ਦੁਕਾਨਦਾਰ ਸ਼ੱਕੀ ਸਰਗਰਮੀ ਨਜ਼ਰ ਆਉਂਦੇ ਪੁਲਿਸ ਨੂੰ ਕਰਨ ਸੂਚਿਤ : ਡੀਐੱਸਪੀ ਪੰਕਜ ਸ਼ਰਮਾ ਦੁਕਾਨਦਾਰ ਸ਼ੱਕੀ ਗਤੀਵਿਧੀ ਨਜ਼ਰ ਆਉਂਦੇ ਪੁਲਿਸ ਨੂੰ ਕਰਨ ਸੂਚਿਤ-ਡੀਐੱਸਪੀ ਪੰਕਜ ਸ਼ਰਮਾ
Publish Date: Thu, 08 Oct 2026 06:45 PM (IST)
Updated Date: Thu, 08 Oct 2026 06:47 PM (IST)
ਗੌਰਵ ਗਾਬਾ, ਪੰਜਾਬੀ ਜਾਗਰਣ ਰਾਹੋਂ : ਰਾਹੋਂ ਸ਼ਹਿਰ ਵਿਚ ਨਸ਼ਿਆਂ ਦੀ ਰੋਕਥਾਮ, ਚੋਰੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਅਤੇ ਬਾਜ਼ਾਰ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਲਈ ਦੁਕਾਨਦਾਰਾਂ, ਇਲਾਕਾ ਵਾਸੀਆਂ ਅਤੇ ਪੁਲਿਸ ਪ੍ਰਸ਼ਾਸਨ ਵਿਚਕਾਰ ਅਹਿਮ ਮੀਟਿੰਗ ਰਾਹੋਂ ਵਿਖੇ ਕੀਤੀ। ਮੀਟਿੰਗ ਵਿਚ ਡੀਐੱਸਪੀ ਪੰਕਜ ਸ਼ਰਮਾ ਅਤੇ ਥਾਣਾ ਰਾਹੋਂ ਦੇ ਐੱਸਐੱਚਓ ਇੰਸਪੈਕਟਰ ਹੈਰੀ ਬੋਪਾਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਪੁੱਜੇ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਸ਼ਹਿਰ ਵਿੱਚ ਦਰਪੇਸ਼ ਸਮੱਸਿਆਵਾਂ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਰੱਖੀਆਂ। ਇਸ ਮੌਕੇ ਨਸ਼ਿਆਂ ਦੀ ਰੋਕਥਾਮ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਾਗਰੂਕਤਾ, ਚੋਰੀ ਦੀਆਂ ਘਟਨਾਵਾਂ, ਬਾਜ਼ਾਰ ਦੀ ਸੁਰੱਖਿਆ, ਕਾਨੂੰਨ-ਵਿਵਸਥਾ ਅਤੇ ਰਾਤ ਸਮੇਂ ਪੁਲਿਸ ਗਸ਼ਤ ਸਮੇਤ ਕਈ ਅਹਿਮ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਡੀਐੱਸਪੀ ਪੰਕਜ ਸ਼ਰਮਾ ਅਤੇ ਐੱਸਐੱਚਓ ਇੰਸਪੈਕਟਰ ਹੈਰੀ ਬੋਪਾਰਾਏ ਨੇ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਵੱਲੋਂ ਉਠਾਈਆਂ ਗਈਆਂ ਜਾਇਜ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਪੁਲਿਸ ਵੱਲੋਂ ਲੋੜੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਵਿਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਰਾਤ ਸਮੇਂ ਸ਼ਹਿਰ ਵਿਚ ਪੀਸੀਆਰ ਦੀ ਗਸ਼ਤ ਹੋਰ ਵਧਾਈ ਜਾਵੇਗੀ। ਜਦਕਿ ਸ਼ਹਿਰ ਦੇ ਮਹੱਤਵਪੂਰਨ ਸਥਾਨਾਂ ਅਤੇ ਬਾਜ਼ਾਰਾਂ ਵਿਚ ਸੀਸੀਟੀਵੀ ਕੈਮਰਿਆਂ ਦੀ ਪੂਰਨ ਵਿਵਸਥਾ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦੀ ਸੁਰੱਖਿਆ ਅਤੇ ਸ਼ਹਿਰ ਵਿਚ ਸ਼ਾਂਤੀ ਕਾਇਮ ਰੱਖਣਾ ਪੁਲਿਸ ਦੀ ਮੁੱਖ ਤਰਜੀਹ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਜਾਂ ਸਮਾਜ ਵਿਰੋਧੀ ਸਰਗਰਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਦੀਆਂ ਸਰਗਰਮੀਆਂ ਸ਼ੱਕੀ ਨਜ਼ਰ ਆਉਣ ਜਾਂ ਨਸ਼ਿਆਂ ਦੀ ਵਿਕਰੀ, ਚੋਰੀ ਜਾਂ ਕਿਸੇ ਹੋਰ ਗੈਰ-ਸਮਾਜਿਕ ਸਰਗਰਮੀ ਸਬੰਧੀ ਜਾਣਕਾਰੀ ਮਿਲੇ, ਤਾਂ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਡੀਐੱਸਪੀ ਵੱਲੋਂ ਪੁਲਿਸ ਨਾਲ ਸੰਪਰਕ ਕਰਨ ਲਈ ਵੱਖ-ਵੱਖ ਨੰਬਰ ਵੀ ਸਾਂਝੇ ਕੀਤੇ ਗਏ। ਮੀਟਿੰਗ ਦੌਰਾਨ ਦੁਕਾਨਦਾਰਾਂ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਕਿਹਾ ਕਿ ਸ਼ਹਿਰ ਨੂੰ ਨਸ਼ਿਆਂ ਅਤੇ ਸਮਾਜ ਵਿਰੋਧੀ ਸਰਗਰਮੀਆਂ ਤੋਂ ਬਚਾਉਣ ਲਈ ਪੁਲਿਸ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਭਾਜਪਾ ਆਗੂ ਕਮਲਜੀਤ ਸਿੰਘ ਰਾਣਾ, ਸੇਵਾਮੁਕਤ ਡੀਈਓ ਛੋਟੂ ਰਾਮ, ਕਪਿਲ ਕ੍ਰਿਪਾਲ, ਹਰਸ਼ ਜਾਂਗੜਾ, ਭਾਜਪਾ ਆਗੂ ਰਜਨੀ ਕੰਡਾ, ਰਾਜਾ ਮਹਾਲੋਂ, ਭਾਜਪਾ ਪ੍ਰਧਾਨ ਵਿਨੋਦ ਚੋਪੜਾ, ਭਾਜਪਾ ਆਗੂ ਅਰਵਿੰਦ ਜੋਸ਼ੀ ਲਾਲੀ, ਅਰੁਣ ਦੁੱਗਲ, ਜਗਦੀਪ ਸਿੰਘ ਪਾਹਵਾ, ਮਨੀਸ਼ ਅਰੋੜਾ, ਮਾਨਵ ਗਾਬਾ, ਵਿਸ਼ਾਲ ਚੋਪੜਾ, ਹਰਸ਼ ਗਾਬਾ, ਅਮਰੀਕ ਸਿੰਘ, ਸ਼ੁਬਮ ਚੱਢਾ, ਰਾਣੀ ਚੌਹਾਨ, ਧੀਰਜ ਸਹਿਜਪਾਲ, ਗੋਰਾ ਮਹਾਲੋਂ, ਰੋਹਨ ਸ਼ਰਨ, ਫਤਹਿ ਸਿੰਘ, ਅੰਕੁਸ਼, ਭੁਪਿੰਦਰ ਸਿੰਘ, ਸੰਦੀਪ ਲਰੋਆ, ਮੱਖਣ ਉੱਪਲ, ਰੋਹਿਤ ਗੋਸਵਾਮੀ, ਸੁਰਿੰਦਰ ਸਿੰਘ, ਗੁਰਚਰਨ ਸਿੰਘ ਸੈਣੀ, ਰਾਜਵੀਰ ਸਿੰਘ, ਸਰਪੰਚ ਜੀਤ ਸਿੰਘ, ਬਿੱਲਾ, ਹਰਪ੍ਰੀਤ ਸਿੰਘ, ਜਤਿਨ ਗਾਬਾ, ਕਰਨ ਸ਼ਰਮਾ, ਸੰਨੀ ਪੋਪਲੀ, ਸਾਗਰ ਸਿੰਘ, ਪ੍ਰਿੰਸ ਗਾਬਾ, ਸਰਬਜੀਤ ਸਿੰਘ, ਜਤਿੰਦਰ ਸਿੰਘ ਮਹਿਮੀ ਤੋਂ ਇਲਾਵਾ ਹੋਰ ਦੁਕਾਨਦਾਰ ਹਾਜ਼ਰ ਸਨ।