ਗੰਨਾ ਕਾਸ਼ਤਕਾਰ ਕਿਸਾਨਾਂ ਨੇ ਡੀਸੀ ਦਫ਼ਤਰ ਅੱਗੇ ਲਗਾਇਆ ਧਰਨਾ ਗੰਨਾ ਕਾਸ਼ਤਕਾਰ ਕਿਸਾਨਾਂ ਨੇ ਡੀਸੀ ਦਫਤਰ ਅੱਗੇ ਦਿੱਤਾ ਰੋਸ ਧਰਨਾ
Publish Date: Fri, 09 Oct 2026 06:24 PM (IST)
Updated Date: Fri, 09 Oct 2026 06:26 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਦਿ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਸ਼ੂਗਰ ਮਿੱਲ ’ਚ ਲਗਾਏ ਕੋ ਜਨਰੇਸ਼ਨ ਪਲਾਂਟ ਰਾਹੀਂ ਸ਼ੂਗਰ ਮਿੱਲ ਨੂੰ 66 ਕੇਵੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਆ ਰਹੀਆਂ ਦਿੱਕਤਾਂ ਅਤੇ ਗੰਨਾ ਕਾਸ਼ਤਕਾਰ ਕਿਸਾਨਾਂ ਦੇ ਬਕਾਏ ਦੇ ਭੁਗਤਾਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਡੀਸੀ ਦਫ਼ਤਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਏਡੀਸੀ ਅਨਵੀਤ ਕੌਰ ਨੂੰ ਦਿੱਤਾ ਗਿਆ। ਅਵਨੀਤ ਕੌਰ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਤੱਕ ਭਿਜਵਾਉਣ ਦੀ ਮੰਗ ਕਰਦਿਆਂ ਕਿਸਾਨਾਂ ਦੀਆਂ ਹੋਰਨਾਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਕਿਸਾਨਾਂ ਨੇ ਦੱਸਿਆ ਕਿ ਸ਼ੂਗਰ ਮਿੱਲ ਅੱਗੇ ਕੋ ਜਨਰੇਸ਼ਨ ਪਲਾਂਟ ਦੇ ਖ਼ਰਾਬ ਹੋਣ ਕਾਰਨ ਅਚਾਨਕ ਮਿਲ ਬੰਦ ਹੋਣ ਕਾਰਨ ਕਿਸਾਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਸ਼ੂਗਰ ਮਿੱਲ ਨੂੰ ਬਿਜਲੀ ਕੁਨੈਕਸ਼ਨ ਦੇਣ ਲਈ ਪਾਵਰਕਾਮ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਜਾਵੇ ਅਤੇ ਮਸਲੇ ਦਾ ਹੱਲ ਕੀਤਾ ਜਾਵੇ। ਇਸ ਮੌਕੇ ਏਡੀਸੀ ਨੇ ਦੱਸਿਆ ਕਿ ਸ਼ੂਗਰ ਮਿੱਲ ਦੇ ਅਫ਼ਸਰਾਂ ਅਤੇ ਪਾਵਰਕਾਮ ਅਫਸਰਾਂ ਨਾਲ ਮੀਟਿੰਗ 13 ਅਕਤੂਬਰ ਨੂੰ ਕੀਤੀ ਜਾਵੇਗੀ। ਕਿਸਾਨਾਂ ਨੇ ਕਿਹਾ ਕਿ ਜੇਕਰ ਸ਼ੂਗਰ ਮਿੱਲ ਨੂੰ ਬਿਜਲੀ ਸਪਲਾਈ ਦੀ ਬਹਾਲੀ ਦਾ ਮਸਲਾ ਹੱਲ ਨਾ ਹੋਇਆ ਤਾਂ ਸਮੂਹ ਕਿਸਾਨਾਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਸ਼ੂਗਰ ਮਿੱਲ ਦਾ ਕੰਮ ਸੁਚਾਰੂ ਨਾ ਚੱਲਣ ਕਾਰਨ 3,000 ਤੋਂ ਵੱਧ ਗੰਨਾ ਕਾਸ਼ਤਕਾਰ ਕਿਸਾਨਾਂ ਦਾ ਕੰਮ ਕਾਰ ਠੱਪ ਹੋ ਜਾਵੇਗਾ। ਇਸ ਮੌਕੇ ਗੰਨਾ ਕਾਸ਼ਤਕਾਰ ਕਿਸਾਨਾਂ ਨੇ ਉਨ੍ਹਾਂ ਦਾ ਬਣਦਾ ਬਕਾਇਆ ਅਦਾ ਕਰਨ ਦੀ ਵੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ, ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸ਼ੂਗਰ ਮਿੱਲ ਦਾ ਬਿਜਲੀ ਕੁਨੈਕਸ਼ਨ ਬਹਾਲ ਨਹੀਂ ਕੀਤਾ ਜਾਂਦਾ ਹੈ, ਤਾਂ ਮਿੱਲ ਆਪਣੀ ਨਿਰਧਾਰਤ ਗੰਨੇ ਦੀ ਸਮਰੱਥਾ ਦਾ ਸਿਰਫ਼ 50 ਤੋਂ 60 ਫ਼ੀਸਦੀ ਹੀ ਪਿੜਾਈ ਕਰ ਸਕੇਗੀ। ਜਿਵੇਂ ਕਿ ਇਸ ਨੇ ਪਿਛਲੇ ਸਾਲ ਕੀਤਾ ਸੀ। ਇਸ ਨਾਲ ਕਿਸਾਨਾਂ ਨੂੰ ਆਪਣਾ ਗੰਨਾ ਵੇਚਣ ਵਿੱਚ ਮੁਸ਼ਕਿਲਾਂ ਪੈਦਾ ਹੋ ਸਕਦੀਆਂ ਹਨ ਅਤੇ ਉਨ੍ਹਾਂ ਦੀ ਵਿੱਤੀ ਸਥਿਤੀ ’ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਹੋਂ ਤੋਂ ਮਾਛੀਵਾੜਾ ਪੁਲ ਬੰਦ ਰਹਿਣ ਕਾਰਨ ਕਿਸਾਨਾਂ ਨੂੰ ਬੁੱਢੇਵਾਲ ਜਾਂ ਅਮਲੋਹ ਵਿਚ ਸਹਿਕਾਰੀ ਖੰਡ ਮਿੱਲਾਂ ਵਿਚ ਗੰਨਾ ਲਿਜਾਉਣਾ ਮੁਸ਼ਕਿਲ ਹੋ ਗਿਆ ਹੈ। ਇਸ ਮੌਕੇ ਸਾਬਕਾ ਵਿਧਾਇਕ ਅੰਗਦ ਸਿੰਘ, ਖੰਡ ਮਿੱਲ ਨਵਾਂਸ਼ਹਿਰ ਦੇ ਡਾਇਰੈਕਟਰ ਸੋਹਣ ਸਿੰਘ ਉੱਪਲ, ਮਿੱਲ ਚੇਅਰਮੈਨ ਚੌਧਰੀ ਹਰਬੰਸ ਲਾਲ, ਬਹਾਦਰ ਸਿੰਘ, ਹਰਦੀਪ ਸਿੰਘ, ਰਘੂ ਸ਼ਰਮਾ, ਹਰਦੀਪ ਸਿੰਘ ਮੰਗੂਵਾਲ, ਮਹਾਂ ਸਿੰਘ ਰੌੜੀ, ਗੁਰਦੀਪ ਸਿੰਘ ਆਦਿ ਮੌਜੂਦ ਸਨ।