ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਨ ਮਨਾਇਆ ਸ਼ਹੀਦ ਭਗਤ ਸਿੰਘ ਦਾ 119ਵਾਂ ਜਨਮ ਦਿਨ ਮਨਾਇਆ
Publish Date: Wed, 30 Sep 2026 04:17 PM (IST)
Updated Date: Wed, 30 Sep 2026 04:19 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 119ਵੇਂ ਜਨਮ ਦਿਵਸ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਖਾਰਾ ਦੀ ਅਗਵਾਈ ਹੇਠ ਆਗੂਆਂ ਅਤੇ ਵਰਕਰਾਂ ਵੱਲੋਂ ਸ਼ਹੀਦ ਭਗਤ ਸਿੰਘ ਦੀ ਪ੍ਰਤਿਮਾ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਹਰਪ੍ਰੀਤ ਸਿੰਘ ਖਾਰਾ ਨੇ ਦੱਸਿਆ ਕਿ ਇਸ ਵੇਲੇ ਸ਼ਹੀਦਾਂ ਦੀ ਵਿਚਾਰ ਧਾਰਾ ਨੂੰ ਅਪਣਾਉਣ ਦੀ ਸਭ ਤੋਂ ਵੱਡੀ ਲੋੜ ਹੈ। ਕਿਉਂਕਿ ਜੋ ਸੁਪਨੇ ਇਨ੍ਹਾਂ ਆਜ਼ਾਦੀ ਘੁਲਾਟੀਆਂ ਨੇ ਦੇਖੇ ਸਨ। ਉਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਿਆ ਹੈ। ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਸਮੁੱਚੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਸ਼ਹੀਦਾਂ ਦੀ ਵਿਚਾਰ ਧਾਰਾ ਤੋਂ ਸੇਧ ਲੈਣ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਿਰਫ਼ ਇੱਕ ਦਿਨ ਉਨ੍ਹਾਂ ਨੂੰ ਯਾਦ ਕਰਨ ਵਜੋਂ ਨਹੀਂ ਹੈ, ਸਗੋਂ ਇਹ ਦਿਨ ਉਨ੍ਹਾਂ ਦੀ ਵਿਗਿਆਨਕ ਵਿਚਾਰਧਾਰਾ ਨੂੰ ਜਾਨਣ ਸਮਝਣ ਅਤੇ ਹਕੀਕਤ ਵਿੱਚ ਲਾਗੂ ਕਰਨ ਵਜੋਂ ਇਤਿਹਾਸਕ ਦਿਨ ਹੈ। ਇਹ ਦਿਨ ਸ਼ਹੀਦ ਭਗਤ ਸਿੰਘ ਦੇ ਅਧੂਰੇ ਸੁਪਨੇ ਲੁੱਟ, ਜਬਰ ਅਤੇ ਦਾਬੇ ਤੋਂ ਰਹਿਤ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਜਮਾਤੀ ਜੱਦੋਜਹਿਦ ਨੂੰ ਤੇਜ਼ ਕਰਨ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਆਪਣੀ ਉਮਰ ਦੇ ਆਖਰੀ ਵਰ੍ਹੇ ਖਾਸ ਕਰ ਜੇਲ੍ਹ ਸਮੇਂ ਦੌਰਾਨ ਭਾਰਤ ਸਮੇਤ ਦੁਨੀਆ ਭਰ ਦੇ ਇਤਿਹਾਸ ਦੇ ਰੂਬਰੂ ਹੋਇਆ, ਉਸਾਰੂ ਆਲੋਚਨਾਤਮਕ ਅਧਿਐਨ ਕੀਤਾ, ਬਹੁਤ ਸਾਰੀਆਂ ਮਹੱਤਵਪੂਰਨ ਲਿਖਤਾਂ ਲਿਖੀਆਂ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸਿਰਫ਼ ਹਥਿਆਰਬੰਦ ਸੰਘਰਸ਼ ਤੱਕ ਸੀਮਤ ਨਹੀਂ ਸਨ, ਬਲਕਿ ਉਹ ਸਮਾਜਵਾਦੀ ਅਤੇ ਮਾਰਕਸਵਾਦੀ ਵਿਚਾਰਧਾਰਾ ਨੂੰ ਅਪਣਾ ਕੇ ਪੂਰੇ ਸਮਾਜਿਕ-ਆਰਥਿਕ ਢਾਂਚੇ ਨੂੰ ਬਦਲਣਾ ਚਾਹੁੰਦੇ ਸਨ। ਇਸ ਖਤ/ਸੰਦੇਸ਼ ਰਾਹੀਂ ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਵਿਸ਼ਵ ਪੱਧਰ ਤੇ ਸਾਮਰਾਜਵਾਦ ਵਿਰੁੱਧ ਲੜ ਰਹੇ ਲੋਕਾਂ ਨਾਲ ਜੋੜਿਆ। ਭਗਤ ਸਿੰਘ ਅਨੁਸਾਰ ਆਜ਼ਾਦੀ ਦਾ ਮਤਲਬ ਸਿਰਫ਼ ਅੰਗਰੇਜ਼ਾਂ ਨੂੰ ਭਜਾਉਣਾ ਨਹੀਂ ਸੀ, ਸਗੋਂ ਮਜ਼ਦੂਰਾਂ ਅਤੇ ਕਿਸਾਨਾਂ ਦੀ ਲੁੱਟ-ਖਸੁੱਟ ਖ਼ਤਮ ਕਰਨਾ ਸੀ। ਇਨਕਲਾਬ ਦਾ ਮਤਲਬ ਸਿਰਫ਼ ਅੰਗਰੇਜ਼ਾਂ ਨੂੰ ਭਜਾਉਣਾ ਹੀ ਨਹੀਂ ਸੀ, ਸਗੋਂ ਇੱਕ ਅਜਿਹਾ ਸਮਾਜ ਸਿਰਜਣਾ ਸੀ। ਜਿੱਥੇ ਇੱਕ ਮਨੁੱਖ ਵੱਲੋਂ ਦੂਜੇ ਮਨੁੱਖ ਦੀ ਲੁੱਟ-ਖਸੁੱਟ ਨਾ ਹੋਵੇ। ਉਨ੍ਹਾਂ ਨੌਜਵਾਨ ਕਾਰਕੁਨਾਂ ਨੂੰ ਕਿਸਾਨਾਂ, ਮਜ਼ਦੂਰਾਂ ਅਤੇ ਪਿਛੜੇ ਵਰਗਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਅਮਰੀਕ ਸਿੰਘ, ਰਘੁਬੀਰ ਸਿੰਘ, ਹਰਦੀਪ ਸਿੰਘ ਪੱਲੀ ਉੱਚੀ, ਸਚਿਨ ਸ਼ਾਹਪੁਰ ਪੱਟੀ, ਕੁਲਦੀਪ ਮੀਤਾ, ਗੁਰਦੀਪ ਨੋਨਾ, ਕੁਲਵਿੰਦਰ ਕਾਜਮਪੁਰ, ਸੋਹਨ ਸਿੰਘ ਨੰਬਰਦਾਰ, ਸੁਰਜੀਤ ਸਿੰਘ, ਮਲਕੀਤ ਸਿੰਘ, ਡਾ. ਮੋਹਨ ਲਾਲ, ਨਿਰਮਲ ਸਿੰਘ, ਰਣਜੀਤ ਸਿੰਘ ਸੁੱਜੋਂ, ਦਵਿੰਦਰ ਸਿੰਘ, ਕੁਲਦੀਪ ਰਾਮ, ਜਗਪਾਲ ਸਿੰਘ, ਬਹਾਦੁਰ ਸਿੰਘ, ਹਰਵਿੰਦਰ ਕਰੀਹਾ, ਜੋਬਨ ਭੰਗਲ, ਦਲਜੀਤ ਸਿੰਘ ਭੰਗਲ, ਪਰਮਿੰਦਰ ਸਿੰਘ ਸੋਨੂੰ, ਅਸ਼ੋਕ ਕੁਮਾਰ, ਧਰਮਿੰਦਰ ਸਿੰਘ, ਭਿੰਦਾ ਪਾਬਲਾ, ਕੰਵਰਪਾਲ, ਮਨਦੀਪ ਸਿੰਘ, ਪਰਮਜੋਤ ਸਿੰਘ, ਹਰਪ੍ਰੀਤ ਸਿੰਘ, ਮਨੋਹਰ ਸਿੰਘ, ਜਗਵੀਰ ਸਿੰਘ ਖਾਰਾ, ਕਨਵਰ ਖਾਰਾ, ਪਰਦੀਪ ਖਾਰਾ, ਨਰਿੰਦਰ ਖਾਰਾ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।