ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬੰਗਾ ਬਲਾਕ ਜ਼ਿਲ੍ਹੇ ’ਚੋਂ ਅੱਵਲ ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬੰਗਾ ਬਲਾਕ ਜ਼ਿਲ੍ਹੇ 'ਚੋਂ ਅੱਵਲ
Publish Date: Wed, 07 Oct 2026 03:15 PM (IST)
Updated Date: Wed, 07 Oct 2026 03:17 PM (IST)
ਨਰਿੰਦਰ ਮਾਹੀ, ਪੰਜਾਬੀ ਜਾਗਰਣ, ਬੰਗਾ : ਜ਼ਿਲ੍ਹਾ ਸਪੋਰਟਸ ਅਫ਼ਸਰ ਵੰਦਨਾ ਚੌਹਾਨ ਦੀ ਨਿਗਰਾਨੀ ਹੇਠ ਜਸਵਿੰਦਰ ਜੱਸੀ ਪਟਿਆਲਾ, ਗੁਰਪ੍ਰੀਤ ਸਿੰਘ ਨੰਗਲ ਜੱਟਾਂ, ਸਤਵੀਰ ਸੱਤੀ ਜੀਂਦੋਵਾਲ ਤੇ ਗੁਰਤੇਜ ਸਿੰਘ ਨੰਨਾ ਕੁਰਾਲੀ ਦੇ ਸਹਿਯੋਗ ਨਾਲ ਡਾਇਰੈਕਟਰ ਸਪੋਰਟਸ ਵਿਭਾਗ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਜੇਐਸਐਫਐਚ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ ਕਰਵਾਈਆਂ ਗਈਆਂ।।ਜਿਨ੍ਹਾਂ ਵਿਚ ਫੁੱਟਬਾਲ ਦੇ ਵੱਖ-ਵੱਖ ਉਮਰ ਵਰਗ ਦੇ ਮੁਕਾਬਲੇ ਕਰਵਾਏ ਗਏ। 40 ਪਲੱਸ ਵਰਗ ਦਾ ਫਾਈਨਲ ਮੁਕਾਬਲਾ ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬਲਾਕ ਬੰਗਾ ਬਨਾਮ ਔੜ੍ਹ ਫੁੱਟਬਾਲ ਕਲੱਬ ਦਰਮਿਆਨ ਖੇਡਿਆ ਗਿਆ। ਬੰਗਾ ਬਲਾਕ ਦੀ ਟੀਮ ਵਿਚ ਨੈਸ਼ਨਲ ਚੈਂਪੀਅਨ ਫੁੱਟਬਾਲਰ ਸਰਬਜੀਤ ਮੰਗੂਵਾਲ (70) ਤੇ ਗਿਆਨ ਚੰਦ ਪਾਠਕ ਸ਼ੇਖੂਪੁਰ (80) ਸਾਲ ਦੇ ਖਿਡਾਰੀ ਖੇਡੇ। ਜਿਨ੍ਹਾਂ ਦੀ ਖੇਡ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬਲਾਕ ਬੰਗਾ ਦੀ ਟੀਮ ਵਿਚ ਸਰਬਜੀਤ ਮੰਗੂਵਾਲ (ਗੁਰੂ) ਅਤੇ ਸੰਦੀਪ ਟੀਪੂ ਸੂਰਾਪੁਰ (ਚੇਲਾ) ਇਕੱਠੇ ਖੇਡਦੇ ਹੋਏ ਨਜਰ ਆਏ। ਮੈਚ ਦੇ ਪਹਿਲੇ ਹਾਫ ਵਿਚ ਲੈਫਟ-ਵਿੰਗ ਦੇ ਸਟ੍ਰਾਈਕਰ ਪ੍ਰਦੀਪ ਗੜ੍ਹਸ਼ੰਕਰ ਦੇ ਬੈਕ ਪਾਸ ਦੇਣ ਤੇ ਸਰਬਜੀਤ ਮੰਗੂਵਾਲ ਵੱਲੋਂ ਰਨਿੰਗ ਵਿਚ ਫੁੱਲ ਰਾਈਟ ਫੁਟਰ ਨਾਲ ਇੰਨਸਟੈਪ ਦੁਆਰਾ ਲਗਾਏ ਗਏ ਕਲਾਸੀਕਲ ਸ਼ਾਟ ਨੂੰ ਔੜ੍ਹ ਬਲਾਕ ਦੇ ਗੋਲਕੀਪਰ ਜਗਵਿੰਦਰ ਸਿੰਘ ਨੇ ਗੋਲ ਪੋਸਟ ਦੇ ਉੱਪਰਲੇ ਕੋਨੇ ਵਿਚੋਂ ਜੰਪ ਕਰਦੇ ਹੋਏ ਗੋਲ ਹੋਣ ਤੋਂ ਸੇਵ ਕਰ ਦਿੱਤਾ। ਔੜ ਬਲਾਕ ਦੀ ਟੀਮ ਦੇ ਫਾਰਵਰਡ ਲਾਈਨ ਦੇ ਖਿਡਾਰੀਆਂ ਰਜਿੰਦਰ ਨੰਗਲ ਜੱਟਾਂ, ਬਿੱਲਾ ਗੋਸਲ, ਪੰਮਾ ਜਗਤਪੁਰ, ਚੰਨੀ ਮੰਡੇਰ ਅਤੇ ਗੁਰਦੀਪ ਰਟੈਂਡਾ ਵੱਲੋਂ ਕਈ ਵਾਰ ਬਣਾਈ ਗਈ ਵਧੀਆ ਮੂਵ ਨੂੰ ਬੰਗਾ ਬਲਾਕ ਦੀ ਡਿਫੈਂਸ ਲਾਈਨ ਵਿਚ ਖੇਡ ਰਹੇ ਅਮਰਜੀਤ ਬਡਿਆਲ, ਗੁਰਨਾਮ ਕਾਹਮਾ, ਰਜੇਸ਼ ਸਲੀਮਪੁਰ ਅਤੇ ਅਵਤਾਰ ਫੌਜੀ ਦੌਲਤਪੁਰ ਆਪਸੀ ਅੰਡਰ ਸਟੈਂਡਿੰਗ ਨਾਲ ਪਛਾੜਦੇ ਰਹੇ। ਬੰਗਾ ਬਲਾਕ ਦੇ ਮਿਡ ਫੀਲਡਰ ਜਸਵੀਰ ਸਿੱਧੂ ਨੌਰਾ, ਸ਼ੰਕਰ ਦਾਸ ਕਾਹਮਾ, ਸਰਬਜੀਤ ਮੰਗੂਵਾਲ ਅਤੇ ਸਟ੍ਰਾਈਕਰ ਪ੍ਰਦੀਪ ਗੜ੍ਹਸ਼ੰਕਰ, ਸੰਦੀਪ ਟੀਪੂ ਸੂਰਾਪੁਰ ਤੇ ਰਾਈਟ ਵਿੰਗਰ ਬਲਜੀਤ ਸਿੰਘ ਉੱਚੀ ਪੱਲੀ ਨੇ ਤਾਂਬੜ ਤੋੜ ਹਮਲੇ ਕਰਦਿਆਂ ਸੰਦੀਪ ਟੀਪੂ ਵੱਲੋਂ ਓਵਰ ਲੈਪਿੰਗ ਤੇ ਜਾਂਦਿਆਂ ਹੀ ਪ੍ਰਦੀਪ ਗੜ੍ਹਸ਼ੰਕਰ ਦੁਆਰਾ ਦਿੱਤੇ ਗਏ ਸ਼ਾਨਦਾਰ ਪਾਸ ਦੁਆਰਾ ਗੋਲ ਕਰਕੇ ਆਪਣੀ ਟੀਮ ਲਈ ਇਕ ਗੋਲ ਦੀ ਲੀਡ ਬਣਾਈ। ਮੈਚ ਦੇ ਦੂਜੇ ਹਾਫ ਵਿਚ ਔੜ ਦੇ ਖਿਡਾਰੀ ਗੁਰਦੀਪ ਗੁਰੂ ਨੇ ਜ਼ੋਰਦਾਰ ਸ਼ਾਟ ਲਗਾਈ। ਜਿਸ ਨੂੰ ਗੋਲਕੀਪਰ ਮਨਜੀਤ ਸਿੰਘ ਦੌਲਤਪੁਰ ਨੇ ਨਾਕਾਮ ਕਰ ਦਿੱਤਾ। ਬੰਗਾ ਬਲਾਕ ਦੇ ਸਪਚੀਚੂਟ ਖਿਡਾਰੀਆਂ ਡਾ. ਗਿਆਨ ਚੰਦ ਪਾਠਕ ਸ਼ੇਖੂਪੁਰ ਤੇ ਪਲਵਿੰਦਰ ਪਿੰਦੀ ਸੰਤ ਜਗਤਪੁਰ ਨੇ ਫਾਰਵਰਡ ਲਾਈਨ ਵਿਚ ਖੇਡਦੇ ਹੋਏ ਕਈ ਮੂਵ ਬਣਾਏ ਲੇਕਿਨ ਔੜ ਦੀ ਡਿਫੈਂਸ ਵਿਚ ਖੇਡ ਰਹੇ ਦੀਪਾ ਮਾਲੋਮਜਾਰੀਆ, ਜਗਤਾਰ ਸੜੋਆ ਏਐਸਆਈ, ਸੰਜੀਵ ਰਾਣਾ ਬਖਲੌਰ, ਸੁਰਿੰਦਰ ਸਿੰਘ ਛਿੰਦਾ ਜਗਤਪੁਰੀ ਅਤੇ ਮਿਡ ਫੀਲਡਰ ਰਵੀ ਤੇ ਚੰਨੀ ਮੰਡੇਰਾਂ, ਦਵਿੰਦਰ ਕਾਕਾ ਜਗਤਪੁਰੀ ਦੇ ਆਪਸੀ ਤਾਲਮੇਲ ਅਤੇ ਸਪਚੀਚੂਟ ਗੋਲਕੀਪਰ ਸੰਦੀਪ ਸ਼ਰਮਾ ਦੀ ਵਧੀਆ ਸੇਵਿੰਗ ਸਦਕਾ ਲੀਡ ਵਧਾਉਣ ਵਿਚ ਕਾਮਯਾਬ ਨਾ ਹੋ ਸਕੇ। ਆਖਰੀ ਵਿਸਲ ਤੱਕ ਕਿਸੇ ਵੀ ਟੀਮ ਤੋਂ ਗੋਲ ਨਾ ਹੋਇਆ।। ਇਸ ਤਰਾਂ ਬੰਗਾ ਬਲਾਕ ਦੀ ਇਕ ਗੋਲ ਦੀ ਲੀਡ ਬਰਕਰਾਰ ਰਹੀ। ਜਿਸ ਸਦਕਾ ਸ਼ਹੀਦ ਭਗਤ ਸਿੰਘ ਲੀਜੈਂਡਸ ਫੁੱਟਬਾਲ ਕਲੱਬ ਬਲਾਕ ਬੰਗਾ ਦੀ ਟੀਮ ਸਿਫਰ ਦੇ ਮੁਕਾਬਲੇ ਇਕ ਗੋਲ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਚੈਂਪੀਅਨ ਬਣੀ।