ਸਾਡਾ ਖ਼ੂਨ ਕਿਸੇ ਪਰਿਵਾਰ ਦੀਆਂ ਖੁਸ਼ੀਆਂ ਵਾਪਸ ਲਿਆ ਸਕਦੈ : ਦਿਲਬਾਗ ਬਾਗੀ ਕੌਮੀ ਖ਼ੂਨਦਾਨ ਦਿਵਸ 'ਤੇ ਵਿਸ਼ੇਸ਼
Publish Date: Wed, 30 Sep 2026 03:33 PM (IST)
Updated Date: Wed, 30 Sep 2026 03:34 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਕੌਮੀ ਖ਼ੂਨਦਾਨ ਦਿਵਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਖ਼ੂਨਦਾਨ ਲਈ ਪ੍ਰੇਰਿਤ ਕਰਦਿਆਂ ਦਿਲਬਾਗ ਸਿੰਘ ਬਾਗੀ ਸਕੱਤਰ ਰੋਟਰੀ ਕਲੱਬ ਬੰਗਾ ਗ੍ਰੀਨ ਅਤੇ ਪ੍ਰਧਾਨ ਬਲੱਡ ਡੋਨਰ ਸੁਸਾਇਟੀ ਬੰਗਾ ਨੇ ਕਿਹਾ ਕਿ ਅੱਜ ਦੇ ਤੇਜ਼-ਤਰਾਰ ਯੁੱਗ ਵਿਚ ਵਧ ਰਹੇ ਸੜਕ ਹਾਦਸਿਆਂ, ਗੰਭੀਰ ਬਿਮਾਰੀਆਂ ਅਤੇ ਹੋਰ ਮੈਡੀਕਲ ਐਮਰਜੈਂਸੀਆਂ ਕਾਰਨ ਹਸਪਤਾਲਾਂ ਵਿਚ ਖ਼ੂਨ ਦੀ ਲੋੜ ਦਿਨੋਂ-ਦਿਨ ਵਧਦੀ ਜਾ ਰਹੀ ਹੈ, ਜਦਕਿ ਇਸ ਵੱਡੀ ਲੋੜ ਨੂੰ ਪੂਰਾ ਕਰਨ ਲਈ ਖ਼ੂਨਦਾਨ ਕਰਨ ਵਾਲੇ ਲੋਕਾਂ ਦੀ ਗਿਣਤੀ ਅਜੇ ਵੀ ਸੀਮਤ ਹੈ। ਉਨ੍ਹਾਂ ਕਿਹਾ ਕਿ ਖ਼ੂਨ ਕਿਸੇ ਮਸ਼ੀਨ ਜਾਂ ਕਾਰਖਾਨੇ ਵਿਚ ਤਿਆਰ ਨਹੀਂ ਕੀਤਾ ਜਾ ਸਕਦਾ, ਸਗੋਂ ਇੱਕ ਤੰਦਰੁਸਤ ਮਨੁੱਖ ਹੀ ਆਪਣਾ ਖ਼ੂਨਦਾਨ ਕਰਕੇ ਕਿਸੇ ਦੂਜੇ ਮਨੁੱਖ ਨੂੰ ਜ਼ਿੰਦਗੀ ਦੀ ਨਵੀਂ ਉਮੀਦ ਦੇ ਸਕਦਾ ਹੈ। ਕਈ ਵਾਰ ਕਿਸੇ ਸੜਕ ਹਾਦਸੇ ਵਿਚ ਜ਼ਖ਼ਮੀ ਵਿਅਕਤੀ, ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਮਰੀਜ਼ ਜਾਂ ਕਿਸੇ ਲੋੜਵੰਦ ਪਰਿਵਾਰ ਲਈ ਸਮੇਂ ਸਿਰ ਮਿਲਿਆ ਖ਼ੂਨ ਜ਼ਿੰਦਗੀ ਅਤੇ ਮੌਤ ਵਿਚਕਾਰ ਫ਼ਰਕ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਸਿਰਫ਼ ਖ਼ੂਨ ਦੀ ਇੱਕ ਬੋਤਲ ਦੇਣਾ ਨਹੀਂ, ਬਲਕਿ ਕਿਸੇ ਅਣਜਾਣ ਇਨਸਾਨ ਨੂੰ ਜੀਵਨ ਦਾ ਤੋਹਫ਼ਾ ਦੇਣਾ ਹੈ। ਇਹ ਮਨੁੱਖਤਾ, ਹਮਦਰਦੀ ਅਤੇ ਸੇਵਾ-ਭਾਵਨਾ ਦਾ ਅਜਿਹਾ ਕਾਰਜ ਹੈ। ਜਿਸ ਦੀ ਕੀਮਤ ਸ਼ਬਦਾਂ ਵਿਚ ਨਹੀਂ ਨਾਪੀ ਜਾ ਸਕਦੀ। ਉਨ੍ਹਾਂ ਸਮੂਹ ਤੰਦਰੁਸਤ ਅਤੇ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਖ਼ੂਨਦਾਨ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਨਿਯਮਿਤ ਤੌਰ ਤੇ ਖ਼ੂਨਦਾਨ ਕਰਨ ਅਤੇ ਆਪਣੇ ਪਰਿਵਾਰਕ ਮੈਂਬਰਾਂ, ਦੋਸਤਾਂ ਤੇ ਨੌਜਵਾਨਾਂ ਨੂੰ ਵੀ ਇਸ ਮਹਾਨ ਸੇਵਾ ਨਾਲ ਜੋੜਨ। ਉਨ੍ਹਾਂ ਕਿਹਾ ਕਿ ਸਾਡੀਆਂ ਰਗਾਂ ਵਿਚ ਵਹਿੰਦਾ ਕੁਝ ਪਲਾਂ ਦਾ ਖ਼ੂਨ ਕਿਸੇ ਮਾਂ ਦੀ ਗੋਦ ਦਾ ਚਿਰਾਗ ਬਚਾ ਸਕਦਾ ਹੈ, ਕਿਸੇ ਪਰਿਵਾਰ ਦੀਆਂ ਖੁਸ਼ੀਆਂ ਵਾਪਸ ਲਿਆ ਸਕਦਾ ਹੈ ਅਤੇ ਕਿਸੇ ਇਨਸਾਨ ਨੂੰ ਜ਼ਿੰਦਗੀ ਦੀ ਇੱਕ ਹੋਰ ਸਵੇਰ ਦੇ ਸਕਦਾ ਹੈ। ਇਸ ਲਈ ਆਓ ਕੌਮੀ ਖ਼ੂਨਦਾਨ ਦਿਵਸ ਮੌਕੇ ਅਸੀਂ ਸਾਰੇ ਮਿਲ ਕੇ ਇਹ ਪ੍ਰਣ ਕਰੀਏ ਕਿ ਜਦੋਂ ਵੀ ਅਸੀਂ ਸਿਹਤਮੰਦ ਅਤੇ ਯੋਗ ਹੋਈਏ, ਖ਼ੂਨਦਾਨ ਕਰਕੇ ਮਨੁੱਖਤਾ ਦੀ ਇਸ ਮਹਾਨ ਸੇਵਾ ਵਿਚ ਆਪਣਾ ਯੋਗਦਾਨ ਪਾਵਾਂਗੇ।