700 ਬੂਟਿਆਂ ਦਾ ਲੰਗਰ ਲਗਾ ਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਦਿੱਤਾ ਸੁਨੇਹਾ 700 ਬੂਟਿਆਂ ਦਾ ਲੰਗਰ ਲਗਾ ਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਦਾ ਦਿੱਤਾ ਸੁਨੇਹਾ
Publish Date: Tue, 11 Aug 2026 04:22 PM (IST)
Updated Date: Tue, 11 Aug 2026 04:23 PM (IST)
- ਬਜੀਦਪੁਰ ’ਚ ਗੁਰਪੁਰਬ ਮੌਕੇ ਐੱਨਆਰਆਈਜ਼ ਤੇ ਸਮਾਜ ਸੇਵੀ ਸੰਸਥਾਵਾਂ ਦਾ ਸ਼ਲਾਘਾਯੋਗ ਉਪਰਾਲਾ ਭਾਗ ਬੇਅੰਤ ਸਿੰਘ, ਪੰਜਾਬੀ ਜਾਗਰਣ ਜੁਲਾਹ ਮਾਜਰਾ : ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਨੂੰ ਸਮਰਪਿਤ ਪਿੰਡ ਬਜੀਦਪੁਰ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਧਾਰਮਿਕ ਸਮਾਗਮ ਕਰਵਾਇਆ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ਦੌਰਾਨ ਭਾਈ ਕਮਲਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਮਜੀਤ ਸਿੰਘ ਪਿੰਡ ਬਜੀਦਪੁਰ ਵੱਲੋਂ ਰਸਭਿੰਨਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਤੋਂ ਇਲਾਵਾ ਭਾਈ ਪ੍ਰਕਾਸ਼ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਵੱਲੋਂ ਸੰਗਤਾਂ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਅਤੇ ਗੁਰੂ ਇਤਿਹਾਸ ਨਾਲ ਜਾਣੂ ਕਰਵਾਇਆ। ਭੋਗ ਉਪਰੰਤ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਮਾਲ੍ਹ ਪੂੜਿਆਂ ਦਾ ਲੰਗਰ ਵੀ ਵਰਤਾਇਆ। ਇਸ ਦੇ ਨਾਲ ਹੀ ਵਾਤਾਵਰਣ ਦੀ ਸੰਭਾਲ ਅਤੇ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ 700 ਤੋਂ ਵੱਧ ਬੂਟਿਆਂ ਦਾ ਲੰਗਰ ਲਗਾਇਆ। ਪੰਜਾਬ ਦੇ ਵਿਰਾਸਤੀ ਅਤੇ ਵਾਤਾਵਰਣ ਪੱਖੋਂ ਮਹੱਤਵਪੂਰਨ ਰੁੱਖਾਂ ਦੇ ਬੂਟੇ ਵੰਡੇ ਗਏ। ਇਨ੍ਹਾਂ ਵਿਚ ਟਾਹਲੀ, ਨਿੰਮ, ਸ਼ਰੀਂਹ, ਤੂਤ, ਸੁਹਾਂਜਣਾ, ਅਮਰੂਦ, ਬੇਰੀ, ਕਿੱਕਰ, ਅਰਜਨ, ਬੋਹੜ, ਪਿੱਪਲ, ਡੇਕ ਆਦਿ 700 ਤੋਂ ਵੱਧ ਬੂਟੇ ਸ਼ਾਮਲ ਸਨ। ਸੰਗਤਾਂ ਨੇ ਆਪਣੀ ਪਸੰਦ ਅਨੁਸਾਰ ਛਾਂਦਾਰ ਅਤੇ ਫਲਦਾਰ ਬੂਟੇ ਬੜੀ ਖੁਸ਼ੀ ਅਤੇ ਉਤਸ਼ਾਹ ਨਾਲ ਪ੍ਰਾਪਤ ਕੀਤੇ ਅਤੇ ਇਨ੍ਹਾਂ ਨੂੰ ਆਪਣੇ ਘਰਾਂ, ਖੇਤਾਂ ਅਤੇ ਆਲੇ-ਦੁਆਲੇ ਲਗਾਉਣ ਦਾ ਸੰਕਲਪ ਲਿਆ। ਇਸ ਮੌਕੇ ਸੰਗਤਾਂ ਵੱਲੋਂ ਇਹ ਆਸ ਵੀ ਪ੍ਰਗਟਾਈ ਕਿ ਜੇਕਰ ਸਮਾਜ ਇਕਜੁੱਟ ਹੋ ਕੇ ਵਾਤਾਵਰਣ ਦੀ ਸੰਭਾਲ ਲਈ ਅਜਿਹੇ ਉਪਰਾਲੇ ਕਰੇ ਤਾਂ ਪੰਜਾਬ ਨੂੰ ਮੁੜ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ। ਇਸ ਮੌਕੇ ਬੂਟਿਆਂ ਦੇ ਲੰਗਰ ਦੀ ਸੇਵਾ ਆਸ ਸੋਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ, ਕਲਗੀਧਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਪਿੰਡ ਬਜੀਦਪੁਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਕੀਤੀ। ਇਸ ਮੌਕੇ ਸ਼ੂਗਰ ਮਿਲ ਜੀਐੱਮ ਸੁਖਵਿੰਦਰ ਸਿੰਘ ਤੂਰ, ਪ੍ਰਧਾਨ ਜੋਬਨਪ੍ਰੀਤ ਸਿੰਘ ਭੰਗਲ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ। ਪਿੰਡ ਦੇ ਐੱਨਆਰਆਈ ਵੀਰਾਂ ਵੱਲੋਂ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਅਜਿਹੇ ਕਾਰਜ ਹੋਰ ਵੱਧ ਚੜ੍ਹ ਕੇ ਕਰਨ ਦੀ ਆਸ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸੁਆਰਨ ਅਤੇ ਵਾਤਾਵਰਣ ਨੂੰ ਬਚਾਉਣ ਦੀ ਜ਼ਿੰਮੇਵਾਰੀ ਸਿਰਫ਼ ਸਰਕਾਰਾਂ ਦੀ ਨਹੀਂ, ਸਗੋਂ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇਕਰ ਹਰ ਵਿਅਕਤੀ ਆਪਣੇ ਹਿੱਸੇ ਦਾ ਇੱਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰ। ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਸੁਖਾਵਾਂ ਵਾਤਾਵਰਣ ਦਿੱਤਾ ਜਾ ਸਕਦਾ ਹੈ। --------------------- 11ਐਨਐਸਆਰ19ਪੀ ਬਜੀਦਪੁਰ ਵਿਖੇ ਸੰਗਤਾਂ ਨੂੰ ਪੌਦੋ ਵੰਡਦੇ ਹੋਏ ਪ੍ਰਬੰਧਕ ਕਮੇਟੀ ਅਤੇ ਹੋਰ ਪਤਵੰਤੇ। ਪੰਜਾਬੀ ਜਾਗਰਣ