- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵਾਂਸ਼ਹਿਰ 'ਚ ਸ਼੍ਰੀ ਕ੍ਰਿਸਨ ਜਨਮ ਅਸ਼ਟਮੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ

- ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨੀ ਨਚਦਾ ’ਤੇ ਝੂੰਮੇ ਸ਼ਰਧਾਲੂ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਨਵਾਂਸ਼ਹਿਰ ਦੇ ਵੱਖ-ਵੱਖ ਮੰਦਰਾਂ ਸ਼ਿਵਾਲਾ ਦੀਵਾਨ ਬੰਨ੍ਹਾ ਮੱਲ ਮੰਦਿਰ ਕਮੇਟੀ ਬਾਜ਼ਾਰ, ਸ਼ਿਵ ਮੰਦਰ ਕੱਚਾ ਟੋਬਾ, ਸ਼ਿਵ ਧਾਮ ਮੰਦਰ ਰਾਹੋਂ ਰੋਡ, ਸੂਰਜ ਪੁੱਤਰ ਸ਼ਨੀ ਦੇਵ ਮੰਦਰ ਪੁਰਾਣੀ ਦਾਣਾ ਮੰਡੀ, ਸਨੇਹੀ ਮੰਦਰ, ਗੀਤਾ ਭਵਨ ਮੰਦਰ, ਸਿੱਧ ਬਾਬਾ ਬਾਲਕ ਨਾਥ ਮੰਦਰ ਭੁੱਚਰਾਂ ਮੁਹੱਲਾ, ਨੀਲਕੰਠ ਮਹਾਦੇਵ ਮੰਦਰ, ਬਾਂਕੇ ਬਿਹਾਰੀ ਗਊਸ਼ਾਲਾ, ਮੁਕਤੀਨਾਥ ਮਹਾਦੇਵ ਮੰਦਰ, ਰਾਮ ਸ਼ਰਣਮ ਆਸ਼ਰਮ, ਸ਼ਿਵ ਮੰਦਰ ਬਰਨਾਲਾ ਕਲਾਂ, ਰਿਸ਼ੀ ਕੁਟੀਆ, ਮਾਤਾ ਚਿੰਤਪੁਰਨੀ ਮੰਦਿਰ, ਮਾਂ ਭਦਰਕਾਲੀ ਮੰਦਿਰ, ਸ਼ਿਵ ਮੰਦਰ ਕਿਸ਼ਨਪੁਰਾ, ਸ਼ਿਵ ਮੰਦਰ ਮੁਕੰਦਪੁਰ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ’ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਸ਼ਰਧਾਲੂਆਂ ਵੱਲੋਂ ਸ਼੍ਰੀਮਦ ਭਾਗਵਤ ਗੀਤਾ ਦੇ ਪਾਠ ਦੇ ਨਾਲ ਨਾਲ ਸਵੇਰ ਅਤੇ ਸ਼ਾਮ ਨੂੰ ਲੰਬੀਆਂ ਲਾਈਨਾਂ ਵਿਚ ਲਗ ਕੇ ਪੂਜਾ ਅਰਚਨਾ ਅਤੇ ਹਵਨ ਯੱਗ ਵਿਚ ਆਪਣੀ ਹਾਜ਼ਰੀ ਲਗਾਈ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀਆਂ ਵੱਲੋਂ ਭਜਨ ਮੰਡਲੀਆਂ, ਮਹਿਲਾ ਭਜਨ ਮੰਡਲੀਆਂ, ਕਲਾਕਾਰਾਂ ਅਤੇ ਧਾਰਮਿਕ ਮੰਡਲੀਆਂ ਵੱਲੋਂ ਸ਼੍ਰੀ ਗਣੇਸ਼ ਵੰਦਨਾ ਤੋਂ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਭਗਵਾਨ ਸ਼੍ਰੀ ਕ੍ਰਿਸ਼ਨ, ਰਾਧਾ ਸਮੇਤ ਹੋਰਨਾਂ ਦੇਵੀ-ਦੇਵਤਿਆਂ ਨੂੰ ਸਮਰਪਿਤ ਭਜਨਾਂ ਨਾਲ ਆਪਣੀ ਹਾਜ਼ਰੀ ਲਗਾਈ ਗਈ। ਕਲਾਕਾਰਾਂ ਨੇ ਮਨਮੋਹਕ ਭਜਨਾਂ ਨਾਲ ਸ਼ਰਧਾਲੂਆਂ ਨੂੰ ਝੂੰਮਣ ਲਾ ਦਿੱਤਾ। ਇਸ ਮੌਕੇ ਸੁੰਦਰ ਪੁਸ਼ਾਕਾਂ ਵਿਚ ਸਜੇ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਦੀਆਂ ਸੁੰਦਰ ਝਾਂਕੀਆਂ ਨੇ ਲੋਕਾਂ ਦਾ ਮਨ ਮੋਹ ਲਿਆ। ਇਸ ਸਮਾਗਮ ਦੀ ਮਹੱਤਤਾ ਨੂੰ ਦੇਖਦਿਆਂ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਵਸ ਮਨਾਉਣ ਲਈ ਸ਼ਰਧਾਲੂ ਦੂਰ ਦਰਾਜ ਦੇ ਪਿੰਡਾਂ ਤੋਂ ਨਵਾਂਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਸਾਰੀ ਰਾਤ ਘੁੰਮਦੇ-ਫਿਰਦੇ ਅਤੇ ਰੌਣਕਾਂ ਦਾ ਆਨੰਦ ਮਾਣਦੇ ਰਹੇ।
- ਪੁਲਿਸ ਨੇ ਕੀਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ
ਜਨਮ ਅਸ਼ਟਮੀ ਦੇ ਪਾਵਨ ਮੌਕੇ ’ਤੇ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸਪੀ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਪੰਕਜ ਸ਼ਰਮਾ ਦੀ ਯੋਗ ਅਗਵਾਈ ਹੇਠ ਪੁਲਿਸ ਥਾਣਾ ਸਿਟੀ, ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵੱਲੋਂ ਵੱਖ-ਵੱਖ ਮੰਦਰਾਂ ’ਚ ਆ ਰਹੇ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸ਼ੱਕੀ ਵਾਹਨਾਂ ਦੀ ਚੈਕਿੰਗ ਸਮੇਤ ਹੋਰਨਾਂ ਕਾਰਜਾਂ ਲਈ ਸੰਜੀਦਗੀ ਨਾਲ ਡਿਊਟੀ ਨਿਭਾਉਂਦੇ ਨਜ਼ਰ ਆਏ। ਇਸੇ ਤਰ੍ਹਾਂ ਪਿੰਡਾਂ ਅਤੇ ਵੱਖ-ਵੱਖ ਵਾਰਡਾਂ ਵਿਚ ਵੀ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ। ਪੁਲਿਸ ਵੱਲੋਂ ਟ੍ਰੈਫਿਕ ਰੂਟਾਂ ਨੂੰ ਚੇਂਜ ਕਰਨ ਸਬੰਧੀ ਵੀ ਜ਼ਰੂਰੀ ਹਦਾਇਤਾਂ ਦਿੱਤੀਆਂ।
- ਸ਼ਰਧਾਲੂਆਂ ਨੇ ਇੰਝ ਮਨਾਈ ਜਨਮ ਅਸ਼ਟਮੀ
ਇਸ ਮੌਕੇ ਸ਼ਰਧਾਲੂਆਂ ਨੇ ਸਾਰਾ ਦਿਨ ਵਰਤ ਰੱਖਦੇ ਹੋਏ ਰਾਤ ਨੂੰ ਬਾਲ ਗੋਪਾਲ ਦੇ ਜਨਮ ਉਪਰੰਤ ਪੰਚ ਅੰਮ੍ਰਿਤ ਨਾਲ ਅਭਿਸ਼ੇਕ ਕਰ ਕੇ ਵਰਤ ਖੋਲ੍ਹਿਆ। ਇਸ ਮੌਕੇ ਸ਼ਰਧਾਲੂਆਂ ਅਤੇ ਮੰਦਰ ਪ੍ਰਬੰਧਕਾਂ ਵੱਲੋਂ ਲੱਡੂ ਗੋਪਾਲ ਦੀ ਮਨ ਪਸੰਦ ਮਠਿਆਈ, 56 ਚੀਜ਼ਾਂ ਦੇ ਭੋਗ ਦਾ ਪ੍ਰਸਾਦ ਵੀ ਚੜ੍ਹਾਇਆ। ਇਸ ਮੌਕੇ ਸ਼ਰਧਾਲੂਆਂ ਵੱਲੋਂ ਲੱਡੂ ਗੋਪਾਲ ਦੇ ਪੰਘੂੜੇ ਨੂੰ ਝੂਲਾ ਵੀ ਝੁਲਾਇਆ। ਇਸ ਮੌਕੇ ਮੰਦਰ ਪ੍ਰਬੰਧਕਾਂ ਵੱਲੋਂ ਸਾਰੇ ਸ਼ਰਧਾਲੂਆਂ ਨੂੰ ਫਲ ਅਤੇ ਮਠਿਆਈ ਦੇ ਪ੍ਰਸਾਦ ਵੰਡ ਕੇ ਲੋਕਾਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਵਧਾਈ ਦਿੱਤੀ।
- ਫਲ ਮਠਿਆਈ ਤੇ ਲੰਗਰ ਅਤੁੱਟ ਵਰਤਾਏ ਗਏ
ਮੰਦਰ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਅਤੁੱਟ ਵਰਤਾਏ ਗਏ। ਇਸ ਵਿਚ ਗੋਲ ਗੱਪੇ, ਚੰਨੇ ਪੁਰੀ ਦੇ ਲੰਗਰ, ਸਮੌਸੇ, ਟੌਫੀਆਂ, ਆਇਸਕ੍ਰੀਮ, ਬਿਸਕੁੱਟ, ਖੀਰ, ਭੱਲੇ, ਰੋਟੀ ਦਾਲ, ਕੜਾਹ ਪ੍ਰਸ਼ਾਦ ਸਮੇਤ ਫਲਾਂ, ਮਠਿਆਈਆਂ, ਠੰਢੇ-ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਜਿਸ ਦਾ ਸ਼ਰਧਾਲੂਆਂ ਵੱਲੋਂ ਲਾਭ ਪ੍ਰਾਪਤ ਕੀਤਾ ਗਿਆ।
- ਸੁੰਦਰ ਲਾਈਟਿੰਗ ਨਾਲ ਸਜੇ ਮੰਦਰ
ਜਨਮ ਅਸ਼ਟਮੀ ਦੇ ਪਾਵਨ ਮੌਕੇ ਤੇ ਮੰਦਰ ਪ੍ਰਬੰਧਕ ਕਮੇਟੀਆਂ ਵੱਲੋਂ ਮੰਦਰ ’ਚ ਸੁੰਦਰ ਲਾਈਟਿੰਗ ਅਤੇ ਫੁੱਲਾਂ ਨਾਲ ਸਜਾਉਣ ਦੇ ਨਾਲ ਨਾਲ ਸੁੰਦਰ ਵਸਤਰਾਂ ਅਤੇ ਪੁਸ਼ਾਕਾਂ ਨਾਲ ਵੱਖ-ਵੱਖ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ। ਇਸ ਮੌਕੇ ਰੰਗ ਬਿਰੰਗੀ ਸੁੰਦਰ ਵੇਸ਼ ਭੂਸ਼ਾ ਵਿਚ ਸਜੇ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਰਾਧਾ ਸਮੇਤ ਹੋਰਨਾਂ ਗੋਪੀਆਂ ਦੀਆਂ ਝਾਕੀਆਂ ਆਕਰਸ਼ਣ ਦਾ ਕੇਂਦਰ ਬਣੀਆਂ ਰਹੀਆਂ।
- ਸ਼ਰਧਾਲੂਆਂ ਨੇ ਕੀਤੀ ਆਪ ਸਰਕਾਰ ਦੀ ਵਡਿਆਈ
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਸ਼੍ਰੀ ਵਰਿੰਦਾਵਨ ਧਾਮ, ਸ਼੍ਰੀ ਖਾਟੂ ਸ਼ਾਮ ਸਮੇਤ ਹੋਰਨਾਂ ਧਾਰਮਿਕ ਅਸਥਾਨਾਂ ਦੇ ਦਰਸ਼ਨਾਂ ਲਈ ਲਿਜਾਉਣ ਲਈ ਸ਼ੁਰੂ ਕੀਤੇ ਉਪਰਾਲੇ ਦੀ ਵੀ ਸ਼ਰਧਾਲੂਆਂ ਵੱਲੋਂ ਖੂਬ ਸ਼ਲਾਘਾ ਕੀਤੀ ਗਈ। ਇਸ ਮੌਕੇ ਅਮਰਜੀਤ, ਹਰਪ੍ਰੀਤ, ਪਰਮਜੀਤ, ਅਵਤਾਰ, ਪਰਦੀਪ ਕੁਮਾਰ ਆਦਿ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਇਹ ਉਪਰਾਲੇ ਦੇਰੀ ਨਾਲ ਸ਼ੁਰੂ ਕੀਤੇ ਗਏ ਹਨ ਪਰ ਜੇਕਰ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਹੀ ਇਹ ਉਪਰਾਲੇ ਸ਼ੁਰੂ ਕਰ ਦਿੱਤੇ ਜਾਂਦੇ ਤਾਂ ਲੋਕਾਂ ਦੇ ਆਪ ਸਰਕਾਰ ਨਾਲ ਪੱਕੇ ਜੁੜਣ ਅਤੇ ਵੋਟਾਂ ਪਾ ਕੇ ਇੱਕ ਵਾਰ ਫਿਰ ਆਪ ਦੀ ਸਰਕਾਰ ਦਾ ਸੁਪਨਾ ਸਾਕਾਰ ਕਰ ਦਿੱਤਾ ਜਾਣਾ ਸੀ।