ਨਵੇਂ ਰਾਸ਼ਨ ਕਾਰਡ ਬਣਾਉਣ ਲਈ ‘ਐੱਮ ਸੇਵਾ’ ਐਪ ਸਬੰਧੀ ਵਿਸ਼ੇਸ਼ ਟ੍ਰੇਨਿੰਗ ਕਰਵਾਈ ਨਵੇਂ ਰਾਸ਼ਨ ਕਾਰਡ ਬਣਾਉਣ ਲਈ 'ਐਮ ਸੇਵਾ' ਐਪ ਸੰਬੰਧੀ ਵਿਸ਼ੇਸ਼ ਟ੍ਰੇਨਿੰਗ ਕਰਵਾਈ
Publish Date: Fri, 04 Sep 2026 03:49 PM (IST)
Updated Date: Fri, 04 Sep 2026 03:52 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਪੁਰਾਣੇ ਰਾਸ਼ਨ ਕਾਰਡਾਂ ਵਿਚ ਨਵੇਂ ਮੈਂਬਰਾਂ ਦੇ ਨਾਂ ਦਰਜ ਕਰਨ ਲਈ ‘ਐਮ ਸੇਵਾ’ ਐਪ ਸਬੰਧੀ ਇੱਕ ਵਿਸ਼ੇਸ਼ ਟ੍ਰੇਨਿੰਗ ਸੈਸ਼ਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 202 (ਪਹਿਲੀ ਮੰਜ਼ਿਲ) ਵਿਖੇ ਕਰਵਾਇਆ। ਇਸ ਸਿਖਲਾਈ ਸੈਸ਼ਨ ਦੀ ਪ੍ਰਧਾਨਗੀ ਸਹਾਇਕ ਕਮਿਸ਼ਨਰ ਜਨਰਲ ਰਮਨਜੀਤ ਵੱਲੋਂ ਕੀਤੀ ਗਈ। ਜਦਕਿ ਮੀਟਿੰਗ ਦਾ ਸੰਚਾਲਨ ਜ਼ਿਲ੍ਹਾ ਕੰਟਰੋਲਰ ਖ਼ੁਰਾਕ, ਸਿਵਲ ਸਪਲਾਈਜ਼ ਤੇ ਖਪਤਕਾਰ ਮਾਮਲੇ ਸੰਯੋਗਤਾ ਨੇ ਕੀਤਾ। ਇਸ ਵਰਕਸ਼ਾਪ ਦੌਰਾਨ ਸਹਾਇਕ ਕਮਿਸ਼ਨਰ ਜਨਰਲ ਰਮਨਜੀਤ ਨੇ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ‘ਐਮ ਸੇਵਾ’ ਐਪ ਰਾਹੀਂ ਵੈਰੀਫਿਕੇਸ਼ਨ ਪ੍ਰਕਿਰਿਆ ਅਤੇ ਇਸ ਦੇ ਵੱਖ-ਵੱਖ ਪੜਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ 4 ਸਤੰਬਰ 2026 ਤੋਂ ਸ਼ੁਰੂ ਹੋ ਕੇ 25 ਸਤੰਬਰ 2026 ਤੱਕ ਮੁਕੰਮਲ ਕੀਤੀ ਜਾਣੀ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਪੇਂਡੂ ਖੇਤਰਾਂ ਵਿਚ ਪਿੰਡ ਪੱਧਰ ’ਤੇ ਅਤੇ ਸ਼ਹਿਰੀ ਖੇਤਰਾਂ ਵਿਚ ਤਹਿਸੀਲ ਪੱਧਰ ’ਤੇ ਤਾਇਨਾਤ ਵੈਰੀਫਿਕੇਸ਼ਨ ਅਫ਼ਸਰਾਂ (ਵੀਓਜ਼) ਵੱਲੋਂ ਮੁੱਢਲੀ ਪੜਤਾਲ ਕੀਤੀ ਜਾਵੇਗੀ। ਦੂਜੇ ਪੜਾਅ ਦੌਰਾਨ ਐੱਸਡੀਸੀਓ (ਸਬੰਧਿਤ ਐੱਸਡੀਐੱਮ) ਵੱਲੋਂ ਵੈਰੀਫਿਕੇਸ਼ਨ ਅਫ਼ਸਰਾਂ ਦੀਆਂ ਰਿਪੋਰਟਾਂ ਦੀ ਮੁਕੰਮਲ ਜਾਂਚ ਕੀਤੀ ਜਾਵੇਗੀ ਅਤੇ ਤਸੱਲੀ ਬਖ਼ਸ਼ ਪਾਏ ਜਾਣ ਉਪਰੰਤ ਮਾਮਲਾ ਡਿਪਟੀ ਕਮਿਸ਼ਨਰ ਨੂੰ ਅਗਲੀ ਕਾਰਵਾਈ ਲਈ ਭੇਜਿਆ ਜਾਵੇਗਾ। ਤੀਜੇ ਪੜਾਅ ਦੌਰਾਨ ਡਿਪਟੀ ਕਮਿਸ਼ਨਰ ਪੱਧਰ ’ਤੇ ਰਿਪੋਰਟ ਦੀ ਅੰਤਿਮ ਪੜਤਾਲ ਕਰ ਕੇ ਪ੍ਰਕਿਰਿਆ ਨੂੰ ਮੁਕੰਮਲ (ਫ਼ਾਈਨਲ) ਕੀਤਾ ਜਾਵੇਗਾ। ਟ੍ਰੇਨਿੰਗ ਦੌਰਾਨ ਹਾਜ਼ਰੀਨ ਵੱਲੋਂ ਪੁੱਛੇ ਗਏ ਸਵਾਲਾਂ ਅਤੇ ਸ਼ੰਕਿਆਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਉਪਰੰਤ ਜ਼ਿਲ੍ਹੇ ਦੀਆਂ ਤਿੰਨੋਂ ਸਬ-ਡਵੀਜ਼ਨਾਂ (ਨਵਾਂਸ਼ਹਿਰ, ਬਲਾਚੌਰ ਅਤੇ ਬੰਗਾ) ਦੇ ਐੱਸਡੀਐੱਮਜ਼ ਵੱਲੋਂ ਆਪਣੇ-ਆਪਣੇ ਪੱਧਰ ’ਤੇ ਫ਼ੀਲਡ ਸਟਾਫ਼ ਲਈ ਸਬ ਡਵੀਜ਼ਨ ਪੱਧਰੀ ਸਿਖਲਾਈ ਸੈਸ਼ਨ ਵੀ ਕਰਵਾਏ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਐੱਸਡੀਐੱਮਜ਼, ਉਨ੍ਹਾਂ ਦਾ ਦਫ਼ਤਰੀ ਸਟਾਫ਼, ਸਮੂਹ ਬੀਡੀਪੀਓਜ਼, ਸੀਡੀਪੀਓਜ਼ ਅਤੇ ਸਹਾਇਕ ਖ਼ੁਰਾਕ ਤੇ ਸਪਲਾਈ ਅਫ਼ਸਰ ਆਦਿ ਹਾਜ਼ਰ ਸਨ।