਇਆ ਜਾ ਸਕੇ ਅਤੇ ਸਰਕਾਰ ਦੇ ਕੰਨਾਂ ਤੱਕ ਆਵਾਜ ਪਹੁੰਚਾਈ ਜਾ ਸਕੇ। ਕਿਸਾਨਾਂ ਨੇ ਦੱਸਿਆ ਕਿ ਸ਼ੂਗਰ ਮਿਲ ਦੇ ਆਮ ਇਜਲਾਸ ਦੌਰਾਨ ਮੰਤਰੀ ਅਤੇ ਜੀਐਮ ਨੇ ਕਿਸਾਨਾਂ ਦੀ ਬਣਦੀ ਅਦਾਇਗੀ ਹੋਣ ਦਾ ਜੋ ਦਾਅਵਾ ਕੀਤਾ ਉਹ ਝੂਠਾ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਇਸ ਸਾਲ ਦੇ 1 ਕਰੋੜ 81 ਲੱਖ ਦੀ ਪੇਮੈਂਟ ਬਕਾਇਆ ਹੈ। ਜਦਕਿ ਸਾਲ 2023, 2024 ਦੀ 56 ਲੱਖ ਰੁਪਏ ਦੀ ਅਦਾਇਗੀ ਹਾਲੇ ਬਾਕੀ ਹੈ। ਉਨ੍ਹਾਂ ਕਿਹਾ ਕਿ ਇਸ ਰੋਸ ਧਰਨੇ ਦੌਰਾਨ ਮੁੱਖ ਮੰਤਰੀ ਪੰਜਾਬ ਨੂੰ ਮਿਲ ਕੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਮੈਮੋਰੰਡਮ ਦਿੱਤਾ ਜਾਵੇਗਾ। ਇਸ ਮੌਕੇ ਅਮਰਜੀਤ ਸਿੰਘ ਸਮੇਤ ਹੋਰ ਕਿਸਾਨ ਆਗੂ ਅਤੇ ਵਰਕਰ ਹਾਜ਼ਰ ਸਨ।