ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ’ਚ ਕਰਵਾਇਆ ਵਿਸ਼ੇਸ਼ ਲੈਕਚਰ ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਵਿਖੇ ਕਰਵਾਇਆ ਵਿਸ਼ੇਸ਼ ਲੈਕਚਰ
Publish Date: Sat, 19 Sep 2026 04:03 PM (IST)
Updated Date: Sat, 19 Sep 2026 04:05 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਭਾਈ ਸੰਗਤ ਸਿੰਘ ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ। ਇਸ ਮੌਕੇ ਉੱਘੇ ਬੁਲਾਰੇ ਦਿਲਬਾਗ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨਾਲ ਸਬੰਧਤ ਇਤਿਹਾਸਕ, ਧਾਰਮਿਕ ਅਤੇ ਅਧਿਆਤਮਿਕ ਪੱਖਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ, ਪਹਿਲੇ ਪ੍ਰਕਾਸ਼ ਅਤੇ ਗੁਰਬਾਣੀ ਦੇ ਮਨੁੱਖੀ ਜੀਵਨ ਉੱਪਰ ਪੈਣ ਵਾਲੇ ਪ੍ਰਭਾਵ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਲਈ ਸਾਂਝੀਵਾਲਤਾ, ਬਰਾਬਰੀ, ਸੱਚ, ਨਿਮਰਤਾ, ਸੇਵਾ ਅਤੇ ਆਪਸੀ ਪਿਆਰ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਆਪਣੇ ਰੋਜ਼ਾਨਾ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਰਣਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸਿੱਖ ਇਤਿਹਾਸ ਦਾ ਬਹੁਤ ਹੀ ਮਹੱਤਵਪੂਰਨ ਅਤੇ ਪਵਿੱਤਰ ਦਿਹਾੜਾ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿਚ ਅਜਿਹੇ ਧਾਰਮਿਕ ਅਤੇ ਇਤਿਹਾਸਕ ਸਮਾਗਮ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਅਮੀਰ ਵਿਰਾਸਤ, ਗੁਰਬਾਣੀ ਅਤੇ ਗੁਰਮਤਿ ਸਿਧਾਂਤਾਂ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਚੰਗੇ ਆਚਰਨ, ਸੇਵਾ-ਭਾਵਨਾ ਅਤੇ ਨੈਤਿਕ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੀ ਹੈ ਅਤੇ ਵਿਦਿਆਰਥੀਆਂ ਨੂੰ ਇਸ ਮਹਾਨ ਵਿਰਾਸਤ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਾਰਥਕ ਬਣਾਉਣਾ ਚਾਹੀਦਾ ਹੈ। ਇਸ ਮੌਕੇ ਧਰਮ ਵਿਭਾਗ ਦੇ ਮੁਖੀ ਕਮਲਜੀਤ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖਤਾ ਨੂੰ ਅੰਦਰੂਨੀ ਸ਼ਾਂਤੀ, ਸੱਚਾਈ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨਾਲ ਜੀਵਨ ਬਤੀਤ ਕਰਨ ਦਾ ਮਾਰਗ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨਾ ਸਮੇਂ ਦੀ ਅਹਿਮ ਲੋੜ ਹੈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।