ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ਬੱਚਿਆਂ ਨੂੰ ਵੰਡੀ ਸਟੇਸ਼ਨਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਬੱਚਿਆਂ ਨੂੰ ਵੰਡੀ ਸਟੇਸ਼ਨਰੀ
Publish Date: Fri, 18 Sep 2026 03:34 PM (IST)
Updated Date: Fri, 18 Sep 2026 03:35 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ ਵੱਖ-ਵੱਖ ਦੋ ਸਕੂਲਾਂ ਦੇ ਲਗਭਗ 250 ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਇਆ। ਇਸ ਮੌਕੇ ਬੱਚਿਆਂ ਨੂੰ ਬਿਸਕੁਟ ਵੀ ਵੰਡੇ ਗਏ। ਇਸ ਮੌਕੇ ਸੰਜੀਵ ਭਾਰਦਵਾਜ ਸਾਬਕਾ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ 17 ਸਤੰਬਰ 1950 ਨੂੰ ਵਡਨਗਰ ਗੁਜਰਾਤ ਵਿੱਚ ਹੋਇਆ। ਅੱਜ ਉਨ੍ਹਾਂ ਦਾ 76ਵਾਂ ਜਨਮ ਦਿਨ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਦਾਮੋਦਰ ਦਾਸ ਮੂਲਚੰਦ ਮੋਦੀ ਅਤੇ ਮਾਤਾ ਦਾ ਨਾਮ ਹੀਰਾਬੇਨ ਮੋਦੀ ਸੀ। ਉਹ 6 ਭੈਣ-ਭਰਾਵਾਂ ਵਿੱਚੋਂ ਤੀਜੇ ਨੰਬਰ ’ਤੇ ਹਨ। ਬਚਪਨ ਵਿਚ ਉਨ੍ਹਾਂ ਨੇ ਆਪਣੇ ਪਿਤਾ ਦੀ ਚਾਹ ਦੀ ਦੁਕਾਨ ’ਤੇ ਹੱਥ ਵਟਾਇਆ। ਉਨ੍ਹਾਂ ਨੇ ਮੁੱਢਲੀ ਸਿੱਖਿਆ ਵਡਨਗਰ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਪੱਤਰ ਵਿਹਾਰ ਰਾਹੀਂ ਬੀਏ ਅਤੇ ਗੁਜਰਾਤ ਯੂਨੀਵਰਸਿਟੀ ਤੋਂ ਪੋਲੀਟੀਕਲ ਸਾਇੰਸ ਵਿੱਚ ਐੱਮਏ ਕੀਤੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜਨੀਤਿਕ ਸਫਰ ’ਤੇ ਚਰਚਾ ਕਰਦਿਆਂ ਸੰਜੀਵ ਭਾਰਦਵਾਜ ਨੇ ਦੱਸਿਆ ਕਿ ਛੋਟੀ ਉਮਰ ਵਿੱਚ ਹੀ ਉਹ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜ ਗਏ ਅਤੇ ਪ੍ਰਚਾਰਕ ਵਜੋਂ ਕੰਮ ਕੀਤਾ। 1985 ਵਿਚ ਉਹ ਭਾਜਪਾ ਵਿਚ ਸ਼ਾਮਲ ਹੋਏ। ਨਰਿੰਦਰ ਮੋਦੀ 2001 ਤੋਂ 2014 ਤੱਕ ਉਹ ਲਗਾਤਾਰ ਗੁਜਰਾਤ ਦੇ ਮੁੱਖ ਮੰਤਰੀ ਰਹੇ, ਜੋ ਗੁਜਰਾਤ ਦੇ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਦਾ ਰਿਕਾਰਡ ਹੈ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਵੱਡੀ ਜਿੱਤ ਤੋਂ ਬਾਅਦ ਉਹ 26 ਮਈ 2014 ਨੂੰ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਬਣੇ। 2019 ਅਤੇ ਫਿਰ 2024 ਵਿੱਚ ਦੁਬਾਰਾ ਪ੍ਰਧਾਨ ਮੰਤਰੀ ਬਣੇ। ਉਹ ਜਵਾਹਰ ਲਾਲ ਨਹਿਰੂ ਤੋਂ ਬਾਅਦ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਦੂਜੇ ਨੇਤਾ ਹਨ। ਸਵੱਛ ਭਾਰਤ ਮੁਹਿੰਮ, ਮੇਕ ਇਨ ਇੰਡੀਆ, ਡਿਜੀਟਲ ਇੰਡੀਆ, ਉੱਜਵਲਾ ਯੋਜਨਾ, ਜਨ ਧਨ ਯੋਜਨਾ ਅਤੇ ਆਯੂਸ਼ਮਾਨ ਭਾਰਤ ਵਰਗੀਆਂ ਯੋਜਨਾਵਾਂ ਉਨ੍ਹਾਂ ਦੇ ਕਾਰਜਕਾਲ ਵਿੱਚ ਸ਼ੁਰੂ ਹੋਈਆਂ। ਵਿਦੇਸ਼ ਨੀਤੀ ਵਿੱਚ ਉਨ੍ਹਾਂ ਨੇ ਯੋਗ ਦਿਵਸ ਨੂੰ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਡਿੰਪਲ ਭਾਰਦਵਾਜ ਜ਼ਿਲ੍ਹਾ ਜਨਰਲ ਸਕੱਤਰ, ਡਾ ਨਰੇਸ਼ ਰਾਵਲ ਮੰਡਲ ਪ੍ਰਧਾਨ ਬੰਗਾ, ਡਾ. ਧਰਮਪਾਲ ਸੇਵਾਮੁਕਤ ਆਈਏਐੱਸ, ਜੀਵਨ ਕੌਸ਼ਲ, ਅਸ਼ਵਨੀ ਭਾਰਤਵਾਜ, ਡਾ. ਬਲਵੀਰ ਸ਼ਰਮਾ, ਨਰੇਸ਼ ਸ਼ਰਮਾ, ਅਸ਼ੋਕ ਕੈਂਥ, ਕਰਨਵੀਰ ਅਰੋੜਾ, ਸਕੂਲ ਦੇ ਟੀਚਰ ਅਤੇ ਬੱਚੇ ਹਾਜ਼ਰ ਸਨ।