ਕੰਗਣਾ ਪੁਲ ਵਿਖੇ ਬੱਸ ਅੱਡੇ ’ਚ ਖੜ੍ਹਾ ਗੰਦਾ ਪਾਣੀ ਬਣਿਆ ਮੁਸੀਬਤ ਕੰਗਣਾ ਪੁਲ ਵਿਖੇ ਬੱਸ ਅੱਡੇ 'ਤੇ ਖੜ੍ਹਾ ਗੰਦਾ ਪਾਣੀ, ਜ਼ਿੰਮੇਵਾਰ ਵਿਭਾਗ ਕਦੋਂ ਲੈਣਗੇ ਸਾਰ ?
Publish Date: Tue, 03 Nov 2026 06:33 PM (IST)
Updated Date: Tue, 03 Nov 2026 06:35 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ ਬਲਾਚੌਰ : ਬਲਾਚੌਰ ਸਬ-ਡਿਵੀਜ਼ਨ ਦੇ ਕੰਗਣਾ ਪੁਲ ਵਿਖੇ ਜਿੱਥੋਂ ਰੋਜ਼ਾਨਾ ਵੱਡੀ ਗਿਣਤੀ ਵਿਚ ਸਵਾਰੀਆਂ ਬੱਸਾਂ ਵਿਚ ਚੜ੍ਹਦੀਆਂ ਅਤੇ ਉਤਰਦੀਆਂ ਹਨ, ਉੱਥੇ ਖੜ੍ਹਾ ਗੰਦਾ ਅਤੇ ਬਦਬੂਦਾਰ ਪਾਣੀ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ। ਇਸ ਥਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਬੱਸ ਦੀ ਉਡੀਕ ਕਰ ਰਹੀਆਂ ਸਵਾਰੀਆਂ ਨੂੰ ਬਦਬੂਦਾਰ ਪਾਣੀ ਦੇ ਨੇੜੇ ਖੜ੍ਹਨਾ ਪੈਂਦਾ ਹੈ। ਇਸ ਸਮੱਸਿਆ ਕਾਰਨ ਸਕੂਲ ਜਾਣ ਵਾਲੇ ਬੱਚਿਆਂ, ਰੋਜ਼ਾਨਾ ਨੌਕਰੀ ਅਤੇ ਡਿਊਟੀ ਤੇ ਜਾਣ ਵਾਲੇ ਮੁਲਾਜ਼ਮਾਂ ਅਤੇ ਹੋਰ ਆਮ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰ ਅਤੇ ਸ਼ਾਮ ਦੇ ਸਮੇਂ ਜਦੋਂ ਲੋਕ ਆਪਣੇ ਕੰਮਾਂ ਅਤੇ ਬੱਚੇ ਸਕੂਲਾਂ ਵੱਲ ਜਾਣ ਲਈ ਬੱਸਾਂ ਦੀ ਉਡੀਕ ਕਰਦੇ ਹਨ, ਤਾਂ ਉਨ੍ਹਾਂ ਨੂੰ ਇਸ ਗੰਦੇ ਪਾਣੀ ਅਤੇ ਬਦਬੂ ਵਾਲੇ ਮਾਹੌਲ ਵਿੱਚ ਖੜ੍ਹਨ ਲਈ ਮਜਬੂਰ ਹੋਣਾ ਪੈਂਦਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਸਮੱਸਿਆ ਦੀ ਜ਼ਿੰਮੇਵਾਰੀ ਕਿਸ ਵਿਭਾਗ ਦੀ ਬਣਦੀ ਹੈ ? ਕੀ ਇਸ ਵੱਲ ਨਗਰ ਕੌਂਸਲ ਦਾ ਧਿਆਨ ਜਾਣਾ ਚਾਹੀਦਾ ਹੈ ਜਾਂ ਨੈਸ਼ਨਲ ਹਾਈਵੇਅ ਅਥਾਰਟੀ ਇਸ ਦੀ ਜ਼ਿੰਮੇਵਾਰੀ ਲਵੇਗੀ ? ਵਿਭਾਗਾਂ ਦੀ ਆਪਸੀ ਜ਼ਿੰਮੇਵਾਰੀ ਤੈਅ ਹੋਣ ਦੀ ਉਡੀਕ ਵਿਚ ਆਮ ਲੋਕ ਕਦੋਂ ਤੱਕ ਪ੍ਰੇਸ਼ਾਨੀ ਝੱਲਦੇ ਰਹਿਣਗੇ? ਇਲਾਕਾ ਵਾਸੀਆਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੀਆਂ ਸਵਾਰੀਆਂ ਦੀ ਮੰਗ ਹੈ ਕਿ ਸਬੰਧਤ ਵਿਭਾਗ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ। ਮੌਕੇ ਦਾ ਨਿਰੀਖਣ ਕਰਕੇ ਗੰਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ ਕੀਤਾ ਜਾਵੇ ਅਤੇ ਬੱਸਾਂ ਦੀ ਉਡੀਕ ਕਰਨ ਵਾਲੀ ਥਾਂ ਨੂੰ ਸਾਫ਼-ਸੁਥਰਾ ਬਣਾਇਆ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ-ਜਾਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਅਤੇ ਨੈਸ਼ਨਲ ਹਾਈਵੇਅ ਨਾਲ ਸਬੰਧਤ ਅਧਿਕਾਰੀ ਇਸ ਸਮੱਸਿਆ ਦਾ ਹੱਲ ਕਰਨ ਲਈ ਕਦੋਂ ਕਦਮ ਚੁੱਕਦੇ ਹਨ।