- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਹਸਪਤਾਲ ਨਵਾਂਸ਼ਹਿਰ 'ਚ ਸੀਵਰੇਜ ਬਲਾਕੇਜ, ਚੋਕ ਬਾਥਰੂਮਾਂ ਨੂੰ ਲੱਗੇ ਜਿੰਦਰੇ, ਮਰੀਜ ਪਰੇਸ਼ਾਨ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ। ਪਰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸੀਵਰੇਜ ਬਲਾਕੇਜ ਦੀ ਸਮੱਸਿਆ ਕਾਰਨ ਓਪੀਡੀ ਅਤੇ ਵਾਰਡਾਂ ਵਿਚ ਦਾਖਲ ਹੋ ਕੇ ਆਪਣਾ ਇਲਾਜ ਕਰਵਾ ਰਹੇ ਮਰੀਜ਼ਾਂ ਅਤੇ ਉਨ੍ਹਾਂ ਦੇ ਅਟੈਂਡੇਟਾਂ ਨੂੰ ਬੰਦ ਕੀਤੇ ਬਾਥਰੂਮਾਂ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਮਰੀਜ਼ਾਂ ਅਤੇ ਲੋਕਾਂ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਬਾਥਰੂਮਾਂ ਦੇ ਚੋਕ ਹੋਣ ਕਾਰਨ ਮਰੀਜ਼ਾਂ ਨੂੰ ਬਾਥਰੂਮਾਂ ’ਚ ਜਾਣ ਸਮੇਂ ਉਲਟੀਆਂ ਅਤੇ ਹੋਰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਹੇ ਨਹੀਂ ਸਿਵਲ ਹਸਪਤਾਲ ਦੇ ਸਾਰੇ ਡਾਕਟਰ ਅਤੇ ਸਟਾਫ਼ ਮੈਂਬਰ ਵੀ ਬੰਦ ਸੀਵਰੇਜ ਅਤੇ ਬਲਾਕੇਜ ਕਾਰਨ ਗੰਦਗੀ ਭਰੇ ਆਲਮ ਵਿਚ ਕੰਮ ਕਰਨ ਲਈ ਮਜਬੂਰ ਜਾਪ ਰਹੇ ਹਨ। ਉਧਰ ਜਨਰਲ ਵਾਰਡ ਵਿਚ ਦਾਖਲ ਮਰੀਜ਼ ਵੱਲੋਂ ਜਦੋਂ ਪ੍ਰਾਈਵੇਟ ਵਾਰਡਾਂ ਵਿਚ ਦਾਖਲ ਹੋ ਕੇ ਆਪਣਾ ਇਲਾਜ ਕਰਵਾਉਣ ਦੀ ਗੱਲ ਆਖੀ ਜਾਂਦੀ ਹੈ ਤਾਂ ਪਤਾ ਚਲਦਾ ਹੈ ਕਿ ਸਾਰੀ ਸੀਵਰੇਜ ਲਾਈਨ ਚੋਕ ਹੋਣ ਕਾਰਨ ਜਨਰਲ ਵਾਰਡਾਂ ਦੇ ਨਾਲ-ਨਾਲ ਪ੍ਰਾਈਵੇਟ ਵਾਰਡਾਂ ਦੇ ਬਾਥਰੂਮ ਵੀ ਬੰਦ ਕੀਤੇ ਗਏ ਹਨ। ਜਿਸ ਕਾਰਨ ਮਰੀਜ਼ ਅਤੇ ਲੋਕ ਪਰੇਸ਼ਾਨ ਨਜ਼ਰ ਆ ਰਹੇ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪਹਿਲਾਂ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਬਰਸਾਤ ਦੇ ਦਿਨਾਂ ਵਿਚ ਇਸ ਤਰ੍ਹਾਂ ਦੀ ਸੀਵਰੇਜ ਜਾਮ, ਬਲਾਕੇਜ ਦੀ ਸਮੱਸਿਆ ਆਉਂਦੀ ਸੀ। ਉਦੋਂ ਸਿਵਲ ਹਸਪਤਾਲ ’ਚ ਲੋਕਾਂ ਦਾ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਸੀ। ਇਸੇ ਤਰ੍ਹਾਂ ਦੀਆਂ ਹੋਰਨਾਂ ਪਰੇਸ਼ਾਨੀਆਂ ਨੂੰ ਦੇਖਦਿਆਂ ਸਿਵਲ ਹਸਪਤਾਲ ਨਵਾਂਸ਼ਹਿਰ ਨੂੰ ਨਵਾਂਸ਼ਹਿਰ ਤੋਂ ਸ਼ਿਫਟ ਕਰ ਕੇ ਬਰਨਾਲਾ ਕਲਾਂ ਦੀ ਪੰਚਾਇਤੀ ਜ਼ਮੀਨ ਲੈ ਕੇ ਕਰੋੜਾਂ ਰੁਪਏ ਖਰਚ ਕੇ ਤਿਆਰ ਕਰਵਾਇਆ ਗਿਆ। ਪਰ ਹੁਣ ਇੱਥੇ ਵੀ ਸੀਵਰੇਜ ਜਾਮ ਵਰਗੇ ਹਾਲਾਤਾਂ ਕਾਰਨ ਡਾਕਟਰਾਂ, ਮਰੀਜ਼ਾਂ ਅਤੇ ਲੋਕਾਂ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ। ਲੋਕਾਂ ਨੇ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਐੱਸਐੱਮਓ ਡਾ. ਅਜੈ ਬਸਰਾ, ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ, ਸਿਹਤ ਮੰਤਰੀ ਡਾ. ਬਲਵੀਰ ਸਿੰਘ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੁਰਜ਼ੋਰ ਅਪੀਲ ਕੀਤੀ ਕਿ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਬੰਦ ਪਏ ਸੀਵਰੇਜ ਸਿਸਟਮ ਨੂੰ ਦਰੁਸਤ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਹੋ ਰਹੀਆਂ ਦਿੱਕਤਾਂ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ’ਤੇ ਵਿਸ਼ਵਾਸ ਕਾਇਮ ਰਹਿ ਸਕੇ। ਉਧਰ ਇਸ ਸਬੰਧੀ ਐੱਸਐੱਮਓ ਡਾ. ਅਜੈ ਬਸਰਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।
- ਸੀਵਰੇਜ ਬਲਾਕੇਜ ਖੋਲ੍ਹਣ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾਵੇ : ਲੋਕ
ਲੋਕਾਂ ਨੇ ਕਿਹਾ ਕਿ ਹੁਣ ਤਾਂ ਨਗਰ ਕੌਂਸਲ ਨਵਾਂਸ਼ਹਿਰ ਦੀ ਆਪਣੀਆਂ ਸੀਵਰੇਜ ਬਲਾਕੇਜ ਖੋਲ੍ਹਣ ਵਾਲੀਆਂ ਮਸ਼ੀਨਾਂ ਹਨ ਫਿਰ ਇਸ ਕੰਮ ਨੂੰ ਕਰਵਾਉਣ ਵਿਚ ਦੇਰੀ ਕਿਉਂ ਕੀਤੀ ਜਾ ਰਹੀ ਹੈ। ਇਹ ਗੱਲ ਸਮਝ ਤੋਂ ਪਰੇ ਹੈ। ਲੋਕਾਂ ਨੇ ਮੰਗ ਕੀਤੀ ਕਿ ਨਗਰ ਕੌਂਸਲ ਤੋਂ ਸੀਵਰੇਜ ਬਲਾਕੇਜ ਖੋਲ੍ਹਣ ਵਾਲੀ ਮਸ਼ੀਨਾਂ ਰਾਹੀਂ ਇਸ ਬਲਾਕੇਜ ਨੂੰ ਖੋਲਣ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਬਾਥਰੂਮਾਂ ਦੇ ਬੰਦ ਹੋਣ ਕਾਰਨ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਦੂਰ ਹੋ ਸਕੇ।
- ਡਿਜੀਟਲ ਸਿਸਟਮ ਦੇ ਦੌਰ ’ਚ ਨਹੀਂ ਮਿਲੀ ਮਰੀਜ਼ਾਂ ਨੂੰ ਕਤਾਰਾਂ ’ਚੋਂ ਮੁਕਤੀ
ਭਾਵੇਂ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਸਾਰੀਆਂ ਸਿਹਤ ਸਹੂਲਤਾਂ ਨੂੰ ਆਨਲਾਈਨ ਕਰਨ ਲਈ ਡਿਜੀਟਲ ਸਿਸਟਮ ਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਇਲਾਜ ਲਈ ਆਉਣ ਵਾਲੇ ਲੋਕਾਂ ਨੂੰ ਓਪੀਡੀ ਪਰਚੀ ਕਟਵਾਉਣ, ਪਰਚੀ ’ਤੇ ਰੋਜ਼ਾਨਾ ਦੀ ਤਾਰੀਖ ਪਵਾਉਣ, ਡਾਕਟਰ ਨੂੰ ਮਿਲਣ ਲਈ ਕਤਾਰਾਂ ’ਚ ਉਡੀਕਣ, ਡਾਕਟਰ ਵੱਲੋਂ ਲਿਖੇ ਲੈਬ ਟੈਸਟ ਨੂੰ ਕਰਵਾਉਣ ਲਈ ਕਤਾਰਾਂ ਵਿਚ ਖੜਣ, ਲੈਬ ਟੈਸਟਾਂ ਦੀ ਫੀਸ ਕਟਵਾਉਣ ਲਈ ਕਤਾਰ ’ਚ ਇੰਤਜਾਰ, ਐਕਸਰੇ ਕਰਵਾਉਣ ਲਈ ਦੀ ਫੀਸ ਤਾਰਨ ਤੋਂ ਬਾਅਦ, ਐਕਸਰੇ ਕਰਵਾਉਣ ਲਈ ਵਾਰ-ਵਾਰ ਕਤਾਰਾਂ ਵਿਚ ਲਗਣਾ ਪੈ ਰਿਹਾ ਹੈ। ਲੋਕਾਂ ਨੇ ਦੱਸਿਆ ਕਿ ਜੇਕਰ ਪਰਚੀ ਤੇ ਤਾਰੀਖ ਪਵਾਉਣ ਦਾ ਕੰਮ ਡਾਕਟਰਾਂ ਵੱਲੋਂ ਕਰਨ, ਲੈਬ, ਐਕਸਰੇ ਅਤੇ ਹੋਰਨਾਂ ਟੈਸਟਾਂ ਦੀਆਂ ਫੀਸਾਂ ਦੀ ਕਟਾਈ ਲਈ ਸਬੰਧਿਤ ਕਾਊਂਟਰਾਂ ਤੇ ਹੀ ਫੀਸ ਲੈਣ ਜਾਂ ਜ਼ੀਰੋ ਦੀ ਪਰਚੀ ਕੱਟਣ ਦੀ ਵਿਵਸਥਾ ਕੀਤੀ ਜਾਵੇ ਤਾਂ ਕਾਫੀ ਹੱਦ ਤੱਕ ਲੋਕਾਂ ਨੂੰ ਕਤਾਰਾਂ ਤੋਂ ਮੁਕਤੀ ਮਿਲ ਸਕਦੀ ਹੈ। ਲੋਕਾਂ ਨੇ ਕਿਹਾ ਕਿ ਟੈਸਟਾਂ ਦੀਆਂ ਰਿਪੋਰਟਾਂ 12.30 ਵਜੇ ਦੇਣ ਦੀ ਥਾਂ ਨਾਲ ਨਾਲ ਹੀ ਟੈੱਸਟਾਂ ਦੀਆਂ ਰਿਪੋਰਟਾਂ ਦੇਣ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਟੈਸਟਾਂ ਨੂੰ ਡਾਕਟਰਾਂ ਨੂੰ ਦਿਖਾ ਕੇ ਦਵਾਈਆਂ ਲਿਖਵਾਉਣ ਦਾ ਕੰਮ ਇਕ ਦਿਨ ਵਿਚ ਹੀ ਨਿੱਬੜ ਸਕੇ। ਲੋਕਾਂ ਨੇ ਦੱਸਿਆ ਕਿ ਇਕ ਦਿਨ ਵਿਚ ਇਕ ਵਾਰ ਪਰਚੀ ਕਟਵਾਉਣ, ਡਾਕਟਰ ਤੋਂ ਦਵਾਈ ਲਿਖਵਾਉਣ ਅਤੇ ਟੈਸਟ ਦੇਣ ਤੋਂ ਬਾਅਦ ਉਸ ਦੀਆਂ ਰਿਪੋਰਟਾਂ ਅਤੇ ਦੋਬਾਰਾ ਚੈਕ ਅੱਪ ਕਰਵਾਉਣ ਲਈ ਦੋ ਤੋ ਤਿੰਨ ਦਿਨ ਤੱਕ ਹਸਪਤਾਲਾਂ ਦੇ ਚੱਕਰ ਕੱਟਣੇ ਪੈਂਦੇ ਹਨ। ਜਿਸ ਕਾਰਨ ਲੋਕਾਂ ਦਾ ਭਰੋਸਾ ਆਪ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਿਹਤ ਸਹੂਲਤਾਂ ਤੋਂ ਉਠਦਾ ਜਾ ਰਿਹਾ ਹੈ।
- ਸਵੱਛ ਭਾਰਤ ਮੁਹਿੰਮ ਨੂੰ ਸੰਜੀਦਗੀ ਨਾਲ ਲਾਗੂ ਕਰਨ ਦੀ ਮੰਗ ਬਰਕਰਾਰ
ਸਿਵਲ ਹਸਪਤਾਲ ਨਵਾਂਸ਼ਹਿਰ ’ਚ ਸੀਵਰੇਜ ਬਲਾਕੇਜ ਦੇ ਨਾਲ-ਨਾਲ ਸਵੱਛ ਭਾਰਤ ਮੁਹਿੰਮ ਤਹਿਤ ਸਫਾਈ ਵਿਵਸਥਾ ਤੋਂ ਬਾਅਦ ਹਸਪਤਾਲ ਦੇ ਨੇੜੇ ਹੀ ਸੁੱਟੇ ਜਾ ਰਹੇ ਕੁੱੜੇ ਦੇ ਢੇਰ ਹੌਲੀ ਹੌਲੀ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ। ਜਦਕਿ ਪੁਰਾਣੇ ਸਿਵਲ ਹਸਪਤਾਲ ਨਵਾਂਸ਼ਹਿਰ ਤੋਂ ਕੂੜੇ ਦੀ ਲਿਫਟਿੰਗ ਨਗਰ ਕੌਂਸਲ ਨਵਾਂਸ਼ਹਿਰ ਵੱਲੋਂ ਕੀਤੀ ਜਾਂਦੀ ਸੀ ਪਰ ਹੁਣ ਇਸ ਕੰਮ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਜਿਸ ਕਾਰਨ ਕੂੜੇ ਦੇ ਢੇਰ ਹਸਪਤਾਲ ਦੇ ਆਲੇ-ਦੁਆਲੇ ਲੱਗਣੇ ਸ਼ੁਰੂ ਹੋ ਗਏ ਹਨ। ਲੋਕਾਂ ਨੇ ਸਿਵਲ ਹਸਪਤਾਲ ਨਵਾਂਸ਼ਹਿਰ, ਕੋਰਟ ਕਾਂਪਲੈਕਸ ਸਮੇਤ ਹੋਰਨਾਂ ਦੁਕਾਨਦਾਰਾਂ ਲਈ ਸੀਵਰੇਜ ਦੇ ਪੁਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
- ਪੁਰਾਣੇ ਸਿਵਲ ਹਸਪਤਾਲ ਤੋਂ ਨਵੇਂ ਹਸਪਤਾਲ ਦੇ ਸਫਰ ਨੇ ਖੋਲ੍ਹੀ ਕਾਹਲੀ ਅੱਗੇ ਟੋਏ ਦੀ ਪੋਲ
ਲੋਕਾਂ ਨੇ ਦੱਸਿਆ ਕਿ ਪੁਰਾਣੇ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਸੀਵਰੇਜ ਬਲਾਕੇਜ ਨੂੰ ਠੀਕ ਕਰਵਾ ਕੇ ਕਰੋੜਾਂ ਦੇ ਥਾਂ ਨੂੰ ਛੱਡ ਕੇ ਨਵੇਂ ਸਿਰੇ ਤੋਂ ਸਿਵਲ ਹਸਪਤਾਲ ਬਰਨਾਲਾ ਕਲਾਂ ਨੂੰ ਬਣਾਉਣ ਤੋਂ ਪਹਿਲਾ ਸੀਵਰੇਜ ਬਲਾਕੇਜ ਦੀਆਂ ਲਾਈਨਾਂ ਵਿਛਾਉਣ ਅਤੇ ਹੋਰਨਾਂ ਸੁੱਚਜੇ ਪ੍ਰਬੰਧਾਂ ਨੂੰ ਮੁਕੰਮਲ ਕੀਤਾ ਜਾਣਾ ਚਾਹੀਦਾ ਸੀ ਪਰ ਇਸ ਕੰਮ ਨੂੰ ਨਜ਼ਰ ਅੰਦਾਜ ਕਰ ਦਿੱਤਾ ਗਿਆ। ਇਹੇ ਨਹੀਂ ਹੁਣ ਇਥੇ ਹੀ ਬਣਾਏ ਜਾ ਰਹੇ ਸ਼ਹੀਦ-ਏ-ਆਜ਼ਮ ਸ. ਮੈਡੀਕਲ ਕਾਲਜ ਦੀ ਉਸਾਰੀ ਵੀ ਇਨ੍ਹਾਂ ਪਰੇਸ਼ਾਨੀਆਂ ਤੋਂ ਵਾਂਝੀ ਨਹੀਂ ਰਹਿ ਸਕਦੀ। ਇਸ ਲਈ ਸਰਕਾਰਾਂ ਨੂੰ ਕੁੱਝ ਵੀ ਨਵੀਂ ਉਸਾਰੀ ਤੋਂ ਪਹਿਲਾ ਮੁੱਢਲੀਆਂ ਸਹੂਲਤਾਂ, ਸੀਵਰੇਜ, ਬਿਜਲੀ ਪਾਣੀ ਸਮੇਤ ਹੋਰਨਾਂ ਲੋੜਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
- ਕੀ ਕਹਿੰਦੇ 104 ਹੈਲਪਲਾਈਨ ਵਾਲੀ ਆਪ੍ਰੇਟਰ
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਸ਼ੁਰੂ ਕੀਤੀ ਗਈ 104 ਹੈਲਪਲਾਈਨ ਨੰਬਰ ਤੇ ਫੋਨ ਕਰਨ ਤੇ ਭਾਵੇਂ ਉੱਥੇ ਲਗੀ ਕਾਲਰ ਟੋਨ ਵਿਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਤੇ ਆਮ ਆਦਮੀ ਕਲੀਨਿਕ ਵਿਚ ਕਿਸੇ ਵੀ ਤਰ੍ਹਾਂ ਦੀ ਦਿੱਕਤ, ਪਰੇਸ਼ਾਨੀ ਜਾਂ ਸਮਸਿਆ ਹੋਣ ’ਤੇ ਗੱਲਬਾਤ ਕਰਨ ਦੀ ਗੱਲ ਆਖੀ ਜਾਂਦੀ ਹੈ ਪਰ ਜਦੋਂ ਉੱਥੋਂ ਦੇ ਆਪ੍ਰੇਟਰ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ’ਚ ਸੀਵਰੇਜ ਬਲਾਕੇਜ, ਬਾਥਰੂਮਾਂ ਦੇ ਬੰਦ ਅਤੇ ਮਰੀਜਾਂ ਦੇ ਪਰੇਸ਼ਾਨ ਹੋਣ ਦੀ ਗੱਲ ਆਖੀ ਗਈ ਤਾਂ ਉਨ੍ਹਾਂ ਇਹ ਕਹਿ ਕੇ ਪੱਲਾ ਛੁੜਾ ਲਿਆ ਕਿ ਇਸ ਸਬੰਧੀ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਐੱਸਐੱਮਓ ਦੇ ਦਫ਼ਤਰ ਵਿਖੇ ਰੱਖੇ ਰਜਿਸਟਰ ਵਿਚ ਸ਼ਿਕਾਇਤ ਦਰਜ਼ ਕਰਨ ਦੀ ਗੱਲ ਆਖ ਦਿੱਤੀ ਗਈ। ਇਸ ਤੋਂ ਇਹ ਪਤਾ ਲਗਦਾ ਹੈ ਕਿ ਸਿਵਲ ਹਸਪਤਾਲਾਂ ’ਚ ਦਿੱਤੀਆਂ ਜਾਂਦੀਆਂ ਸਿਹਤ ਸਹੂਲਤਾਂ ਅਤੇ ਮਰੀਜ਼ਾਂ ਦੀ ਪਰੇਸ਼ਾਨੀ ਨੂੰ ਉੱਚ ਅਫ਼ਸਰਾਂ ਜਾਂ ਮੰਤਰੀਆਂ, ਜਾਂ ਸਰਕਾਰ ਤੱਕ ਪਹੁੰਚਾਉਣ ਵੱਲ ਹੈਲਪਲਾਈਨ ਨੰਬਰ ਕੋਈ ਗੌਰ ਨਹੀਂ ਕਰ ਰਹੀ ਹੈ। ਸਗੋਂ ਜਿੱਥੇ ਦਾ ਮਸਲਾ ਹੈ ਉਸ ਨੂੰ ਉੱਥੇ ਹੀ ਹਲ ਕਰਵਾਉਣ ਵੱਲ ਤੋਰਦੀ ਹੈ। ਜਿਸ ਤੋਂ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰਾਂ ਦੀ ਕਾਰਗੁਜ਼ਾਰੀ ਤੇ ਸਵਾਲਿਆ ਨਿਸ਼ਾਨ ਲਗਦਾ ਜਾ ਰਿਹਾ ਹੈ। ਲੋਕਾਂ ਨੇ ਇਸ ਹੈਲਪਲਾਈਨ ਦੀ ਕਾਰਗੁਜ਼ਾਰੀ ਵਿਚ ਫੇਰਬਦਲ ਕਰਨ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸਬੰਧਤ ਅਫ਼ਸਰਾਂ ਜਾਂ ਹਾਈਰ ਅਥਾਰਿਟੀਜ਼ ਤੱਕ ਸਮਸਿਆ ਨੂੰ ਪੁੱਜਦਾ ਕਰ ਕੇ ਮਸਲੇ ਨੂੰ ਹੱਲ ਕਰਵਾਉਣ ਦੇ ਉਪਰਾਲੇ ਕਰਨ ਦੀ ਮੰਗ ਸਮੇਂ ਨਾਲ ਵੱਧਦੀ ਜਾ ਰਹੀ ਹੈ।