- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਨੀਅਰ ਸਿਟੀਜਨਜ਼ ਨੇ ਮੀਟਿੰਗ ਦੌਰਾਨ ਕੀਤਾ ਵਿਚਾਰ ਵਟਾਂਦਰਾ।

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਚੇਅਰਮੈਨ ਡਾ. ਜੇਡੀ ਵਰਮਾ ਦੀ ਸਰਪ੍ਰਸਤੀ ਅਤੇ ਪ੍ਰਧਾਨ ਐੱਸਕੇ ਪੁਰੀ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਮੀਟਿੰਗ ਹਾਲ ਵਿਚ ਹੋਈ। ਮੀਟਿੰਗ ਦੇ ਆਰੰਭ ਵਿਚ ਚੇਅਰਮੈਨ ਵਰਮਾ ਵੱਲੋਂ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਨੂੰ ਆਖ ਕੇ ਸਵਾਗਤ ਕੀਤਾ। ਪ੍ਰਧਾਨ ਪੁਰੀ ਵੱਲੋਂ ਪਿਛਲੇ ਮਹੀਨੇ ਲਗਾਏ ਗਏ ਬੂਟੇ ਅਤੇ ਲਗਾਏ ਗਏ ਖ਼ੂਨਦਾਨ ਕੈਂਪ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਜਨਰਲ ਸਕੱਤਰ ਸੁਖਦੇਵ ਸ਼ਾਰਦਾ ਵੱਲੋਂ ਪਿਛਲੇ ਮਹੀਨੇ ਦੀ ਮੀਟਿੰਗ ਦੀਆਂ ਸਰਗਰਮੀਆਂ ਸਬੰਧੀ ਜਾਣਕਾਰੀ ਦਿੱਤੀ। ਸਤੰਬਰ ਮਹੀਨੇ ਜਿਨ੍ਹਾਂ ਮੈਂਬਰਾਂ ਦੇ ਜਨਮ ਦਿਨ ਅਤੇ ਵਿਆਹ ਦੀ ਵਰ੍ਹੇਗੰਢ ਆਉਂਦੇ ਹਨ। ਉਨ੍ਹਾਂ ਨੂੰ ਪ੍ਰਧਾਨਗੀ ਮੰਡਲ ਵੱਲੋਂ ਫੁੱਲ ਭੇਟ ਕਰ ਕੇ ਸ਼ੁੱਭਕਾਮਨਾਵਾਂ ਦਿੱਤੀਆਂ। ਲਿਵਾਸਾ ਹਸਪਤਾਲ ਨਵਾਂਸ਼ਹਿਰ ਤੋਂ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿਚ ਸ਼ਾਮਲ ਹੋਏ ਡਾ. ਜਤਿਨ ਸਰੀਨ ਅਤੇ ਡਾ. ਮੀਨਾਕਸ਼ੀ ਮਿੱਤਲ ਨੇ ਪ੍ਰੋਸਟੇਟ ਕੈਂਸਰ ਅਵੇਅਰਨੈੱਸ ਵਿਸ਼ੇ ਤੇ ਡੈਮੋ ਦੁਆਰਾ ਗੱਲਬਾਤ ਕਰਦੇ ਹੋਏ ਗਦੂਦਾਂ ਵਿਚ ਹੋਣ ਵਾਲੇ ਕੈਂਸਰ ਰੋਗ ਦੇ ਲੱਛਣ ਅਤੇ ਉਸ ਦੇ ਇਲਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਲਿਵਾਸਾ ਹਸਪਤਾਲ ਦੇ ਜੀਐੱਮ ਨੀਰਜ ਤਿਵਾੜੀ ਨੇ ਦੱਸਿਆ ਕਿ ਕੈਂਸਰ ਰੋਗ ਨਾਲ ਸਬੰਧਿਤ ਡਾਕਟਰ 30 ਅਕਤੂਬਰ ਤੱਕ ਹਰ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਹਸਪਤਾਲ ਵਿਚ ਮੌਜੂਦ ਰਹਿਣਗੇ ਅਤੇ ਮਰੀਜ਼ਾਂ ਦੀ ਮੁਫ਼ਤ ਮੈਡੀਕਲ ਜਾਂਚ ਕਰਨਗੇ। ਇਸ ਦੌਰਾਨ ਮਰੀਜ਼ਾਂ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਆਦਿ ਨਹੀਂ ਲਈ ਜਾਵੇਗੀ। ਪ੍ਰਧਾਨਗੀ ਮੰਡਲ ਵੱਲੋਂ ਡਾ. ਜਤਿਨ ਸਰੀਨ, ਡਾ. ਮੀਨਾਕਸ਼ੀ ਮਿੱਤਲ ਅਤੇ ਜੀਐੱਮ ਨੀਰਜ ਤਿਵਾੜੀ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਐਸੋਸੀਏਸ਼ਨ ਵਿਚ ਨਵੇਂ ਆਏ ਮੈਂਬਰ ਕੁਲਵਿੰਦਰ ਸਿੰਘ ਭੀਣ ਅਤੇ ਮਹਿੰਦਰ ਸਿੰਘ ਪੁੰਨੂੰ ਮਜਾਰਾ ਨੂੰ ਵੀ ਫੁੱਲ ਭੇਟ ਕਰ ਕੇ ਸਵਾਗਤ ਕੀਤਾ। ਅਖੀਰ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਲਾਹਕਾਰ ਪ੍ਰੋ. ਐੱਸ ਕੇ ਬਰੂਟਾ, ਵਾਈਸ ਪ੍ਰਧਾਨ ਲਲਿਤ ਓਹਰੀ, ਸਕੱਤਰ ਹੁਸਨ ਲਾਲ ਬਾਲੀ, ਕੈਸ਼ੀਅਰ ਅਸ਼ੋਕ ਸ਼ਰਮਾ ਅਤੇ ਪ੍ਰੈੱਸ ਸਕੱਤਰ ਪ੍ਰਸ਼ੋਤਮ ਬੈਂਸ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਆਦਿ ਹਾਜ਼ਰ ਸਨ।