- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲ 'ਚ ਸ੍ਰਾਵਣੀ ਉਪਾਕਰਮ ਅਤੇ ਵੇਦ ਪ੍ਰਚਾਰਕ ਦਿਵਸ ਮਨਾਇਆ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਆਰਐੱਮਬੀ ਡੀਏਵੀ ਸੈਟੇਨਰੀ ਪਬਲਿਕ ਸਕੂਲ ਨਵਾਂਸ਼ਹਿਰ ਵਿਖੇ ਸ੍ਰਾਵਣੀ ਉਪਾਕਰਮ ਅਤੇ ਵੇਦ ਪ੍ਰਚਾਰਕ ਦਿਵਸ ਸ਼ਰਧਾ, ਉਤਸ਼ਾਹ ਅਤੇ ਵੈਦਿਕ ਭਾਵਨਾ ਨਾਲ ਮਨਾਇਆ। ਸਕੂਲ ਦੇ ਕਾਰਜਕਾਰੀ ਇੰਚਾਰਜ ਸ਼ਿਵ ਕੁਮਾਰ ਦੀ ਸੁਚੱਜੀ ਅਗਵਾਈ ਹੇਠ ਇਕ ਸਮਾਗਮ ਕਰਵਾਇਆ। ਉਨ੍ਹਾਂ ਦੱਸਿਆ ਕਿ ਡੀਏਵੀ ਸੰਸਥਾਵਾਂ ਦੇ ਮਾਰਗ ਦਰਸ਼ਕ ਪਦਮਸ਼੍ਰੀ ਪੂਨਮ ਸੂਰੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਨ੍ਹਾਂ ਵੱਲੋਂ ਦਰਸ਼ਾਏ ਮਾਰਗ ’ਤੇ ਚੱਲਦਿਆਂ ਡੀਏਵੀ ਸੰਸਥਾਵਾਂ ਵਿਚ ਵੇਦ ਪ੍ਰਚਾਰ ਹਫ਼ਤਾ ਮਨਾਇਆ ਜਾ ਰਿਹਾ ਹੈ। ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵੇਦਾਂ ਦੀ ਮਹਾਨ ਪਰੰਪਰਾ, ਭਾਰਤੀ ਸੰਸਕ੍ਰਿਤੀ ਅਤੇ ਜੀਵਨ ਵਿਚ ਨੈਤਿਕ ਤੇ ਮਾਨਵੀ ਕਦਰਾਂ-ਕੀਮਤਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਸੀ। ਇਸ ਪਾਵਨ ਮੌਕੇ ’ਤੇ ਸਕੂਲ ਦੇ ਵਿਹੜੇ ਵਿਚ ਵੇਦਿਕ ਰੀਤੀ-ਰਿਵਾਜਾਂ ਅਨੁਸਾਰ ਸਾਂਝੇ ਹਵਨ ਯੱਗ ਕਰਵਾਇਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਰਧਾਪੂਰਵਕ ਯੱਗ ਵਿਚ ਆਹੂਤੀਆਂ ਅਰਪਿਤ ਕੀਤੀਆਂ।
ਵੈਦਿਕ ਮੰਤਰਾਂ ਦੇ ਉਚਾਰਨ ਦੌਰਾਨ ਜਦੋਂ ਹਵਨ ਕੁੰਡ ਵਿਚ ਆਹੂਤੀਆਂ ਸਮਰਪਿਤ ਕੀਤੀਆਂ ਤਾਂ ਹਵਨ ਸਮੱਗਰੀ ਦੀ ਪਾਵਨ ਸੁਗੰਧ ਨਾਲ ਪੂਰਾ ਸਕੂਲ ਪਰਿਸਰ ਅਧਿਆਤਮਿਕ ਅਤੇ ਸਕਾਰਾਤਮਕ ਊਰਜਾ ਨਾਲ ਭਰ ਗਿਆ। ਸਾਂਝੇ ਯੱਗ ਨੇ ਵਿਦਿਆਰਥੀਆਂ ਵਿਚ ਏਕਤਾ, ਅਨੁਸ਼ਾਸਨ, ਸ਼ਰਧਾ ਅਤੇ ਸੰਸਕਾਰਾਂ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ। ਸਮਾਗਮ ਨੂੰ ਵਿਦਿਆਰਥੀਆਂ ਨੇ ਆਪਣੇ ਮਿੱਠੇ ਭਜਨਾਂ ਦੀਆਂ ਸੁੰਦਰ ਪੇਸ਼ਕਾਰੀਆਂ ਨਾਲ ਭਗਤੀਮਈ ਬਣਾ ਦਿੱਤਾ। ਵਿਦਿਆਰਥੀਆਂ ਨੇ ਇਸ ਸਮਾਗਮ ਰਾਹੀਂ ਭਾਰਤੀ ਸੰਸਕ੍ਰਿਤੀ ਅਤੇ ਵੈਦਿਕ ਪਰੰਪਰਾਵਾਂ ਪ੍ਰਤੀ ਆਪਣੇ ਸਤਿਕਾਰ ਅਤੇ ਮਾਣ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਸਕੂਲ ਦੇ ਕਾਰਜਕਾਰੀ ਅਧਿਆਪਕ ਇੰਚਾਰਜ ਸ਼ਿਵ ਕੁਮਾਰ ਨੇ ਕਿਹਾ ਕਿ ਵੇਦ ਮਨੁੱਖੀ ਜੀਵਨ ਨੂੰ ਸੱਚ, ਗਿਆਨ, ਅਨੁਸ਼ਾਸਨ, ਸਦਾਚਾਰ, ਸੇਵਾ, ਪਰਉਪਕਾਰ ਅਤੇ ਕਰਤੱਵ-ਨਿਸ਼ਠਾ ਦਾ ਮਾਰਗ ਦਿਖਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਵੇਦਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿਚ ਅਪਣਾਉਂਦਿਆਂ ਸੰਸਕਾਰੀ, ਜ਼ਿੰਮੇਵਾਰ ਅਤੇ ਉੱਤਮ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸ੍ਰਾਵਣੀ ਉਪਾਕਰਮ ਸਿਰਫ ਇੱਕ ਧਾਰਮਿਕ ਰਸਮ ਨਹੀਂ, ਸਗੋਂ ਆਤਮ-ਸ਼ੁੱਧੀ, ਆਤਮ-ਚਿੰਤਨ, ਗਿਆਨ ਪ੍ਰਾਪਤੀ ਅਤੇ ਆਪਣੇ ਕਰਤੱਵਾਂ ਪ੍ਰਤੀ ਜਾਗਰੂਕ ਹੋਣ ਦਾ ਪਾਵਨ ਮੌਕਾ ਹੈ। ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਅਤੇ ਮਾਣਮੱਤੀ ਵੇਦਿਕ ਵਿਰਾਸਤ ਨਾਲ ਜੋੜਨ ਵਿਚ ਮਹੱਤਵ ਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਅਰਵਿੰਦ ਘਈ ਚੇਅਰਮੈਨ ਅਤੇ ਸਕੱਤਰ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ, ਖੇਤਰੀ ਸਹਾਇਕ ਯੋਗੇਸ਼ ਗੰਭੀਰ ਅਤੇ ਸਕੂਲ ਦੇ ਪ੍ਰਬੰਧਕ ਵਿਨੋਦ ਕੁਮਾਰ ਚੁੱਘ ਨੇ ਸਕੂਲ ਪਰਿਵਾਰ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।