ਖੇਲ ਕੀ ਬਾਤ, ਪੀਐੱਮ ਕੇ ਸਾਥ ਤਹਿਤ ਵਿਸ਼ੇਸ਼ ਸੰਵਾਦ ਕਰਨਗੇ ਵਿਦਿਆਰਥੀ : ਪ੍ਰਿੰ. ਰੱਤੀ ਖੇਲ ਕੀ ਬਾਤ, ਪੀਐਮ ਕੇ ਸਾਥ ਤਹਿਤ ਵਿਸ਼ੇਸ਼ ਸੰਵਾਦ ਕਰਨਗੇ ਵਿਦਿਆਰਥੀ-ਪ੍ਰਿੰ. ਡਾ. ਇੰਦੂ ਰੱਤੀ
Publish Date: Tue, 25 Aug 2026 06:20 PM (IST)
Updated Date: Tue, 25 Aug 2026 06:21 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸਿੱਖ ਨੈਸ਼ਨਲ ਕਾਲਜ ਬੰਗਾ ਲਈ ਇਹ ਬੜੇ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਕਾਲਜ ਨੂੰ 27 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੇ ਵਿਸ਼ੇਸ਼ ਸੰਵਾਦ ‘ਖੇਲ ਕੀ ਬਾਤ, ਪੀਐੱਮ ਕੇ ਸਾਥ’ ਵਿਚ ਹਿੱਸਾ ਲੈਣ ਦਾ ਮੌਕਾ ਪ੍ਰਾਪਤ ਹੋਇਆ ਹੈ। ਪੂਰੇ ਜ਼ਿਲ੍ਹੇ ਵਿਚੋਂ ਚੁਣੇ ਗਏ ਗਰੁੱਪ-1 ਵਿਚ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਭਾਗੀਦਾਰੀ ਕਾਲਜ ਲਈ ਮਾਣ ਵਾਲੀ ਉਪਲਬਧੀ ਹੈ। ਪ੍ਰਿੰ. ਡਾ. ਇੰਦੂ ਰੱਤੀ ਨੇ ਦੱਸਿਆ ਕਿ ਇਸ ਮੌਕੇ ਬਤੌਰ ਸਪੋਰਟਸ ਆਈਕਨ ਪ੍ਰਸਿੱਧ ਭਾਰਤੀ ਪੇਸ਼ੇਵਰ ਫ੍ਰੀ ਸਟਾਈਲ ਪਹਿਲਵਾਨ ਵਿਨੇਸ਼ ਫੋਗਾਟ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵੱਲੋਂ ਸਮੇਂ-ਸਮੇਂ ’ਤੇ ਵਿਦਿਆਰਥੀਆਂ ਨੂੰ ਸਮਾਜਿਕ ਜ਼ਿੰਮੇਵਾਰੀਆਂ, ਰਾਸ਼ਟਰੀ ਭਾਵਨਾ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੇ ਇਸ ਸੰਵਾਦ ਵਿਚ ਸ਼ਾਮਲ ਹੋਣਾ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਵਿਲੱਖਣ ਅਤੇ ਪ੍ਰੇਰਨਾਦਾਇਕ ਅਨੁਭਵ ਹੋਵੇਗਾ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਟੀਮ ਭਾਵਨਾ, ਆਤਮ-ਵਿਸ਼ਵਾਸ ਅਤੇ ਨੇਤ੍ਰਿਤਵ ਦੇ ਗੁਣ ਪੈਦਾ ਕਰਨ ਵਿਚ ਮਹੱਤਵ ਪੂਰਨ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਸੰਵਾਦ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਦੇਸ਼ ਦੀ ਤਰੱਕੀ ਵਿਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰੇਗਾ। ਜਿਸ ਨਾਲ ਵਿਦਿਆਰਥੀਆਂ ਵਿਚ ਨਵਾਂ ਜੋਸ਼ ਪੈਦਾ ਹੋਵੇਗਾ। ਕਾਲਜ ਪ੍ਰਬੰਧਕ ਕਮੇਟੀ ਅਤੇ ਸਮੂਹ ਸਟਾਫ਼ ਨੇ ਇਸ ਉਪਲਬਧੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐੱਨਐੱਸਐੱਸ ਵਿਭਾਗ ਦੇ ਇੰਚਾਰਜ ਪ੍ਰੋ. ਵਿਪਨ, ਡਾ. ਨਿਰਮਲਜੀਤ ਕੌਰ, ਪ੍ਰੋ. ਤਜਿੰਦਰ ਸਿੰਘ, ਪ੍ਰੋ. ਮਨਰਾਜ ਕੌਰ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੀਆਂ ਰਾਸ਼ਟਰੀ ਪੱਧਰ ਦੀਆਂ ਗਤੀਵਿਧੀਆਂ ਵਿਚ ਸਰਗਰਮ ਭਾਗੀਦਾਰੀ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।