ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡਾਂ 'ਚ ਮਾਰੀਆਂ ਮੱਲਾਂ
Publish Date: Fri, 16 Oct 2026 03:27 PM (IST)
Updated Date: Fri, 16 Oct 2026 03:30 PM (IST)
ਹਰਦੀਪ ਚੌਧਰੀ, ਪੰਜਾਬੀ ਜਾਗਰਣ ਪੋਜੇਵਾਲ ਸਰਾਂ : ਜ਼ਿਲ੍ਹਾ ਪੱਧਰ ’ਤੇ ਚੱਲ ਰਹੀਆਂ 70ਵੀਆਂ ਪੰਜਾਬ ਸਕੂਲ ਖੇਡਾਂ ਅੰਤਰ ਜ਼ਿਲ੍ਹਾ ਖੇਡਾਂ ਵਿਚ ਨਿਊ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 15 ਮੈਡਲ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਵੱਖ-ਵੱਖ ਉਮਰ ਵਰਗਾਂ ਅਤੇ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਂਦਿਆਂ ਵਿਦਿਆਰਥੀਆਂ ਨੇ ਆਪਣੀ ਖੇਡ ਪ੍ਰਤਿਭਾ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਵਰਗ ਵਿਚ ਸਕੂਲ ਦੇ ਵਿਦਿਆਰਥੀਆਂ ਨੇ 4*100 ਮੀਟਰ ਰੀਲੇਅ ਦੌੜ ਵਿਚ ਦੂਜਾ ਸਥਾਨ ਹਾਸਲ ਕੀਤਾ। ਇਸੇ ਵਰਗ ਵਿਚ 4*400 ਮੀਟਰ ਰੀਲੇਅ ਦੌੜ ਵਿਚ ਵੀ ਦੂਜਾ ਸਥਾਨ ਪ੍ਰਾਪਤ ਕਰ ਕੇ ਸਕੂਲ ਦੀਆਂ ਪ੍ਰਾਪਤੀਆਂ ਵਿਚ ਵਾਧਾ ਕੀਤਾ। ਅੰਡਰ-19 ਵਰਗ ਵਿਚ ਸਾਕਸ਼ਰ ਕੁਮਾਰ ਨੇ ਸ਼ਾਟ ਪੁੱਟ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕਰ ਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਇਸੇ ਵਰਗ ਵਿਚ ਸਕੂਲ ਦੀ ਟੀਮ ਨੇ 4*400 ਮੀਟਰ ਰੀਲੇਅ ਦੌੜ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 800 ਮੀਟਰ ਦੌੜ ਵਿਚ ਇੰਦਰਵੀਰ ਸਿੰਘ ਨੇ ਤੀਜਾ ਸਥਾਨ ਅਤੇ 1500 ਮੀਟਰ ਦੌੜ ਵਿਚ ਹਰਮਨਪ੍ਰੀਤ ਨੇ ਦੂਜਾ ਸਥਾਨ ਹਾਸਲ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਸਕੂਲ ਦੇ ਚੇਅਰਮੈਨ ਸੰਜੇ ਮਲਹੋਤਰਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਖੇਡਾਂ ਪ੍ਰਤੀ ਹੋਰ ਮਿਹਨਤ ਕਰਨ ਅਤੇ ਨਵੀਆਂ ਪ੍ਰਾਪਤੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰ. ਗੀਤਿਕਾ ਚੰਦੇਲ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਲਗਨ ਅਤੇ ਅਧਿਆਪਕਾਂ ਦੇ ਮਾਰਗ ਦਰਸ਼ਨ ਦਾ ਨਤੀਜਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਖੇਡਾਂ ਵਿਚ ਆਪਣਾ ਭਵਿੱਖ ਬਣਾਉਣ ਅਤੇ ਵੱਡੇ ਪੱਧਰ ਤੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਵੀ ਪ੍ਰੇਰਿਤ ਕੀਤਾ।।ਇਸ ਮੌਕੇ ਕੁਲਵਿੰਦਰ ਕੌਰ, ਪ੍ਰਵੀਨ ਕੋਸ਼ਲ, ਯੋਗਿਤਾ ਸ਼ਰਮਾ, ਪਵਨ ਕੁਮਾਰ, ਰਮਨ ਕੁਮਾਰ, ਨਰਿੰਦਰ ਸਿੰਘ, ਲਵਪ੍ਰੀਤ ਸਿੰਘ, ਰਮਨਪ੍ਰੀਤ ਸਿੰਘ, ਸੁਨੀਤਾ ਸ਼ਰਮਾ, ਸਪਨਾ ਦੇਵੀ, ਪੂਜਾ ਦੇਵੀ, ਰਾਜ ਕੁਮਾਰੀ, ਗੁਰਦੀਪ ਕੌਰ, ਸਾਕਸ਼ੀ ਕਟਾਰੀਆ, ਭਾਰਤੀ ਦੇਵੀ, ਸੁਖਪਾਲ ਅਤੇ ਪੀਟੀ ਜੋਗਿੰਦਰ ਪਾਲ ਤੇ ਸਕੂਲ ਦਾ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।