- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦਿਆਰਥੀਆਂ ਨੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਔੜ : ਰਾਜਾ ਸਾਹਿਬ ਸਕੂਲ ਝਿੰਗੜਾ ਵਿਖੇ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ ਮਨਾਇਆ। ਸਮਾਗਮ ਦਾ ਆਰੰਭ ਕਰਦੇ ਹੋਏ ਪ੍ਰਿੰ. ਤਰਜੀਵਨ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੰਜਾਬੀ ਸਾਹਿਤ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਬੜਾ ਪਿੰਡ ਲੋਹੋਟੀਆ ਜ਼ਿਲ੍ਹਾ ਸਿਆਲਕੋਟ ਵਿਚ ਹੋਇਆ। ਉਹ ਪੰਜਾਬੀ ਦੇ ਪ੍ਰਸਿੱਧ ਕਵੀ, ਲੇਖਕ ਅਤੇ ਨਾਟਕਕਾਰ ਸਨ। ਉਨ੍ਹਾਂ ਦੀ ਕਵਿਤਾ ਵਿਚ ਪਿਆਰ ਵਿਛੋੜਾ ਦਰਦ ਕੁਦਰਤ ਅਤੇ ਮਨੁੱਖੀ ਭਾਵਨਾਵਾਂ ਦਾ ਬਹੁਤ ਸੁੰਦਰ ਚਰਿਤਰਣ ਮਿਲਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿਚ ਪੀੜਾ ਦਾ ਪਰਾਗਾ, ਲਾਜਵੰਤੀ, ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ ਬਿਰਹਾ ਨੂੰ ਸੁਲਤਾਨ ਅਤੇ ਲੂਣਾ ਸ਼ਾਮਿਲ ਹਨ। ਅਧਿਆਪਿਕਾ ਪ੍ਰੀਤੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਪ੍ਰਸਿੱਧ ਰਚਨਾਵਾਂ ਵਿੱਚੋਂ ਲੂਣਾ ਲਈ ਉਹਨਾਂ ਨੂੰ 1967 ਈਸਵੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਉਹ ਇਹ ਸਨਮਾਨ ਪ੍ਰਾਪਤ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਸਾਹਿਤਕਾਰਾ ਸਨ। ਸ਼ਿਵ ਕੁਮਾਰ ਬਟਾਲਵੀ ਨੂੰ ਉਨ੍ਹਾਂ ਦੀ ਵਿਲੱਖਣ ਕਾਵਿ-ਸ਼ੈਲੀ ਅਤੇ ਭਾਵਪੂਰਨ ਰਚਨਾਵਾਂ ਕਰਕੇ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੀ ਕਵਿਤਾ ਅੱਜ ਵੀ ਪੰਜਾਬੀ ਸਾਹਿਤ ਅਤੇ ਸੰਗੀਤ ਵਿਚ ਆਪਣੀ ਵਿਸ਼ੇਸ਼ ਥਾਂ ਰੱਖਦੀ ਹੈ। ਵਿਦਿਆਰਥੀ ਸਕਰਨਵੀਰ ਸਿੰਘ ਅਤੇ ਹਰਲੀਨ ਕੌਰ ਨੇ ਸ਼ਿਵ ਕੁਮਾਰ ਬਟਾਲਵੀ ਦੇ ਜੀਵਨ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਬਟਾਲਵੀ ਦਾ ਜੀਵਨ ਭਾਵੇਂ ਛੋਟਾ ਸੀ ਪਰ ਉਨ੍ਹਾਂ ਦੀਆਂ ਰਚਨਾਵਾਂ ਨੇ ਪੰਜਾਬੀ ਸਾਹਿਤ ਨੂੰ ਅਮਰ ਯੋਗਦਾਨ ਦਿੱਤਾ। ਉਨ੍ਹਾਂ ਦੀ ਕਵਿਤਾ ਸਾਨੂੰ ਆਪਣੀ ਮਾਂ ਬੋਲੀ ਸਾਹਿਤ ਅਤੇ ਸੱਭਿਆਚਾਰ ਨਾਲ ਪਿਆਰ ਕਰਨਾ ਸਿਖਾਉਂਦੀ ਹੈ। ਮੈਨੇਜਰ ਕਮਲਜੀਤ ਸਿੰਘ ਗਰਚਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅਸੀਂ ਵੀ ਪੰਜਾਬੀ ਭਾਸ਼ਾਵਾਂ ਸਾਹਿਤ ਨੂੰ ਪੜ੍ਹੀਏ ਸਮਝੀਏ ਅਤੇ ਅੱਗੇ ਵਧੀਏ। ਇਸ ਮੌਕੇ ਤੇ ਨਰਿੰਦਰ ਸਿੰਘ ਗਰਚਾ, ਅਜੇ ਸ਼ਰਮਾ, ਗੁਰਪ੍ਰੀਤ ਸਿੰਘ, ਅਮਨਦੀਪ, ਸੁਖਵਿੰਦਰ ਕੌਰ, ਬਲਵੀਰ ਕੌਰ, ਸਿਮਰਨ, ਹਰਦੀਪ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਕੌਰ, ਰਾਜਵਿੰਦਰ ਕੌਰ ਦੇ ਨਾਲ ਸਾਰਾ ਸਟਾਫ ਮੌਜੂਦ ਸਨ।