ਪਿੰਡ ਕਲੇਰਾਂ ਵਿਖੇ ਮੁਫ਼ਤ ਮੈਡੀਕਲ ਕੈਂਪ, 150 ਤੋਂ ਵੱਧ ਮਰੀਜ਼ਾਂ ਨੇ ਲਿਆ ਲਾਭ ਸਿਨੋਵਾ ਹਸਪਤਾਲ ਵੱਲੋਂ ਪਿੰਡ ਕਲੇਰਾਂ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ
Publish Date: Sun, 29 Nov 2026 04:13 PM (IST)
Updated Date: Mon, 30 Nov 2026 04:02 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸਿਨੋਵਾ ਹਸਪਤਾਲ (ਸੰਧੂ ਹਸਪਤਾਲ) ਨਵਾਂਸ਼ਹਿਰ ਵੱਲੋਂ ਪਿੰਡ ਕਲੇਰਾਂ ਦੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮਕਸਦ ਪਿੰਡ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸੀ। ਕੈਂਪ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ 150 ਤੋਂ ਵੱਧ ਮਰੀਜ਼ਾਂ ਨੇ ਇਸ ਦਾ ਲਾਭ ਲਿਆ। ਡਾ. ਅਸ਼ੋਕ ਗੋਇਲ ਐਮਬੀਬੀਐੱਸ, ਐਮਐੱਸ ਆਰਥੋਪੈਡਿਕ ਅਤੇ ਡਾ. ਵਿਕਾਸਦੀਪ ਹੰਸ ਐਮਡੀ ਮੈਡੀਸਨ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਹੱਡੀਆਂ, ਜੋੜਾਂ ਅਤੇ ਆਮ ਸਿਹਤ ਸਮੱਸਿਆਵਾਂ ਸਬੰਧੀ ਡਾਕਟਰੀ ਸਲਾਹ ਦਿੱਤੀ। ਇਸ ਦੌਰਾਨ ਸਿਨੋਵਾ ਹਸਪਤਾਲ ਵੱਲੋਂ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਅਤੇ ਈਸੀਜੀ ਦੀ ਜਾਂਚ ਵੀ ਬਿਲਕੁਲ ਮੁਫ਼ਤ ਕੀਤੀ। ਕੈਂਪ ਵਿਚ ਸ਼ਾਮਲ ਹੋਏ ਮਰੀਜ਼ਾਂ ਲਈ ਹਸਪਤਾਲ ਵੱਲੋਂ ਕੁਝ ਖ਼ਾਸ ਸਹੂਲਤਾਂ ਵੀ ਦਿੱਤੀਆਂ ਗਈਆਂ। ਜਿਨ੍ਹਾਂ ਵਿਚ ਸਾਰੇ ਬਲੱਡ ਟੈਸਟਾਂ ਤੇ 25 ਫ਼ੀਸਦੀ ਛੋਟ, ਈਸੀਜੀ ਬਿਲਕੁਲ ਮੁਫ਼ਤ, ਅਲਟਰਾਸਾਊਂਡ ਤੇ 25ਫ਼ੀਸਦੀ ਛੋਟ, ਸਿਟੀ ਸਕੈਨ ਤੇ 25 ਫ਼ੀਸਦੀ ਛੋਟ ਦਿੱਤੀ ਜਾਵੇਗੀ। ਇਸ ਕੈਂਪ ਨੂੰ ਖਵਾਇਸ਼ ਵੈਲਫੇਅਰ ਸੁਸਾਇਟੀ ਪਿੰਡ ਕਲੇਰਾਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ. ਸੁਖਵਿੰਦਰ ਸਿੰਘ, ਕੈਸ਼ੀਅਰ ਜਸਵਿੰਦਰ ਰਾਏ, ਸੀਨੀਅਰ ਮੀਤ ਪ੍ਰਧਾਨ ਡਾ. ਗੁਰਜੰਟ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ ਅਤੇ ਸਕੱਤਰ ਰਣਜੀਤ ਸਿੰਘ ਮੌਜੂਦ ਰਹੇ। ਇਨ੍ਹਾਂ ਤੋਂ ਇਲਾਵਾ ਡਾ. ਅਨੀਤਾ, ਡਾ. ਨਿਸ਼ਾਂਤ ਸੈਣੀ, ਵਿਜੇ ਕੁਮਾਰ, ਗੁਰਪ੍ਰੀਤ ਸਿੰਘ, ਮੁਕੁਲ, ਨਿਤਿਨ, ਸਰਬਜੀਤ ਸਿੰਘ, ਧਰਮਿੰਦਰ ਬਾਲੀ, ਗੁਰਸਾਹਿਬ ਸਿੰਘ, ਰਾਹੁਲ ਅਤੇ ਅਮਨਦੀਪ ਸਮੇਤ ਹੋਰ ਮੈਂਬਰਾਂ ਨੇ ਵੀ ਸਹਿਯੋਗ ਦਿੱਤਾ। ਸਿਨੋਵਾ ਹਸਪਤਾਲ ਦੀ ਮੈਨੇਜਮੈਂਟ ਵੱਲੋਂ ਸੁਸਾਇਟੀ ਦੇ ਸਾਰੇ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਦਿਲੋਂ ਧੰਨਵਾਦ ਕੀਤਾ। ਹਸਪਤਾਲ ਨੇ ਪਿੰਡ ਵਾਸੀਆਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਲਈ ਵੀ ਧੰਨਵਾਦ ਪ੍ਰਗਟ ਕੀਤਾ ਅਤੇ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਨੂੰ 150 ਤੋਂ ਵੱਧ ਮਰੀਜ਼ਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਮੌਕੇ ਡਾ. ਜੇ.ਐੱਸ. ਸੰਧੂ ਅਤੇ ਡਾ. ਗੁਰਜੀਤ ਕੌਰ ਸੰਧੂ ਨੇ ਕਿਹਾ ਕਿ ਸਿਨੋਵਾ ਹਸਪਤਾਲ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਮੈਡੀਕਲ ਕੈਂਪ ਲਗਾਉਂਦਾ ਰਹੇਗਾ, ਤਾਂ ਜੋ ਪਿੰਡਾਂ ਦੇ ਲੋਕਾਂ ਤੱਕ ਵੀ ਵਧੀਆ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਸਕਣ।