- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਨੇ ਲੁਧਿਆਣਾ ਸਟਾਕ ਐਂਡ ਕੈਪੀਟਲ ਲਿਮਟਿਡ ਦਾ ਕੀਤਾ ਵਿੱਦਿਅਕ ਦੌਰਾ

ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਡੈਰਿਕ ਇੰਟਰਨੈਸ਼ਨਲ ਸਕੂਲ ਵੱਲੋਂ ਜਮਾਤ ਗਿਆਰਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਲੁਧਿਆਣਾ ਸਟਾਕ ਐਂਡ ਕੈਪੀਟਲ ਲਿਮਟਿਡ ਦਾ ਇੱਕ ਗਿਆਨ ਵਰਧਕ ਅਤੇ ਉਦੇਸ਼ ਪੂਰਨ ਵਿੱਦਿਅਕ ਦੌਰਾ ਕਰਵਾਇਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਟਾਕ ਐਕਸਚੇਂਜ, ਪੂੰਜੀ ਬਾਜ਼ਾਰ, ਸ਼ੇਅਰ ਬਾਜ਼ਾਰ ਦੀ ਕਾਰਜ ਪ੍ਰਣਾਲੀ ਅਤੇ ਵਿੱਤੀ ਲੈਣ-ਦੇਣ ਦੀ ਅਸਲ ਪ੍ਰਕਿਰਿਆ ਨਾਲ ਜਾਣੂ ਕਰਵਾਉਣਾ ਸੀ। ਇਸ ਵਿੱਦਿਅਕ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਇਹ ਸਮਝਣ ਦਾ ਮੌਕਾ ਮਿਲਿਆ ਕਿ ਸਟਾਕ ਐਕਸਚੇਂਜ ਕਿਸ ਤਰ੍ਹਾਂ ਕੰਮ ਕਰਦਾ ਹੈ ਅਤੇ ਦੇਸ਼ ਦੀ ਅਰਥ ਵਿਵਸਥਾ ਵਿਚ ਇਸ ਦੀ ਕੀ ਭੂਮਿਕਾ ਹੈ। ਵਿਦਿਆਰਥੀਆਂ ਨੇ ਸ਼ੇਅਰਾਂ ਦੀ ਖਰੀਦ-ਫਰੋਖ਼ਤ, ਨਿਵੇਸ਼ ਦੀ ਪ੍ਰਕਿਰਿਆ, ਬਾਜ਼ਾਰ ਵਿਚ ਹੋਣ ਵਾਲੇ ਉਤਾਰ-ਚੜ੍ਹਾਅ, ਨਿਵੇਸ਼ਕਾਂ ਅਤੇ ਬ੍ਰੋਕਰਾਂ ਦੀ ਭੂਮਿਕਾ ਅਤੇ ਪੂੰਜੀ ਬਾਜ਼ਾਰ ਦੇ ਵੱਖ-ਵੱਖ ਪੱਖਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕਲਾਸ ਵਿਚ ਪੜ੍ਹਾਏ ਜਾਂਦੇ ਸ਼ੇਅਰ, ਨਿਵੇਸ਼, ਪੂੰਜੀ ਬਾਜ਼ਾਰ, ਮੰਗ ਅਤੇ ਸਪਲਾਈ, ਬਾਜ਼ਾਰ ਮੁੱਲ ਅਤੇ ਵਿੱਤੀ ਪ੍ਰਣਾਲੀ ਵਰਗੇ ਵਿਸ਼ਿਆਂ ਨੂੰ ਵਿਦਿਆਰਥੀਆਂ ਨੇ ਅਸਲ ਜੀਵਨ ਦੇ ਸੰਦਰਭ ਵਿਚ ਸਮਝਿਆ। ਇਸ ਦੌਰੇ ਨੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਤੋਂ ਅੱਗੇ ਵੱਧ ਕੇ ਦੇਖਣ, ਸਮਝਣ, ਸਵਾਲ ਪੁੱਛਣ ਅਤੇ ਅਸਲ ਹਾਲਾਤਾਂ ਤੋਂ ਸਿੱਖਣ ਦਾ ਮੌਕਾ ਪ੍ਰਦਾਨ ਕੀਤਾ। ਇਸ ਪ੍ਰਤੱਖ ਅਨੁਭਵ ਨੇ ਵਿਦਿਆਰਥੀਆਂ ਦੀ ਵਿੱਤੀ ਜਾਗਰੂਕਤਾ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਵਿਚ ਆਲੋਚਨਾਤਮਕ ਸੋਚ, ਜਿਗਿਆਸਾ, ਫੈਸਲਾ ਲੈਣ ਦੀ ਸਮਰੱਥਾ ਅਤੇ ਵਿਹਾਰਕ ਸਮਝ ਨੂੰ ਵੀ ਵਿਕਸਿਤ ਕੀਤਾ। ਵਿਦਿਆਰਥੀਆਂ ਨੂੰ ਵਿੱਤ, ਨਿਵੇਸ਼, ਬੈਂਕਿੰਗ, ਸ਼ੇਅਰ ਬਾਜ਼ਾਰ ਅਤੇ ਪੂੰਜੀ ਬਾਜ਼ਾਰ ਨਾਲ ਜੁੜੇ ਸੰਭਾਵਿਤ ਕੈਰੀਅਰ ਵਿਕਲਪਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਹੋਈ। ਪ੍ਰਿੰ. ਨੀਨਾ ਭਾਰਦਵਾਜ਼ ਨੇ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖਿਆ ਸਿਰਫ਼ ਕਿਤਾਬਾਂ ਅਤੇ ਕਲਾਸ ਰੂਮ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ ਅਸਲ ਜੀਵਨ ਦੇ ਅਨੁਭਵ ਵਿਦਿਆਰਥੀਆਂ ਦੇ ਗਿਆਨ ਨੂੰ ਹੋਰ ਵਿਹਾਰਕ, ਪ੍ਰਭਾਵਸ਼ਾਲੀ ਅਤੇ ਸਥਾਈ ਬਣਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਨੂੰ ਵੱਖ-ਵੱਖ ਸੰਸਥਾਵਾਂ ਦੀ ਕਾਰਜ ਪ੍ਰਣਾਲੀ ਨੂੰ ਪ੍ਰਤੱਖ ਰੂਪ ਵਿੱਚ ਸਮਝਣ, ਆਪਣੇ ਗਿਆਨ ਦਾ ਵਿਸਥਾਰ ਕਰਨ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਹੱਤਵ ਪੂਰਨ ਭੂਮਿਕਾ ਨਿਭਾਉਂਦੇ ਹਨ। ਲੁਧਿਆਣਾ ਸਟਾਕ ਐਂਡ ਕੈਪੀਟਲ ਲਿਮਟਿਡ ਦਾ ਇਹ ਦੌਰਾ ਵਿਦਿਆਰਥੀਆਂ ਦੇ ਵਿੱਦਿਅਕ ਅਤੇ ਭਵਿੱਖੀ ਪੇਸ਼ੇਵਰ ਵਿਕਾਸ ਵੱਲ ਇੱਕ ਮਹੱਤਵ ਪੂਰਨ ਕਦਮ ਸਾਬਤ ਹੋਇਆ।