ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ 5 ਦਸੰਬਰ ਤੋਂ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ 5 ਦਸੰਬਰ ਤੋਂ
Publish Date: Sun, 29 Nov 2026 04:24 PM (IST)
Updated Date: Mon, 30 Nov 2026 04:02 AM (IST)
ਉਦਘਾਟਨੀ ਮੈਚ ਆਰ. ਸੀ. ਐਫ ਕਪੂਰਥਲਾ ਤੇ ਕੇਹਰ ਫੁੱਟਬਾਲ ਕਲੱਬ ਜਲੰਧਰ ਦਰਮਿਆਨ ਹੋਵੇਗਾ ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਫੁੱਟਬਾਲ ਪ੍ਰੇਮੀਆਂ ਵੱਲੋਂ ਸਾਰਾ ਸਾਲ ਉਡੀਕਿਆ ਜਾਂਦਾ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ 5 ਦਸੰਬਰ ਤੋਂ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਗਰਾਉਂਡ ਵਿਚ ਖੇਡਿਆ ਜਾਵੇਗਾ। ਹਰਜੀਤ ਸਿੰਘ ਮਾਹਲ ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨੀ ਮੈਚ ਠੀਕ 10 ਵਜੇ 2 ਬਿਹਤਰੀਨ ਕਲੱਬਾਂ ਆਰਸੀਐਫ ਕਪੂਰਥਲਾ ਅਤੇ ਕੇਹਰ ਫੁੱਟਬਾਲ ਕਲੱਬ ਦਰਮਿਆਨ ਖੇਡਿਆ ਜਾਵੇਗਾ। ਦਿਨ ਦਾ ਦੂਜਾ ਮੈਚ ਦੁਪਹਿਰ 1 ਵਜੇ ਪੀਆਈ ਐਸ ਫਗਵਾੜਾ ਅਤੇ ਪ੍ਰਿੰਸੀਪਲ ਹਰਭਜਨ ਸਿੰਘ ਫੁੱਟਬਾਲ ਕਲੱਬ ਮਾਹਿਲਪੁਰ ਦਰਮਿਆਨ ਖੇਡਿਆ ਜਾਵੇਗਾ। ਇਨ੍ਹਾਂ ਚਾਰ ਟੀਮਾਂ ਸਮੇਤ ਕੁੱਲ 12 ਕਲੱਬ ਕੈਟਾਗਰੀ ਦੀਆਂ ਬੇਹਤਰੀਨ ਟੀਮਾਂ ਟੂਰਨਾਮੈਂਟ ਵਿਚ ਭਾਗ ਲੈਣਗੀਆਂ। ਜਿਨ੍ਹਾਂ ਵਿਚ ਦਲਵੀਰ ਫੁੱਟਬਾਲ ਅਕੈਡਮੀ ਪਟਿਆਲਾ, ਪੰਜਾਬ ਪੁਲਿਸ, ਸ਼੍ਰੀ ਗੁਰੂ ਹਰਗੋਬਿੰਦ ਫੁੱਟਬਾਲ ਕਲੱਬ ਬੰਗਾ, ਗੁਰੂ ਫੁੱਟਬਾਲ ਅਕੈਡਮੀ ਜਲੰਧਰ, ਜੇਸੀਟੀ ਫੁੱਟਬਾਲ ਅਕੈਡਮੀ, ਓਲੰਪਿਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ, ਸੰਤ ਬਾਬਾ ਭਾਗ ਸਿੰਘ ਫੁੱਟਬਾਲ ਕਲੱਬ ਅਤੇ ਨਾਮਧਾਰੀ ਫੁੱਟਬਾਲ ਕਲੱਬ ਦੀਆਂ ਟੀਮਾਂ ਭਾਗ ਲੈਣਗੀਆਂ। ਟੂਰਨਾਮੈਂਟ ਦਾ ਉਦਘਾਟਨ ਝਲਮਣ ਸਿੰਘ ਸਿੱਧੂ ਸੋਤਰਾਂ ਅਤੇ ਸ਼ਰਨਜੀਤ ਸਿੰਘ ਮਾਹਲ ਵੱਲੋਂ ਝੰਡਾ ਝੁਲਾਉਣ ਦੀ ਰਸਮ ਨਾਲ ਕੀਤਾ ਜਾਵੇਗਾ। ਇਸ ਵਾਰ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਵਿਚ ਵਾਧਾ ਕਰਕੇ ਕਲੱਬ ਕੈਟਾਗਰੀ ਲਈ ਪਹਿਲਾ ਇਨਾਮ ਡੇਢ ਲੱਖ ਰੁਪਏ ਕੀਤਾ ਗਿਆ ਹੈ ਅਤੇ ਦੂਸਰਾ ਇਨਾਮ ਇੱਕ ਲੱਖ ਰੁਪਏ ਕੀਤਾ ਗਿਆ ਹੈ। ਪਿਛਲੀ ਵਾਰ ਦੀ ਤਰ੍ਹਾਂ ਬੱਚਿਆਂ ਦੀਆਂ 4 ਟੀਮਾਂ ਦੇ ਮੈਚ ਵੀ ਕਰਵਾਏ ਜਾਣਗੇ। 5 ਤੋਂ 10 ਦਸੰਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦੌਰਾਨ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਅਤੇ ਦਰਸ਼ਕਾਂ ਲਈ ਲੱਕੀ ਡਰਾਅ ਵੀ ਕੱਢੇ ਜਾਣਗੇ। ਇਸ ਮੌਕੇ ਪ੍ਰੈਸ ਸਕੱਤਰ ਤਲਵਿੰਦਰ ਸ਼ੇਰਗਿੱਲ, ਸੁਰਿੰਦਰ ਸਿੰਘ ਖਾਲਸਾ, ਡਾ. ਗੁਰਮੀਤ ਸਿੰਘ ਸਰਾਂ, ਲੈਕ. ਸ਼ੰਕਰ ਦਾਸ, ਮਾਸਟਰ ਸੁੱਚਾ ਰਾਮ, ਕਸ਼ਮੀਰੀ ਲਾਲ ਮੰਗੂਵਾਲ ਆਦਿ ਹਾਜ਼ਰ ਸਨ।