- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਦਾ ਸਿੱਖਿਅਕ ਨਰਸਰੀ ਦਾ ਦੌਰਾ ਕਰਵਾਇਆ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਡੈਰਿਕ ਇੰਟਰਨੈਸ਼ਨਲ ਸਕੂਲ ਬੰਗਾ ਵੱਲੋਂ ਜਮਾਤ ਛੇਵੀਂ ਤੋਂ ਅੱਠਵੀਂ ਦੇ ਵਿਦਿਆਰਥੀਆਂ ਲਈ ਸਾਇੰਸ ਵਿਭਾਗ ਅਤੇ ਕਲਾਸ ਅਧਿਆਪਕਾਂ ਦੇ ਸਹਿਯੋਗ ਨਾਲ ਇੱਕ ਸਥਾਨਕ ਸਿੱਖਿਅਕ ਨਰਸਰੀ ਦੌਰਾ ਕਰਵਾਇਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਨਿਰੀਖਣ ਕਰਨ, ਸਵਾਲ ਪੁੱਛਣ ਅਤੇ ਆਪਣੇ ਗਿਆਨ ਨੂੰ ਅਸਲ ਜੀਵਨ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਸੀ। ਦੌਰੇ ਦੌਰਾਨ ਵਿਦਿਆਰਥੀਆਂ ਨੇ ਬੂਟਿਆਂ ਦੀਆਂ ਵੱਖ-ਵੱਖ ਅਵਸਥਾਵਾਂ ਅਤੇ ਕਿਸਮਾਂ, ਮਿੱਟੀ ਦੇ ਮਿਸ਼ਰਣ, ਬੂਟਿਆਂ ਦੇ ਪ੍ਰਸਾਰ, ਨਰਸਰੀ ਵਿਚ ਵਰਤੇ ਜਾਣ ਵਾਲੇ ਸੰਦਾਂ, ਬੂਟਿਆਂ ਦੀ ਦੇਖਭਾਲ, ਬੂਟਿਆਂ ਦੀ ਮਹੱਤਤਾ ਅਤੇ ਵੱਖ-ਵੱਖ ਕਿਸਮਾਂ ਦੀਆਂ ਨਰਸਰੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਸਾਇੰਸ ਅਧਿਆਪਕਾਂ ਨੇ ਮੌਕੇ ’ਤੇ ਹੀ ਵਿਦਿਆਰਥੀਆਂ ਨੂੰ ਬੀਜ, ਤਣੇ ਦੀ ਕਟਿੰਗ, ਪੱਤੇ ਅਤੇ ਗ੍ਰਾਫਟਿੰਗ ਰਾਹੀਂ ਬੂਟਿਆਂ ਦੇ ਪ੍ਰਸਾਰ ਦੀਆਂ ਵਿਧੀਆਂ ਉਦਾਹਰਨਾਂ ਸਮੇਤ ਸਮਝਾਈਆਂ। ਵਿਦਿਆਰਥੀਆਂ ਨੇ ਕੰਪੋਸਟ, ਰੇਤ, ਸੇਡ ਨੈੱਟ, ਸਹੀ ਪਾਣੀ ਦੇਣ ਦੀ ਵਿਧੀ, ਪੌਸ਼ਟਿਕ ਤੱਤਾਂ ਅਤੇ ਕੇਂਚੂਆਂ ਦੀ ਮਹੱਤਵ ਪੂਰਨ ਭੂਮਿਕਾ ਬਾਰੇ ਵੀ ਜਾਣਿਆ। ਉਨ੍ਹਾਂ ਸਮਝਿਆ ਕਿ ਬੂਟੇ ਸਾਨੂੰ ਆਕਸੀਜਨ, ਭੋਜਨ ਅਤੇ ਦਵਾਈਆਂ ਪ੍ਰਦਾਨ ਕਰਨ ਦੇ ਨਾਲ-ਨਾਲ ਪ੍ਰਦੂਸ਼ਣ ਨੂੰ ਘਟਾਉਣ ਅਤੇ ਮਿੱਟੀ ਦੇ ਕਟਾਅ ਨੂੰ ਰੋਕਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਨਰਸਰੀ ਦੇ ਮਾਲੀ ਇਫਤਾਬ ਅਤੇ ਮਾਲੀ ਨਦੀਨ ਨਾਲ ਕਰਵਾਏ ਗਏ ਪ੍ਰਸ਼ਨ-ਉੱਤਰ ਸੈਸ਼ਨ ਨੇ ਵਿਦਿਆਰਥੀਆਂ ਦੇ ਸਿੱਖਣ ਦੇ ਅਨੁਭਵ ਨੂੰ ਹੋਰ ਵੀ ਰੌਚਕ ਅਤੇ ਵਿਹਾਰਕ ਬਣਾਇਆ। ਇਸ ਮੌਕੇ ਪ੍ਰਿੰ. ਨੀਨਾ ਭਾਰਦਵਾਜ ਨੇ ਕਿਹਾ ਕਿ ਨਰਸਰੀ ਸਿਰਫ਼ ਬੂਟੇ ਉਗਾਉਣ ਦੀ ਥਾਂ ਨਹੀਂ, ਸਗੋਂ ਇੱਕ ਜੀਵੰਤ ਪ੍ਰਯੋਗਸ਼ਾਲਾ ਹੈ, ਜਿੱਥੇ ਵਿਦਿਆਰਥੀ ਇੱਕ ਨਿੱਕੇ ਜਿਹੇ ਬੀਜ ਤੋਂ ਹਰੇ-ਭਰੇ ਬੂਟੇ ਬਣਨ ਤੱਕ ਦੇ ਸਫ਼ਰ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹਨ। ਉਨ੍ਹਾਂ ਸਾਇੰਸ ਵਿਭਾਗ ਅਤੇ ਕਲਾਸ ਅਧਿਆਪਕਾਂ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸਰਗਰਮੀਆਂ ਵਿਦਿਆਰਥੀਆਂ ਵਿਚ ਜਿਗਿਆਸਾ, ਵਿਗਿਆਨਕ ਸੋਚ ਅਤੇ ਪ੍ਰਕਿਰਤੀ ਪ੍ਰਤੀ ਸਤਿਕਾਰ ਦੀ ਭਾਵਨਾ ਪੈਦਾ ਕਰਦੀਆਂ ਹਨ। ਇਹ ਵਿੱਦਿਅਕ ਦੌਰਾ ਵਿਦਿਆਰਥੀਆਂ ਲਈ ਬੂਟਿਆਂ ਦੇ ਜੀਵਨ, ਉਨ੍ਹਾਂ ਦੀ ਸੰਭਾਲ ਅਤੇ ਵਾਤਾਵਰਣ ਦੀ ਮਹੱਤਤਾ ਨੂੰ ਸਮਝਣ ਦਾ ਇੱਕ ਵਿਹਾਰਕ, ਰੌਚਕ ਅਤੇ ਯਾਦਗਾਰ ਅਨੁਭਵ ਸਾਬਤ ਹੋਇਆ।