ਹਲਕਾ ਬੰਗਾ ਤੋਂ ਕਾਂਗਰਸ ਦੀ ਟਿਕਟ ਲਈ ਕਈ ਦਾਅਵੇਦਾਰ ਮੈਦਾਨ 'ਚ ਨਿੱਤਰੇ ਹਲਕਾ ਬੰਗਾ ਤੋਂ ਕਾਂਗਰਸ ਦੀ ਟਿਕਟ ਲਈ ਕਈ ਦਾਅਵੇਦਾਰ ਮੈਦਾਨ 'ਚ ਨਿੱਤਰੇ
Publish Date: Fri, 27 Nov 2026 04:23 PM (IST)
Updated Date: Fri, 27 Nov 2026 04:25 PM (IST)
ਲੇਖ ਰਾਜ ਕੁਲਥਮ, ਪੰਜਾਬੀ ਜਾਗਰਣ, ਬਹਿਰਾਮ : ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਸਿਆਸੀ ਪਾਰਟੀਆਂ ਵੱਲੋਂ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਆਪਣੇ-ਆਪਣੇ ਹਲਕੇ ਚ ਵੋਟਰਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਹੈ।।ਹਲਕਾ ਬੰਗਾ ਵਿਚ ਕਾਂਗਰਸ ਪਾਰਟੀ ਵੱਲੋਂ ਆਉਣ ਵਾਲੀਆਂ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ ਹੋਣ ਲੱਗੀਆਂ ਹਨ। ਹਲਕਾ ਬੰਗਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਕਈ ਉਮੀਦਵਾਰ ਆਪਣੀ ਦਾਅਵੇਦਾਰੀ ਪੇਸ਼ ਕਰ ਰਹੇ ਹਨ।।ਜਿਨ੍ਹਾਂ ਵਿਚ ਪ੍ਰਮੁੱਖ ਤੌਰ ਤੇ ਕਮਲਜੀਤ ਬੰਗਾ, ਬੀਬੀ ਮੀਨਾ ਸੂੰਢ, ਡਾ. ਬਖਸ਼ੀਸ਼ ਸਿੰਘ, ਹੁਸਨ ਲਾਲ ਆਈਏਐਸ, ਸਾਬਕਾ ਡੀਜੀਪੀ ਸੁਦੇਸ਼ ਕੁਮਾਰ, ਕਰਮਜੀਤ ਸਿੰਘ ਬਿੱਟੂ ਅਤੇ ਸਾਬਕਾ ਐਸਪੀ ਪਰਮਜੀਤ ਸਿੰਘ ਦੇ ਨਾਮ ਚਰਚਾ ਵਿਚ ਹਨ। ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਇਨ੍ਹਾਂ ਸ਼ਖਸੀਅਤਾਂ ਵੱਲੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਵਾਅਦੇਦਾਰੀ ਕੀਤੀ ਜਾ ਰਹੀ ਹੈ। ਟਿਕਟ ਦੀ ਚੋਣ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ।।ਹੁਣ ਸਭ ਦੀਆਂ ਨਜ਼ਰਾਂ ਕਾਂਗਰਸ ਪਾਰਟੀ ਦੀ ਹਾਈਕਮਾਂਡ ਤੇ ਟਿਕੀਆਂ ਹੋਈਆਂ ਹਨ ਕਿ ਉਹ ਇਨ੍ਹਾਂ ਦਾਅਦੇਦਾਰਾਂ ਵਿਚੋਂ ਕਿਸ ਦੇ ਨਾਮ ਤੇ ਆਪਣੀ ਮੋਹਰ ਲਗਾਉਂਦੀ ਹੈ। ਚਾਹਵਾਨ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਮਲਜੀਤ ਬੰਗਾ ਦੀ।ਜੋ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਹਿ ਚੁੱਕੇ ਹਨ। ਇਸ ਵੇਲੇ ਵੀ ਕਮਲਜੀਤ ਬੰਗਾ ਦੀ ਪਤਨੀ ਬੀਬੀ ਬਿਮਲਾ ਦੇਵੀ ਬੰਗਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਨ।। ਉਹ ਹਰ ਵੇਲੇ ਲੋਕਾਂ ਦੇ ਦੁੱਖ-ਸੁੱਖ ਵਿਚ ਨਜ਼ਰ ਆਉਂਦੇ ਹਨ ਅਤੇ ਲੰਬੇ ਸਮੇਂ ਤੋਂ ਹਲਕੇ ਵਿਚ ਮਿਹਨਤ ਕਰ ਰਹੇ ਹਨ। ਬੀਬੀ ਮੀਨਾ ਸੂੰਢ ਦੀ ਗੱਲ ਕਰੀਏ ਤਾਂ ਉਹ ਮਰਹੂਮ ਸਾਬਕਾ ਵਿਧਾਇਕ ਬੰਗਾ ਚੌਧਰੀ ਤਰਲੋਚਨ ਸੂੰਢ ਦੀ ਪਤਨੀ ਹਨ। ਉਹ ਪਾਰਟੀ ਵੱਲੋਂ ਹਲਕਾ ਇੰਚਾਰਜ ਵੀ ਹਨ। ਉਹ ਹਲਕੇ ਦੇ ਸਾਰੇ ਲੋਕਾਂ ਦੇ ਦੁੱਖ-ਸੁੱਖ ਵਿਚ ਜਾਂਦੇ ਹਨ ਅਤੇ ਵੋਟਰਾਂ ਨਾਲ ਸੰਪਰਕ ਵੀ ਕਰ ਰਹੇ ਹਨ। ਇਸੇ ਤਰ੍ਹਾਂ ਡਾ. ਬਖਸ਼ੀਸ਼ ਸਿੰਘ ਜੋ ਕਿ ਕਾਂਗਰਸ ਪਾਰਟੀ ਦੇ ਸਰਗਰਮ ਨੇਤਾ ਹੋਣ ਦੇ ਨਾਲ-ਨਾਲ ਆਪਣਾ ਕਰਨ ਹਸਪਤਾਲ ਬੰਗਾ ਵਿਚ ਚਲਾ ਰਹੇ ਹਨ ਜਿੱਥੇ ਕਿ ਉਹ ਹਰ ਲੋੜਵੰਦ ਦੀਨ ਦੁਖੀਆਂ ਦੀ ਸੇਵਾ ਕਰਦੇ ਹਨ। ਜੇ ਗੱਲ ਕਰੀਏ ਹੁਸਨ ਲਾਲ ਆਈਏਐਸ ਦੀ ਤਾਂ ਉਹ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਬੰਗਾ ਹਲਕੇ ਲਈ ਕਰੋੜਾਂ ਦੀਆਂ ਗਰਾਂਟਾ ਲੈ ਕੇ ਆਏ। ਇਸੇ ਤਰ੍ਹਾਂ ਜੇ ਗੱਲ ਕਰੀਏ ਸਾਬਕਾ ਡੀਜੀਪੀ ਸੁਦੇਸ਼ ਕੁਮਾਰ ਵੀ ਹਲਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਇਸੇ ਤਰ੍ਹਾਂ ਕਰਮਜੀਤ ਸਿੰਘ ਬਿੱਟੂ ਸੋ ਕਿ ਹਲਕੇ ਵਿਚ ਕਾਫੀ ਸਰਗਰਮ ਹਨ। ਉਹ ਆਏ ਦਿਨ ਲੋਕਾਂ ਵਿਚ ਵਿਚਰਦੇ ਹਨ। ਪਰਮਜੀਤ ਸਿੰਘ ਸਾਬਕਾ ਐਸਪੀ ਵੀ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਬੰਗਾ ਸ਼ਹਿਰ ਚ ਸਾਰੇ ਹੀ ਪਾਰਟੀ ਆਗੂਆਂ ਵੱਲੋਂ ਆਪਣੇ-ਆਪਣੇ ਫਲੈਕਸ ਅਤੇ ਪੋਸਟਰ ਲਗਾਏ ਹੋਏ ਹਨ।। ਪਾਰਟੀ ਦੀ ਜ਼ਿਲ੍ਹਾ ਅਤੇ ਹਲਕਾ ਲੀਡਰਸ਼ਿਪ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਾਰਟੀ ਜਿਸ ਉਮੀਦਵਾਰ ਨੂੰ ਟਿਕਟ ਦੇਵੇਗੀ ਅਸੀਂ ਉਸ ਨੂੰ ਹੀ ਜਿੱਤਾ ਕੇ ਪੰਜਾਬ ਦੀ ਅਸੈਂਬਲੀ ਭੇਜਾਂਗੇ। ਹੁਣ ਕਾਂਗਰਸ ਪਾਰਟੀ ਹਾਈਕਮਾਂਡ ਵੱਲੋਂ ਉਮੀਦਵਾਰ ਦੀ ਚੋਣ ਕਰਦੇ ਸਮੇਂ ਕਿਹੜੇ ਪਹਿਲੂਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਅਤੇ ਅੰਤਿਮ ਫ਼ੈਸਲਾ ਕਿਸ ਦੇ ਹੱਕ ਵਿੱਚ ਜਾਂਦਾ ਹੈ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।