ਫੁੱਟਬਾਲ ਖਿਡਾਰੀ ਦੇ ਗੋਡੇ ਦੇ ਖਰਾਬ ਏਸੀਐੱਲ ਲਿਗਾਮੈਂਟ ਦਾ ਆਰਥਰੋਸਕੋਪੀ ਨਾਲ ਕੀਤਾ ਸਫਲ ਆਪ੍ਰੇਸ਼ਨ ਫੁੱਟਬਾਲ ਖਿਡਾਰੀ ਦੇ ਗੋਡੇ ਦੇ ਖਰਾਬ ਏਸੀਐਲ ਲਿਗਾਮੈਂਟ ਦਾ ਆਰਥਰੋਸਕੋਪੀ ਨਾਲ ਕੀਤਾ ਸਫਲ ਆਪ੍ਰੇਸ਼ਨ
Publish Date: Sun, 04 Oct 2026 04:44 PM (IST)
Updated Date: Sun, 04 Oct 2026 04:47 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਹੱਡੀਆਂ ਜੋੜਾਂ ਅਤੇ ਖਿਡਾਰੀਆਂ ਦੀਆਂ ਸੱਟਾਂ ਦੇ ਮਾਹਿਰ ਡਾ. ਪਰਮਿੰਦਰ ਸਿੰਘ ਵਾਰੀਆ ਐੱਮਐੱਸ (ਆਰਥੋ) ਨੇ ਇੱਕ ਨੌਜਵਾਨ ਫੁੱਟਬਾਲ ਖਿਡਾਰੀ ਦੇ ਗੋਡੇ ਦੇ ਖਰਾਬ ਏਸੀਐੱਲ ਲਿਗਾਮੈਂਟ ਦਾ ਬਿਨਾਂ ਵੱਡੇ ਚੀਰੇ ਤੋਂ ਆਰਥਰੋਸਕੋਪੀ ਤਕਨੀਕ ਨਾਲ ਸਫਲ ਆਪ੍ਰੇਸ਼ਨ ਕੀਤਾ ਹੈ। ਖਿਡਾਰੀ ਦਮਨ ਰਾਣਾ ਨੇ ਦੱਸਿਆ ਕਿ ਫੁੱਟਬਾਲ ਖੇਡਦੇ ਸਮੇਂ ਉਨ੍ਹਾਂ ਦੇ ਗੋਡੇ ਚ ਗੰਭੀਰ ਸੱਟ ਲੱਗੀ ਸੀ। ਸੱਟ ਲੱਗਣ ਤੋਂ ਬਾਅਦ ਗੋਡੇ‘ਚ ਲਗਾਤਾਰ ਦਰਦ, ਸੋਜ ਅਤੇ ਤੁਰਨ-ਫਿਰਨ ਚ ਭਾਰੀ ਮੁਸ਼ਕਿਲ ਆ ਰਹੀ ਸੀ। ਉਹ ਆਪਣੇ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਪਰਮਿੰਦਰ ਸਿੰਘ ਵਾਰੀਆ ਕੋਲ ਆਏ। ਜਿੱਥੇ ਡਾ. ਵਾਰੀਆ ਨੇ ਉਸ ਦੇ ਗੋਡੇ ਦੀ ਬਾਰੀਕੀ ਨਾਲ ਜਾਂਚ ਕੀਤੀ ਅਤੇ ਜ਼ਰੂਰੀ ਟੈਸਟ ਕਰਵਾਏ। ਜਾਂਚ ’ਚ ਪਤਾ ਲੱਗਾ ਕਿ ਖਿਡਾਰੀ ਦੇ ਗੋਡੇ ਦਾ ਏਸੀਐੱਲ ਲਿਗਾਮੈਂਟ ਡੈਮੇਜ ਹੋ ਗਿਆ ਹੈ। ਜਿਸ ਦਾ ਇਲਾਜ ਆਰਥਰੋਸਕੋਪੀ ਸਰਜਰੀ ਨਾਲ ਵਧੀਆ ਹੁੰਦਾ ਹੈ। ਆਰਥਰੋਸਕੋਪੀ ਆਪ੍ਰੇਸ਼ਨ ਵਿਚ ਗੋਡੇ ਨੂੰ ਪੂਰਾ ਖੋਲ੍ਹਣ ਦੀ ਲੋੜ ਨਹੀਂ ਪੈਂਦੀ, ਸਗੋਂ ਸਿਰਫ ਛੋਟੇ ਸੁਰਾਖ ਕਰਕੇ ਇੱਕ ਛੋਟੇ ਕੈਮਰੇ ਅਤੇ ਆਧੁਨਿਕ ਯੰਤਰਾਂ ਨਾਲ ਅੰਦਰਲੀ ਸੱਟ ਦਾ ਇਲਾਜ ਕੀਤਾ ਜਾਂਦਾ ਹੈ। ਆਪ੍ਰੇਸ਼ਨ ਤੋਂ ਬਾਅਦ ਖਿਡਾਰੀ ਦਮਨ ਰਾਣਾ ਹੁਣ ਤੰਦਰੁਸਤ ਹੈ। ਇਸ ਮੌਕੇ ਡਾ. ਪਰਮਿੰਦਰ ਸਿੰਘ ਵਾਰੀਆ ਨੇ ਕਿਹਾ ਕਿ ਅੱਜ ਕੱਲ੍ਹ ਖੇਡਾਂ ਦੌਰਾਨ ਗੋਡੇ ਅਤੇ ਮੋਢੇ ਦੀਆਂ ਸੱਟਾਂ ਅਕਸਰ ਲੱਗ ਜਾਂਦੀਆਂ ਹਨ। ਨੌਜਵਾਨ ਖਿਡਾਰੀ ਇਨ੍ਹਾਂ ਸੱਟਾਂ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਜਾਂ ਸਹੀ ਦਿਸ਼ਾ ਵਿਚ ਇਲਾਜ ਨਹੀਂ ਕਰਵਾਉਂਦੇ। ਜਿਸ ਨਾਲ ਉਨ੍ਹਾਂ ਦੀ ਮੁਸ਼ਕਿਲ ਹੋਰ ਵੱਧ ਜਾਂਦੀ ਹੈ। ਖੇਡਾਂ ਦੀਆਂ ਸੱਟਾਂ ਦਾ ਸਹੀ ਸਮੇਂ ’ਤੇ ਸਹੀ ਜਾਂਚ ਅਤੇ ਆਰਥਰੋਸਕੋਪੀ ਇਲਾਜ ਕਰਕੇ ਖਿਡਾਰੀਆਂ ਦਾ ਖੇਡ ਕਰੀਅਰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਖਿਡਾਰੀ ਅਤੇ ਸਮੂਹ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਬੰਧਕਾਂ ਅਤੇ ਡਾ. ਪਰਮਿੰਦਰ ਸਿੰਘ ਵਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਪ੍ਰਬੰਧਕ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਨੇ ਪੂਰੀ ਟੀਮ ਨੂੰ ਇਸ ਸ਼ਾਨਦਾਰ ਆਪ੍ਰੇਸ਼ਨ ਲਈ ਵਧਾਈ ਦਿੰਦਿਆਂ ਦੱਸਿਆ ਕਿ ਖਿਡਾਰੀਆਂ ਲਈ ਗੋਡੇ, ਮੋਢੇ ਅਤੇ ਹੋਰ ਜੋੜਾਂ ਦੀਆਂ ਖੇਡ ਸੱਟਾਂ ਦਾ ਅਤਿ-ਆਧੁਨਿਕ ਇਲਾਜ ਲਈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਵਿਸ਼ੇਸ਼ ਪ੍ਰਬੰਧ ਹਨ। ਇਸ ਮੌਕੇ ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ, ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਮਹਿੰਦਰ ਪਾਲ ਸਿੰਘ ਦਫਤਰ ਸੁਪਰਡੈਂਟ, ਬਲਜੀਤ ਕੌਰ ਸਰਜਰੀ ਵਾਰਡ ਇੰਚਾਰਜ, ਮਨਪ੍ਰੀਤ ਕੌਰ ਨਰਸਿੰਗ ਸਟਾਫ ਵੀ ਹਾਜ਼ਰ ਸਨ।