ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮਨਾਇਆ
Publish Date: Tue, 29 Sep 2026 04:12 PM (IST)
Updated Date: Tue, 29 Sep 2026 04:15 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ ਬੰਗਾ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਦੇ 119ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਸਕੂਟਰ ਮੋਟਰਸਾਈਕਲ ਮਾਰਚ ਦਿੱਲੀ ਸ਼ਹੀਦਾਂ ਦੀ ਯਾਦਗਾਰ ਫਿਲੌਰ ਤੋਂ ਆਰੰਭ ਹੋ ਕੇ ਪਿੰਡ ਖਟਕੜ ਕਲਾਂ ਪੁੱਜਾ। ਮਾਰਚ ਦੀ ਅਗਵਾਈ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਮੱਖਣ ਸੰਗਰਾਮੀ, ਜਸਵੀਰ ਢੇਸੀ ਅਤੇ ਐਡਵੋਕੇਟ ਬਲਦੇਵ ਸਾਹਨੀ ਨੇ ਕੀਤੀ। ਮਾਰਚ ਦੌਰਾਨ ਹੱਥਾਂ ਵਿਚ ਸ਼ਹੀਦ ਭਗਤ ਸਿੰਘ ਦੀ ਤਸਵੀਰ ਵਾਲੇ ਸਫੇਦ ਝੰਡੇ ਫੜੀ ਨੌਜਵਾਨਾਂ ਤੇ ਵਿਦਿਆਰਥੀਆਂ ਵੱਲੋਂ ਇਨਕਲਾਬ ਜਿੰਦਾਬਾਦ ਅਤੇ ਸਾਮਰਾਜਵਾਦ ਮੁਰਦਾਬਾਦ ਨਾਅਰੇ ਮਾਰਦਿਆਂ ਸਮੁੱਚੇ ਵਾਤਾਵਰਨ ਚ ਇੰਨਕਲਾਬੀ ਮਾਹੌਲ ਸਿਰਜ ਦਿੱਤਾ। ਸ਼ਹੀਦ ਭਗਤ ਸਿੰਘ ਨੂੰ ਫੁੱਲ-ਮਾਲਾਵਾਂ ਭੇਂਟ ਕਰਨ ਉਪਰੰਤ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਅਤੇ ਖ਼ਜਾਨਚੀ ਅਜੈ ਫਿਲੌਰ ਨੇ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਮਨੁੱਖਤਾਂ ਦੇ ਭਲੇ ਲਈ ਜਿਸ ਸਮਾਜ ਦੀ ਕਲਪਨਾ ਕੀਤੀ ਸੀ। ਅੱਜ ਉਸਦੇ ਉਲਟ ਦੇਸ਼ ਦੇ ਹਾਕਮਾਂ ਵੱਲੋਂ ਗਰੀਬਾਂ, ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਵੋਟਰ ਲਿਸਟ ਚੋਂ ਬਾਹਰ ਕਰਨ ਲਈ ਐਸਆਈਆਰ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੜਬੜੀ ਲਈ ਜਿੰਮੇਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੁਰੰਤ ਅਸਤੀਫਾ ਦੇਵੇ ਤਾਂ ਕਿ ਆਉਣ ਵਾਲੀਆਂ ਚੋਣਾਂ ਚ ਅਮਲ ਦੀ ਸੁਤੰਤਰਤਾ ਅਤੇ ਪਾਰਦਰਸ਼ਤਾ ਬਹਾਲ ਰਹੇ। ਇਸ ਮੌਕੇ ਪੰਜਾਬ ਚ ਜਵਾਨੀ ਨੂੰ ਤੇਜ਼ੀ ਨਾਲ ਨਸ਼ੇ ਦੇ ਗੁਲਾਮ ਬਣਾਉਣ ਲਈ ਪੱਬਾਂ ਭਾਰ ਹੋਈ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਪਾਰਟੀ ਦੀ ਸਰਕਾਰ ਆਪਣਾ ਰਾਜ ਭਾਗ ਲੰਮਾ ਕਰਨ ਲਈ ਸ਼ਰੇਆਮ ਪੁਲਿਸ, ਸਿਆਸੀ, ਗੁੰਡਾ ਗਠਜੋੜ ਰਾਹੀ ਨਸ਼ਾ ਵੇਚ ਰਹੀ ਹੈ। ਇਸ ਦੇ ਉਲਟ ਹਰੇ ਪੈੱਨ ਰਾਹੀਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਵਾਅਦੇ ਕਰਨ ਵਾਲੀ ਸਰਕਾਰ ਦੇ ਰਾਜ ਪ੍ਰਬੰਧ ਚ ਬੇਰੁਜ਼ਗਾਰੀ ਗੰਭੀਰ ਸੰਕਟ ਬਣੀ ਹੋਈ ਹੈ। ਵਿਦਿਆਰਥੀਆਂ ਨੂੰ ਮੁਫ਼ਤ ਇਕਸਾਰ ਲਾਜ਼ਮੀ ਸਿੱਖਿਆ ਦੇਣ ਦੀ ਥਾਂ ਰਾਜ ਅੰਦਰ ਵਿੱਦਿਆ ਦਾ ਵਪਾਰ ਕੀਤਾ ਜਾ ਰਿਹਾ। ਜਿਸ ਕਾਰਨ ਸਿੱਖਿਆਂ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ। ਇਸ ਮੌਕੇ ਤਹਿਸੀਲ ਸਕੱਤਰ ਸੁਨੀਲ ਭੈਣੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੀ ਤਕਦੀਰ ਬਦਲਣ ਦਾ ਵਾਅਦਾ ਕੀਤਾ ਸੀ, ਉਥੇ ਉਹ ਨਸ਼ਿਆਂ ਦਾ ਖਾਤਮਾ ਕਰਨ, ਸਿੱਖਿਆ ਸਾਰਿਆਂ ਲਈ ਬਰਾਬਰ ਕਰਨ ਦਾ ਵਾਅਦਾ ਕਰਕੇ ਮੁੱਕਰ ਗਿਆ ਹੈ। ਜਿਸ ਕਾਰਨ ਜਵਾਨੀ ਅੱਜ ਨਿਰਾਸ਼ਾ ਵਿਚ ਪੈਣ ਕਰਕੇ ਨਸ਼ਿਆਂ ਦਾ ਸਹਾਰਾ ਲੈ ਰਹੀ ਹੈ। ਚੋਣ ਵਾਅਦੇ ਮੁਤਾਬਿਕ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਦੇਣ, ਨਸ਼ਿਆਂ ਦਾ ਖਾਤਮਾ ਕਰਨ, ਨਸ਼ੇ ਦੇ ਆਦੀ ਨੌਜਵਾਨਾਂ ਦੇ ਮੁੜ-ਵਸੇਬੇ ਦਾ ਪ੍ਰਬੰਧ ਕਰਨ, ਸਿਹਤ ਸਹੂਲਤਾਂ ਦੀ ਗਰੰਟੀ, ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆਂ ਵਿਚ ਖਾਲੀ ਅਸਾਮੀਆਂ ਭਰਨ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ, ਬੱਸ ਪਾਸ ਸਹੂਲਤ ਨੂੰ ਲਾਗੂ ਕਰਨ, ਸਿੱਖਿਆ ਦਾ ਵਪਾਰੀਕਰਨ ਅਤੇ ਫਿਰਕੂਕਰਨ ਬੰਦ ਕਰਨ, ਫ਼ਿਰਕਾਪ੍ਰਸਤੀ ਨਸਲਵਾਦ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਐਲਾਨ ਵੀ ਕੀਤਾ। ਇਸ ਮੌਕੇ ਤਹਿਸੀਲ ਕਮੇਟੀ ਮੈਂਬਰ ਅਮਰੀਕ ਰੁੜਕਾ, ਗਗਨਦੀਪ ਗੱਗਾ, ਸਨੀ ਜੱਸਲ, ਰਿੱਕੀ ਮਿਓਵਾਲ, ਗੈਰੀ ਗਿੱਲ, ਰਸ਼ਪਾਲ ਬਿਰਦੀ, ਸੁੱਖਾ ਬੁੰਡਾਲਾ, ਲੱਬੂ ਰੁੜਕੀ, ਅਮਨ ਰੁੜਕੀ, ਸਾਬੀ ਰਾਜ ਗੋਮਾਲ, ਲਖਵੀਰ ਖੋਖੇਵਾਲ ਅਤੇ ਹੋਰ ਨੌਜਵਾਨ ਸ਼ਾਮਲ ਸਨ।