ਵਿਦਿਆਰਥੀਆਂ ਨੇ ਬਿਰਧ ਅਤੇ ਅਨਾਥ ਆਸ਼ਰਮ ਦਾ ਕੀਤਾ ਦੌਰਾ ਵਿਦਿਆਰਥੀਆਂ ਨੇ ਬਿਰਧ ਅਤੇ ਅਨਾਥ ਆਸ਼ਰਮ ਦਾ ਕੀਤਾ ਦੌਰਾ
Publish Date: Mon, 23 Nov 2026 03:30 PM (IST)
Updated Date: Mon, 23 Nov 2026 03:31 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਕੇਸੀ ਪਬਲਿਕ ਸਕੂਲ ਕਰਿਆਮ ਰੋਡ ਨਵਾਂਸ਼ਹਿਰ ਦੀ ਸੱਤਵੀਂ ਕਲਾਸ ਦੇ ਕਰੀਬ 30 ਵਿਦਿਆਰਥੀਆਂ ਨੇ ਸਕੂਲ ਪ੍ਰਿੰ. ਪੂਜਾ ਸ਼ਾਰਦਾ ਦੀ ਦੇਖ-ਰੇਖ ਚ ਆਪਣੇ ਸਿਲੇਬਸ ਅਨੁਸਾਰ ਸਲੋਹ ਸਥਿਤ ਸ੍ਰੀ ਦੱਖਣੇਸ਼ਵਰੀ ਮਾਂ ਭਦਰਕਾਲੀ ਮੰਦਰ ਅਤੇ ਬਿਰਧ ਤੇ ਅਨਾਥ ਆਸ਼ਰਮ ਪਿੰਡ ਸਲੋਹ ਦਾ ਦੌਰਾ ਕੀਤਾ। ਵਿਦਿਆਰਥੀਆਂ ਨੇ ਬਜ਼ੁਰਗਾਂ ਨਾਲ ਗਊਸ਼ਾਲਾ ਵੀ ਦੇਖੀ ਅਤੇ ਮੰਦਰ ਚ ਮੱਥਾ ਟੇਕਿਆ। ਦੌਰੇ ਦੌਰਾਨ ਉਨ੍ਹਾਂ ਨਾਲ ਰਜਨੀ, ਸਹਾਇਕ ਸੁਖਪ੍ਰੀਤ ਕੌਰ, ਵਿਪਨ ਕੁਮਾਰ ਅਤੇ ਸਰਤਾਜ ਸਿੰਘ ਵੀ ਮੌਜੂਦ ਸਨ। ਆਸ਼ਰਮ ਦੇ ਪ੍ਰਬੰਧਕ ਮਹੰਤ ਰਾਜ ਕੁਮਾਰ, ਉਰਵਸ਼ੀ ਸ਼ਰਮਾ, ਗੁਲਸ਼ਨ ਕੁਮਾਰ (ਸਾਜਨ) ਨੇ ਵਿਦਿਆਰਥੀਆਂ ਨੂੰ ਆਸ਼ਰਮ ਵਿਚ ਰਹਿ ਰਹੇ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨਾਲ ਮਿਲਵਾਇਆ। ਵਿਦਿਆਰਥੀਆਂ ਨੇ ਆਸ਼ਰਮ ਲਈ ਲੋੜੀਂਦਾ ਸਹਾਇਤਾ ਸਮਾਨ ਵੀ ਭੇਂਟ ਕੀਤਾ।।ਬਜ਼ੁਰਗਾਂ ਕੁਲਵੰਤ ਕੌਰ, ਕਮਲੇਸ਼, ਪਲਕੂ, ਗਿਆਨ, ਸ਼ਿਵ ਚਰਨ, ਸਾਹਿਲ ਅਤੇ ਗੋਪੀ ਨੇ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਹ ਹੁਣ ਅਧਿਆਤਮਿਕ ਜੀਵਨ ਬਤੀਤ ਕਰਨਾ ਚਾਹੁੰਦੇ ਹਨ। ਆਸ਼ਰਮ ਵਿਚ ਉਨ੍ਹਾਂ ਨੂੰ ਪ੍ਰਭੂ ਸਿਮਰਨ ਦੇ ਨਾਲ ਤਿੰਨੋਂ ਸਮੇਂ ਦਾ ਖਾਣਾ, ਰਹਿਣ ਅਤੇ ਇਲਾਜ ਦੀ ਸਹੂਲਤ ਮਿਲ ਰਹੀ ਹੈ। ਕੁਲਵੰਤ ਕੌਰ ਨੇ ਦੱਸਿਆ ਕਿ ਉਹ ਜਲੰਧਰ ਇਲਾਕੇ ਨਾਲ ਸੰਬੰਧਤ ਹਨ। ਪਤੀ ਤੋਂ ਬਾਅਦ ਉਸ ਦੇ ਤਿੰਨਾਂ ਪੁੱਤਰਾਂ ਦੀ ਵੀ ਮੌਤ ਹੋ ਗਈ। ਜਿਸ ਤੋਂ ਬਾਅਦ ਉਹ ਇਸ ਆਸ਼ਰਮ ਵਿਚ ਰਹਿ ਰਹੀ ਹੈ।। ਕਮਲੇਸ਼ ਨੇ ਦੱਸਿਆ ਕਿ ਉਹ ਪਹਿਲਾਂ ਆਪਣੀ ਮਾਂ ਨਾਲ ਨਵਾਂਸ਼ਹਿਰ ਰਹਿੰਦੀ ਸੀ, ਪਰ ਮਾਂ ਦੇ ਦਿਹਾਂਤ ਤੋਂ ਬਾਅਦ ਆਸ਼ਰਮ ਚ ਆ ਗਈ। ਸਾਜਨ ਨੇ ਦੱਸਿਆ ਕਿ ਮਹੰਤ ਰਾਜ ਕੁਮਾਰ ਮਾਤਾ ਰਾਣੀ ਦੇ ਜਾਗਰਣ, ਚੌਂਕੀਆਂ ਅਤੇ ਸਤਿਸੰਗ ਕਰਵਾਉਂਦੇ ਹਨ ਅਤੇ ਇਨ੍ਹਾਂ ਤੋਂ ਹੋਣ ਵਾਲੀ ਆਮਦਨ ਨਾਲ ਹੀ ਆਸ਼ਰਮ ਦਾ ਪ੍ਰਬੰਧ ਚਲਾਇਆ ਜਾਂਦਾ ਹੈ। ਬਜ਼ੁਰਗਾਂ ਦੀਆਂ ਜੀਵਨ ਕਹਾਣੀਆਂ ਸੁਣ ਕੇ ਕਈ ਵਿਦਿਆਰਥੀ ਅਤੇ ਸਟਾਫ ਮੈਂਬਰ ਭਾਵੁਕ ਹੋ ਗਏ। ਵਾਪਸੀ ਮੌਕੇ ਪ੍ਰਿੰ. ਪੂਜਾ ਸ਼ਾਰਦਾ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਦੌਰਿਆਂ ਰਾਹੀਂ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਅਤੇ ਬਜ਼ੁਰਗਾਂ ਦੀ ਦੇਖ-ਭਾਲ ਕਰਨ ਦੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗਾਂ ਦੀ ਸੰਭਾਲ ਕਰਨਾ ਹਰ ਬੱਚੇ ਦਾ ਫਰਜ਼ ਹੈ ਅਤੇ ਇਸ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਨਿਭਾਉਣਾ ਚਾਹੀਦਾ ਹੈ।