ਨੈਸ਼ਨਲ ਹਾਈਵੇ ’ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਵਿਦਿਆਰਥੀ ਦੀ ਮੌਤ ਕਾਰ ਅਤੇ ਮੋਟਰਸਾਇਕਲ ਦੀ ਟੱਕਰ 'ਚ ਵਿਦਿਆਰਥੀ ਦੀ ਮੌਤ
Publish Date: Sun, 09 Aug 2026 06:19 PM (IST)
Updated Date: Sun, 09 Aug 2026 06:20 PM (IST)
- 11ਵੀਂ ਜਮਾਤ ਵਿੱਚ ਪੜ੍ਹਦਾ ਸੀ ਸਾਹਿਬ ਸਿੰਘ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਨਵਾਂਸ਼ਹਿਰ-ਚੰਡੀਗੜ੍ਹ ਨੈਸ਼ਨਲ ਹਾਈਵੇ ’ਤੇ ਬਾਈਪਾਸ ਨੇੜੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਅਧੀਨ ਆਉਂਦੇ ਮਹਿੰਦੀਪੁਰ ਬਾਈਪਾਸ ’ਤੇ ਇੱਕ ਨਾਜਾਇਜ਼ ਕੱਟ ’ਤੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿਚ ਗੰਭੀਰ ਜ਼ਖ਼ਮੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਵਿਦਿਆਰਥੀ ਦੀ ਪਛਾਣ ਸਾਹਿਬ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਮਹਿੰਦੀਪੁਰ ਵਜੋਂ ਹੋਈ ਹੈ। ਸਾਹਿਬ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਨਵੇਂ ਸਕੂਲ ਸੈਂਟ ਜੋਸੇਫ ਕਾਨਵੈਂਟ ਸਕੂਲ ਨਵਾਂਸ਼ਹਿਰ ਵਿਖੇ ਦੂਜੇ ਦਿਨ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ। 16 ਸਾਲਾ ਸਾਹਿਬ ਸਿੰਘ 11ਵੀਂ ਜਮਾਤ ਦਾ ਵਿਦਿਆਰਥੀ ਸੀ, ਜੋ ਕਿ ਸਕੂਲ ’ਚ ਛੁੱਟੀ ਤੋਂ ਬਾਅਦ ਆਪਣੇ ਘਰ ਵਾਪਸ ਆਉਂਦੇ ਸਮੇਂ ਉਹ ਮੋਟਰਸਾਈਕਲ ’ਤੇ ਸਵਾਰ ਸੀ ਅਤੇ ਉਸ ਨੇ ਬਾਈਪਾਸ ਤੋਂ ਇੱਕ ਨਾਜਾਇਜ਼ ਕੱਟ ਤੋਂ ਜਿਵੇਂ ਹੀ ਆਪਣਾ ਮੋਟਰਸਾਈਕਲ ਆਪਣੇ ਪਿੰਡ ਵੱਲ ਨੂੰ ਮੋੜਿਆ ਦੂਜੇ ਪਾਸੇ ਤੋਂ ਆ ਰਹੀ ਇਕ ਕਾਰ ਨਾਲ ਉਸ ਦੇ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਸਾਹਿਬ ਸਿੰਘ ਨੂੰ ਗੁੱਝੀਆਂ ਸੱਟਾਂ ਲੱਗੀਆਂ ਅਤੇ ਕਿਧਰੇ ਵੀ ਕੋਈ ਖੂਨ ਬਾਹਰ ਨਹੀਂ ਆਇਆ। ਜਿਸ ਤੋਂ ਬਾਅਦ ਮੌਕੇ ਤੋਂ ਪੁੱਜੇ ਲੋਕਾਂ ਅਤੇ ਕਾਰ ਸਵਾਰ ਨੇ ਵਿਦਿਆਰਥੀ ਸਾਹਿਬ ਸਿੰਘ ਨੂੰ ਇਲਾਜ ਲਈ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਲਿਆਂਦਾ ਪਰ ਉੱਥੇ ਪੁੱਜਦਿਆਂ ਡਾਕਟਰ ਨੇ ਦੱਸਿਆ ਕਿ ਸਾਹਿਬ ਸਿੰਘ ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪੁੱਜੇ ਸਾਹਿਬ ਸਿੰਘ ਦੇ ਪਿਤਾ ਹਰਨੇਕ ਸਿੰਘ ਨੇ ਇਸ ਮਾਮਲੇ ਵਿਚ ਪੁਲਿਸ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਕਰਵਾਉਣ ਦੀ ਗੱਲ ਆਖੀ। ਪਰ ਉਹ ਸਾਹਿਬ ਸਿੰਘ ਦੀ ਮੌਤ ਨਾਲ ਬੁਰੀ ਤਰ੍ਹਾਂ ਸਦਮੇ ਵਿਚ ਜਾਪ ਰਹੇ ਹਨ। ਉਧਰ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਸਾਹਿਬ ਸਿੰਘ ਦੀ ਮਾਂ ਨੂੰ ਇਸ ਗੱਲ ਦੀ ਜਾਣਕਾਰੀ ਦੇਣ ਦੀ ਹਿਮੰਤ ਨਹੀਂ ਹੋ ਰਹੀ ਹੈ। ਜਿਸ ਕਾਰਨ ਉਨ੍ਹਾਂ ਵੱਲੋਂ ਸਾਹਿਬ ਸਿੰਘ ਦੇ ਪੀਜੀਆਈ ਚੰਡੀਗੜ੍ਹ ਇਲਾਜ ਲਈ ਜਾਣ ਦੀ ਗੱਲ ਆਖੀ ਜਾ ਰਹੀ ਹੈ। ਉਧਰ ਇਸ ਖ਼ਬਰ ਦਾ ਪਤਾ ਲੱਗਣ ’ਤੇ ਸਾਰੇ ਰਿਸ਼ਤੇਦਾਰਾਂ ਅਤੇ ਸੱਜਣ ਮਿੱਤਰਾਂ ਅਤੇ ਪਿੰਡ ਵਾਸੀਆਂ ਵੱਲੋਂ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਗਹਿਰਾ ਸ਼ੋਕ ਜਤਾਉਂਦਿਆਂ ਪਰਮਾਤਮਾ ਅੱਗੇ ਸਾਹਿਬ ਸਿੰਘ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਵੀ ਅਰਦਾਸ ਕੀਤੀ ਜਾ ਰਹੀ ਹੈ।