ਤੇਜ਼ ਮਸਾਲੇਦਾਰ ਖਾਣਾ ਤੇ ਫਾਸਟ ਫੂਡ ਸਿਹਤ ਲਈ ਨੁਕਸਾਨਦੇਹ ਤੇਜ਼ ਮਸਾਲੇਦਾਰ ਖਾਣਾ ਅਤੇ ਫਾਸਟ ਫੂਡ ਸਿਹਤ ਲਈ ਨੁਕਸਾਨਦੇਹ
Publish Date: Sun, 30 Aug 2026 04:32 PM (IST)
Updated Date: Sun, 30 Aug 2026 04:34 PM (IST)
ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ : ਅਜੋਕੇ ਸਮੇਂ ਵਿੱਚ ਮਨੁੱਖ ਆਪਣੇ ਹੀ ਸਰੀਰ ਨੂੰ ਤੰਦਰੁਸਤ ਰੱਖਣ ਵਾਲੀਆਂ ਚੀਜ਼ਾਂ ਤੋਂ ਕਿਨਾਰਾ ਕਰਦਾ ਜਾ ਰਿਹਾ ਹੈ। ਜਦਕਿ ਦੂਜੇ ਪਾਸੇ ਤੇਜ਼ ਤਰਾਰ ਮਸਾਲੇ ਦਾਲ ਫਾਸਟ ਫੂਡ ਅਤੇ ਤਲੀਆਂ ਚੀਜ਼ਾਂ ਜਿਹੜੀਆਂ ਕਿ ਸਾਡੀ ਸਿਹਤ ਲਈ ਬੇਹੱਦ ਨੁਕਸਾਨ ਦੇ ਹਨ, ਨੂੰ ਜ਼ਿਆਦਾ ਤਰਜੀਹ ਦੇਣ ਲੱਗਾ ਹੈ। ਜੰਕ ਫੂਡ ਵੱਲ ਦਿਨ ਪ੍ਰਤੀ ਦਿਨ ਲੋਕਾਂ ਦੀ ਵਧਦੀ ਜਾ ਰਹੀ ਦਿਲਚਸਪੀ ਬਿਮਾਰੀਆਂ ਵੱਲ ਹੀ ਲਿਜਾ ਰਹੀ ਹੈ। ਜਿਸ ਨਾਲ ਪੇਟ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਬਿਮਾਰੀਆਂ, ਜਿਨ੍ਹਾਂ ਵਿਚ ਬਲੱਡ ਪ੍ਰੈਸ਼ਰ, ਐਲਰਜੀ, ਛਾਤੀ ਵਿਚ ਤੇਜ਼ਾਬੀ ਜਲਣ ਦਾ ਹੋਣਾ ਆਮ ਹੋ ਰਿਹਾ ਹੈ। ਇਹ ਤੇਜ਼ ਤਰਾਰ ਫਾਸਟ ਫੂਡ ਅਤੇ ਤਲੀਆਂ ਚੀਜ਼ਾਂ ਸਾਡੀ ਸਿਹਤ ਲਈ ਕਿੰਨੀਆਂ ਕੁ ਨੁਕਸਾਨਦੇਹ ਅਤੇ ਲਾਹੇਵੰਦ ਹਨ ਸਬੰਧੀ ਪੇਸ਼ ਹੈ ਬਲਾਚੌਰ ਮਾਹਿਰ ਡਾਕਟਰਾਂ ਦੇ ਵਿਚਾਰ। - ਤਾਜੇ ਮੌਸਮੀ ਫਲ ਖਾਣ ਨੂੰ ਦਿਓ ਤਰਜੀਹ : ਡਾ. ਭੁਪਿੰਦਰਜੀਤ ਸੂਰੀ ਸੂਰੀ ਹਸਪਤਾਲ ਬਲਾਚੌਰ ਦੇ ਐੱਮਡੀ ਡਾ. ਭੁਪਿੰਦਰਜੀਤ ਸੂਰੀ ਨੇ ਕਿਹਾ ਕਿ ਸਾਨੂੰ ਨਿਰੋਗੀ ਜ਼ੀਵਨ ਬਤੀਤ ਕਰਨ ਲਈ ਆਪਣੀ ਅਤੇ ਆਪਣੇ ਬੱਚਿਆਂ ਲਈ ਹਮੇਸ਼ਾਂ ਹੀ ਪੌਸ਼ਟਿਕ ਤੱਤਾਂ ਵਾਲੀ ਖੁਰਾਕ ਜਿਵੇਂ ਕਿ ਜੂਸ, ਦੁੱਧ, ਦਹੀਂ, ਹਰੀਆਂ, ਸਬਜ਼ੀਆਂ, ਤਾਜ਼ੇ ਮੌਸਮੀ ਫਲ ਆਦਿ ਨੂੰ ਆਪਣੀ ਜ਼ਿੰਦਗੀ ਦਾ ਰੋਜ਼ਾਨਾ ਹਿੱਸਾ ਬਣਾਉਣਾ ਚਾਹੀਦਾ ਹੈ। ਬਾਜ਼ਾਰ ਦੀਆਂ ਤਲੀਆਂ ਚੀਜ਼ਾਂ ਵਿਚ ਪਏ ਤੇਜ਼ ਮਸਾਲੇ ਅਤੇ ਮਿਰਚੀ ਭਾਵੇਂ ਸਾਨੂੰ ਖਾਣ ਵਿਚ ਤਾਂ ਸਵਾਦ ਲਗਦੇ ਹਨ। ਮਗਰ ਇਹ ਸਾਡੀ ਸਿਹਤ ਲਈ ਨੁਕਸਾਨਦੇਹ ਹੁੰਦੇ ਹਨ। ਜਿਨ੍ਹਾਂ ਦਾ ਰੋਜ਼ਾਨਾ ਸੇਵਨ ਸਾਡੇ ਸਰੀਰ ਵਿਚ ਮੋਟਾਪਾ ਮੁੱਖ ਕਾਰਨ ਹੁੰਦਾ ਹੈ। ਜੰਕ ਫੂਡ ਸਾਡੇ ਸਮਾਜ ਚ ਦਿਨ ਪ੍ਰਤੀ ਦਿਨ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਇਸ ਲਈ ਸਾਨੂੰ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਬਦਲਣ ਦੀ ਜ਼ਰੂਰਤ ਹੈ ਚੰਗੀ ਸਿਹਤ ਲਈ ਸਿਹਤਮੰਦ ਖਾਣਾ ਹੀ ਖਾਧਾ ਜਾਵੇ, ਬੱਚਿਆਂ ਨੂੰ ਖਾਸ ਕਰ ਕੇ ਖਾਣ-ਪੀਣ ਪ੍ਰਤੀ ਵਧੇਰੇ ਜਾਗਰੂਕ ਕਰਨ ਦੀ ਜ਼ਰੂਰਤ ਹੈ। - ਤਲੀਆਂ ਚੀਜ਼ਾਂ ਪਾਚਨ ਸ਼ਕਤੀ ਨੂੰ ਕਮਜ਼ੋਰ ਕਰਦੀਆ ਹਨ : ਡਾ. ਅਨੁਪਮ ਤਿਆਗੀ ਤਿਆਗੀ ਹਸਪਤਾਲ ਰੁੜਕੀ ਕਲਾ ਬਲਾਚੌਰ ਦੇ ਐੱਮਡੀ ਡਾ. ਅਨੁਪਮ ਤਿਆਗੀ ਨੇ ਕਿਹਾ ਕਿ ਅੱਜ ਕੱਲ੍ਹ ਖਾਣ-ਪੀਣ ਦੇ ਤੌਰ ਤਰੀਕੇ ਬਦਲ ਰਹੇ ਹਨ ਉਹ ਸਾਡੀ ਚੰਗੀ ਸਿਹਤ ਦੇ ਸ਼ੁੱਭ ਸੰਕੇਤ ਨਹੀਂ ਹਨ। ਦੌੜ ਭੱਜ ਦੀ ਇਸ ਜ਼ਿੰਦਗੀ ਵਿਚ ਆਮ ਤੌਰ ’ਤੇ ਦਿਨ ਵਿਚ ਇੱਕ ਦੋ ਵਾਰ ਭੁੱਖ ਲੱਗਣ ਤੇ ਜੋ ਅਸੀਂ ਤਲੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਹੌਲੀ-ਹੌਲੀ ਇਹ ਸਾਡੀ ਆਦਤ ਬਣ ਜਾਂਦੇ ਹਨ। ਤਲੀਆਂ ਚੀਜ਼ਾ ਦੇ ਸੇਵਨ ਸਾਡੀ ਪਾਚਨ ਸ਼ਕਤੀ ਨੂੰ ਕਮਜ਼ੋਰ ਕਰਦੇ ਹਨ ਜਿਸ ਕਾਰਨ ਸਾਡਾ ਸਰੀਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਘਿਰ ਜਾਂਦਾ ਹੈ। ਇਸ ਲਈ ਅਜਿਹੇ ਖਾਣ ਪੀਣ ਤੋਂ ਸਾਨੂੰ ਪਾਸਾ ਵੱਟਦੇ ਹੋਏ ਮੌਸਮੀ ਫਲ, ਦਾਲਾਂ, ਸਬਜੀਆਂ ਦਾ ਸੇਵਨ ਕਰਨਾ ਚਾਹੀਦਾ ਹੈ। - ਚੰਗਾ ਪੌਸ਼ਟਿਕ ਖਾਣਾ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ : ਡਾ. ਪਰਮਜੀਤ ਸੰਤ ਗੁਰਮੇਲ ਸਿੰਘ ਮੈਮੋਰੀਅਲ ਹਸਪਤਾਲ ਗੜੀਕਾਨੂੰਗੋਆ ਦੇ ਸੀਨੀਅਰ ਡਾ. ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਚੰਗਾ ਪੌਸ਼ਟਿਕ ਖਾਣ-ਪੀਣ, ਸਵੱਛ ਵਾਤਾਵਰਣ, ਕਸਰਤਾਂ ਸਾਨੂੰ ਬਿਮਾਰੀਆਂ ਤੋ ਬਚਾਉਂਦੀਆਂ ਹਨ। ਜਦ ਕਿ ਮਾੜਾ ਖਾਣ-ਪੀਣ, ਜੰਕ ਫੂਡ ਮਨੁੱਖੀ ਸਰੀਰ ਨੂੰ ਬਿਮਾਰੀਆ ਵੱਲ ਧੱਕਦਾ ਹੈ ਅਤੇ ਅਜਿਹੇ ਮਾੜੇ ਖਾਣ-ਪੀਣ ਨਾਲ ਖਾਸ ਕਰ ਕੇ ਬੱਚਿਆਂ ਦੀ ਨੀਂਦ ਵੀ ਖ਼ਰਾਬ ਹੋ ਰਹੀ ਹੈ। ਰਾਤ ਨੂੰ ਸਮੇਂ ਸਿਰ ਨੀਂਦ ਨਾ ਆਉਣ ਕਰ ਕੇ ਉਹ ਸਵੇਰੇ ਦੇਰ ਨਾਲ ਉੱਠਦੇ ਹਨ। ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਵਿਚ ਵੀ ਵੱਡਾ ਨੁਕਸਾਨ ਹੁੰਦਾ ਹੈ। ਇਹੇ ਨਹੀਂ ਕਈ ਮਾਂ ਬਾਪ ਮਜਬੂਰੀ ਵੱਸ ਬਰਗਰ, ਨਿਊਡਲਜ਼ ਅਤੇ ਹੋਰ ਕਈ ਤਰ੍ਹਾਂ ਦੀਆਂ ਤੇਜ਼ ਤਰਾਰ ਮਸਾਲੇ ਵਾਲੀਆਂ ਜੰਕ ਫੂਡ ਅਤੇ ਤਲੀਆਂ ਚੀਜ਼ਾਂ ਆਪ ਅਤੇ ਬੱਚਿਆਂ ਨੂੰ ਰੋਜ਼ਾਨਾ ਹੀ ਸੇਵਨ ਕਰਾਉਂਦੇ ਹਨ। ਜਿਸ ਕਾਰਨ ਉਨ੍ਹਾਂ ਦੀ ਸਿਹਤ ਦਾ ਗਰਾਫ ਹੇਠਾਂ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਸਾਨੂੰ ਖੁਦ ਅਤੇ ਆਪਣੇ ਬੱਚਿਆਂ ਨੂੰ ਅਜਿਹੇ ਫਾਸਟ ਫੂਡ ਦੀ ਰੋਜ਼ਾਨਾ ਵਰਤੋਂ ਤੇ ਰੋਕ ਲਗਾਉਣੀ ਚਾਹੀਦੀ ਹੈ ਤਾਂ ਹੀ ਅਸੀਂ ਤੰਦਰੁਸਤ ਰਹਿ ਕੇ ਰੋਗ ਮੁਕਤ ਜੀਵਨ ਬਤੀਤ ਕਰ ਸਕੀਏ।