ਆਰਐੱਮਬੀ ਡੀਏਵੀ ਸੈਂਟੇਨਰੀ ਸਕੂਲ ’ਚ ਸੂਬਾ ਪੱਧਰੀ ਵੁਸ਼ੂ ਮੁਕਾਬਲੇ ਸੰਪੰਨ ਆਰਐਮਬੀ ਡੀਏਵੀ ਸੈਂਟੇਨਰੀ ਸਕੂਲ ਵਿਖੇ ਸੂਬਾ ਪੱਧਰੀ ਵੁਸ਼ੂ ਮੁਕਾਬਲੇ ਸੰਪੰਨ
Publish Date: Tue, 06 Oct 2026 04:20 PM (IST)
Updated Date: Tue, 06 Oct 2026 04:23 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਆਰਐੱਮਬੀ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਡੀਏਵੀ ਸਪੋਰਟਸ ਅਧੀਨ ਸਟੇਟ ਲੈਵਲ ਵੁਸ਼ੂ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ਵਿਚ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਲੜਕੇ ਅਤੇ ਲੜਕੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਆਪਣੀ ਖੇਡ ਪ੍ਰਤਿਭਾ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਸੂਬਾ ਪੱਧਰੀ ਖੇਡ ਪ੍ਰਤੀਯੋਗਤਾ ਵਿਚ 11 ਸਕੂਲਾਂ ਦੇ 104 ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਖਿਡਾਰੀਆਂ ਨੇ ਵੁਸ਼ੂ ਦੀਆਂ ਵੱਖ-ਵੱਖ ਵਿਧਾਵਾਂ ਅਤੇ ਤਕਨੀਕਾਂ ਰਾਹੀਂ ਆਪਣੇ ਕੌਸ਼ਲ, ਹਿੰਮਤ ਅਤੇ ਆਤਮ-ਵਿਸ਼ਵਾਸ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦੀ ਖੂਬ ਵਾਹ-ਵਾਹ ਖੱਟੀ। ਸਮੁੱਚੇ ਖੇਡ ਸਮਾਗਮ ਦਾ ਸੁਚੱਜਾ ਅਤੇ ਸਫਲਤਾ ਆਫਿਸੀਏਟਿੰਗ ਇੰਚਾਰਜ ਸ਼ਿਵ ਕੁਮਾਰ ਦੀ ਨਿਗਰਾਨੀ ਹੇਠ ਕੀਤਾ। ਉਨ੍ਹਾਂ ਸਮਾਗਮ ਵਿਚ ਪਹੁੰਚੇ ਸਾਰੇ ਮਹਿਮਾਨਾਂ, ਅਧਿਕਾਰੀਆਂ, ਕੋਚਾਂ ਅਤੇ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ। ਸ਼ਿਵ ਕੁਮਾਰ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਦਾ ਅਹਿਮ ਹਿੱਸਾ ਹਨ। ਵੁਸ਼ੂ ਵਰਗੀਆਂ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਹਿੰਮਤ, ਇਕਾਗਰਤਾ, ਆਤਮ-ਵਿਸ਼ਵਾਸ ਅਤੇ ਨੇਤ੍ਰਿਤਵ ਦੀ ਭਾਵਨਾ ਪੈਦਾ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤ ਬਣਾਉਂਦੀਆਂ ਹਨ। ਮੁੱਖ ਮਹਿਮਾਨ ਅਤੇ ਨਿਯੁਕਤ ਆਬਜ਼ਰਵਰ ਨਰੇਸ਼ ਕੁਮਾਰ, ਪੀਜੀਟੀ ਫਿਜ਼ਿਕਸ, ਡੀਏਵੀ ਪਬਲਿਕ ਸਕੂਲ ਬਿਲਗਾ ਵੱਲੋਂ ਵੀ ਮੁਕਾਬਲਿਆਂ ਦੀਆਂ ਸਮੁੱਚੀਆਂ ਖੇਡ ਸਰਗਰਮੀਆਂ ਦਾ ਜਾਇਜ਼ਾ ਲਿਆ। ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਦੌਰਾਨ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਮੈਡਲ ਪ੍ਰਦਾਨ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਲੜਕੀਆਂ ਦੀ ਸ਼੍ਰੇਣੀ ਵਿਚ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਸ਼ੇਰਪੁਰ ਰੋਡ ਜਗਰਾਓਂ ਨੇ ਓਵਰਆਲ ਵਿਜੇਤਾ ਟਰਾਫੀ ਹਾਸਲ ਕੀਤੀ। ਜਦਕਿ ਲੜਕਿਆਂ ਦੀ ਸ਼੍ਰੇਣੀ ਵਿਚ ਡੀਏਵੀ ਸੀਨੀਅਰ ਸਕੂਲ ਹਾਥੀ ਗੇਟ ਅੰਮ੍ਰਿਤਸਰ ਨੇ ਓਵਰਆਲ ਜੇਤੂ ਟਰਾਫੀ ’ਤੇ ਕਬਜ਼ਾ ਕੀਤਾ। ਆਰਐੱਮਬੀ ਡੀਏਵੀ ਸੈਂਟੇਨਰੀ ਪਬਲਿਕ ਸਕੂਲ ਨਵਾਂਸ਼ਹਿਰ ਨੇ ਲੜਕਿਆਂ ਦੀ ਸ਼੍ਰੇਣੀ ਵਿਚ ਦੂਜਾ ਰਨਰਅੱਪ ਸਥਾਨ ਹਾਸਲ ਕਰ ਕੇ ਸਕੂਲ ਦਾ ਮਾਣ ਵਧਾਇਆ। ਸਟੇਟ ਲੈਵਲ ਵੁਸ਼ੂ ਮੁਕਾਬਲੇ ਦੇ ਸਫਲਤਾਪੂਰਵਕ ਸੰਪੰਨ ਹੋਣ ’ਤੇ ਅਰਵਿੰਦ ਘਈ ਸਕੂਲ ਦੇ ਚੇਅਰਮੈਨ ਅਤੇ ਸਕੱਤਰ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ, ਖੇਤਰੀ ਸਹਾਇਕ ਯੋਗੇਸ਼ ਗੰਭੀਰ ਅਤੇ ਸਕੂਲ ਦੇ ਪ੍ਰਬੰਧਕ ਵਿਨੋਦ ਕੁਮਾਰ ਚੁੱਘ ਨੇ ਜੇਤੂ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਸਟਾਫ਼ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਖਿਡਾਰੀਆਂ ਦੀ ਮਿਹਨਤ, ਕੋਚਾਂ ਦੀ ਅਗਵਾਈ ਅਤੇ ਸਕੂਲ ਸਟਾਫ਼ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀਆਂ ਇਹ ਪ੍ਰਾਪਤੀਆਂ ਸਕੂਲ ਅਤੇ ਸਮੁੱਚੇ ਡੀਏਵੀ ਪਰਿਵਾਰ ਲਈ ਮਾਣ ਵਾਲੀ ਗੱਲ ਹਨ। ਇਸ ਮੌਕੇ ਸ਼ਿਵ ਕੁਮਾਰ ਨੇ ਆਏ ਹੋਏ ਸਾਰੇ ਮਹਿਮਾਨਾਂ, ਅਧਿਕਾਰੀਆਂ, ਕੋਚਾਂ, ਖਿਡਾਰੀਆਂ ਅਤੇ ਸਕੂਲ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।