ਸੀਨੀਅਰ ਸਿਟੀਜਨਜ਼ ਨੇ ਅੰਤਰਰਾਸ਼ਟਰੀ ਦਿਵਸ ਮਨਾਇਆ ਸੀਨੀਅਰ ਸਿਟੀਜਨਜ਼ ਨੇ ਅੰਤਰਰਾਸ਼ਟਰੀ ਦਿਵਸ ਮਨਾਇਆ
Publish Date: Fri, 23 Oct 2026 06:03 PM (IST)
Updated Date: Fri, 23 Oct 2026 06:03 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ ਨਵਾਂਸ਼ਹਿਰ ਵੱਲੋਂ ਚੇਅਰਮੈਨ ਡਾ. ਜੇਡੀ ਵਰਮਾ ਦੀ ਸਰਪ੍ਰਸਤੀ ਅਤੇ ਪ੍ਰਧਾਨ ਐਸਕੇ ਪੁਰੀ ਦੀ ਪ੍ਰਧਾਨਗੀ ਹੇਠ ਬਾਈ ਜੀ ਦੀ ਕੁਟੀਆ ਵਿਖੇ ਅੰਤਰਰਾਸ਼ਟਰੀ ਸੀਨੀਅਰ ਸਿਟੀਜਨਜ਼ ਦਿਵਸ ਮਨਾਇਆ। ਸਮਾਗਮ ਚ ਐੱਸਡੀਐਮ ਅਨਮਜਯੋਤ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸਿਵਲ ਸਰਜਨ ਡਾ. ਅਮਨ ਸੂਦ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਅਤੇ ਡੀਐੱਸਪੀ ਅਮਨਦੀਪ ਸੌਂਧੀ ਬਤੌਰ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ। ਪ੍ਰੋਗਰਾਮ ਦੇ ਆਰੰਭ ਵਿਚ ਚੇਅਰਮੈਨ ਡਾ. ਜੇਡੀ ਵਰਮਾ ਵੱਲੋਂ ਆਏ ਹੋਏ ਮਹਿਮਾਨਾਂ, ਅਹੁਦੇਦਾਰਾਂ, ਮੈਂਬਰਾਂ ਅਤੇ ਪਰਿਵਾਰਕ ਮੈਬਰਾਂ ਨੂੰ ਜੀ ਆਇਆਂ ਨੂੰ ਆਖਿਆ। ਉਨ੍ਹਾਂ ਦੱਸਿਆ ਕਿ ਅਪ੍ਰੈਲ 2013 ਵਿਚ ਇਹ ਸੰਸਥਾ ਸਿਰਫ਼ 21 ਮੈਂਬਰਾਂ ਨਾਲ ਬਣੀ ਸੀ। ਜਦਕਿ ਹੁਣ ਇਸ ਦੇ ਕਰੀਬ 250 ਮੈਂਬਰ ਹਨ। ਜੋ ਕਿ ਵੱਖ-ਵੱਖ ਵਿਭਾਗਾਂ ਦੇ ਸੇਵਾਮੁਕਤ ਅਧਿਕਾਰੀ/ਕਰਮਚਾਰੀ, ਕਾਰੋਬਾਰੀ, ਕਿਸਾਨ ਅਤੇ ਸਮਾਜ ਦੇ ਹੋਰ ਵੱਖ-ਵੱਖ ਵਰਗਾਂ ਨਾਲ ਸੰਬੰਧ ਰੱਖਦੇ ਹਨ। ਪ੍ਰਧਾਨ ਵੱਲੋਂ ਐੱਸਡੀਐਮ ਰਾਹੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਖਸਤਾ ਹਾਲ ਅੰਦਰੂਨੀ ਸੜਕਾਂ ਖਾਸ ਕਰਕੇ ਕੁਲਾਮ ਰੋਡ ਅਤੇ ਸਲੋਹ ਰੋਡ ਆਦਿ ਸੜਕਾਂ ਨੂੰ ਤੁਰੰਤ ਬਣਵਾਇਆ ਜਾਵੇ। ਜਿੱਥੇ ਅਕਸਰ ਬਜ਼ੁਰਗਾਂ ਅਤੇ ਆਮ ਰਾਹਗੀਰਾਂ ਦੇ ਸੱਟ-ਚੋਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੀਨੀਅਰ ਸਿਟੀਜਨਜ਼ ਨੂੰ ਪ੍ਰਬੰਧਕੀ ਕੰਪਲੈਕਸ ਜਾਂ ਕਿਸੇ ਹੋਰ ਸਰਕਾਰੀ ਇਮਾਰਤ ਵਿਚ ਇਕ ਕਮਰਾ/ਹਾਲ ਪੱਕੇ ਤੌਰ ਤੇ ਅਲਾਟ ਕੀਤਾ ਜਾਵੇ। ਜਿੱਥੇ ਬੈਠ ਕੇ ਬਜ਼ੁਰਗ ਆਪਣੀਆਂ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰਾ ਕਰ ਸਕਣ। ਜਨਰਲ ਸਕੱਤਰ ਸੁਖਦੇਵ ਸ਼ਰਮਾ ਨੇ ਪਿਛਲੇ ਸਾਲ ਵਿਚ ਐਸੋਸੀਏਸ਼ਨ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਦੱਸਿਆ। ਜਿਨ੍ਹਾਂ ਵਿਚ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਲਗਾਏ ਗਏ ਪੌਦੇ ਅਤੇ ਖ਼ੂਨਦਾਨ ਕੈਂਪ ਬਾਰੇ ਜ਼ਿਕਰ ਕੀਤਾ। ਐੱਸਡੀਐਮ ਨੇ ਸੀਨੀਅਰ ਸਿਟੀਜਨਾਂ ਨੂੰ ਆਪਣੀ ਜ਼ਿੰਦਗੀ ਖੁਲ੍ਹ ਕੇ ਜੀਉਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ ਤਾਂ ਆਪਣੇ ਆਪ ਨੂੰ ਕਿਸੇ ਨਾ ਕਿਸੇ ਕੰਮ ਵਿਚ ਲਗਾਏ ਰੱਖਣਾ ਚਾਹੀਦਾ ਹੈ। ਸਿਵਲ ਸਰਜਨ ਵੱਲੋਂ ਬਜ਼ੁਰਗਾਂ ਅਤੇ ਆਮ ਲੋਕਾਂ ਵਿਚ ਹੋਣ ਵਾਲੇ ਸਰੀਰਕ ਅਤੇ ਮਾਨਸਿਕ ਰੋਗਾਂ ਅਤੇ ਉਨ੍ਹਾਂ ਦੇ ਇਲਾਜ ਸੰਬੰਧੀ ਵਿਸਥਾਰ ਨਾਲ ਦੱਸਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਰੇਸ਼ ਕੁਮਾਰ ਨੇ ਬਜ਼ੁਰਗਾਂ ਨੂੰ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਸੰਬੰਧੀ ਜਾਣਕਾਰੀ ਦਿੱਤੀ। ਡੀਐੱਸਪੀ ਅਮਨਦੀਪ ਸੌਂਧੀ ਨੇ ਆਮ ਲੋਕਾਂ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ ਸਾਈਬਰ ਠੱਗਾਂ ਤੋਂ ਸਾਵਧਾਨ ਰਹਿਣ ਲਈ ਕਿਹਾ। ਸਾਬਕਾ ਡੀਈਓ ਦਿਨੇਸ਼ ਕੁਮਾਰ ਨੇ ਸੀਨੀਅਰ ਸਿਟੀਜਨਜ਼ ਦਿਵਸ ਦੇ ਇਤਿਹਾਸ ਬਾਰੇ ਦੱਸਿਆ ਅਤੇ ਬਜ਼ੁਰਗਾਂ ਦੀ ਮੱਦਦ ਲਈ ਬਣਾਏ ਗਏ ਕਾਨੂੰਨਾਂ ਸੰਬੰਧੀ ਜਾਣਕਾਰੀ ਦਿੱਤੀ।।ਐਸੋਸੀਏਸ਼ਨ ਦੇ ਸੀਨੀਅਰ ਪੰਜ ਮੈਂਬਰਾਂ ਜਿਨ੍ਹਾਂ ਵਿਚ ਰਵਿੰਦਰ ਕੁਮਾਰ ਸਰੀਨ, ਦੇਸ ਰਾਜ ਸਿਲਿਆਰਾ, ਬੋਧ ਰਾਜ, ਕੁਲਵੰਤ ਕੌਰ ਅਤੇ ਸਰੋਜ ਪੁਰੀ ਨੂੰ ਮੁੱਖ ਮਹਿਮਾਨ ਐਸਡੀਐਮ ਅਨਮਜਯੋਤ ਕੌਰ ਵੱਲੋਂ ਸ਼ਾਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੈਂਬਰ ਕੈਲਾਸ਼ ਬਾਲੀ, ਜੀਵਨ ਪਾਠਕ, ਸੁਭਾਸ਼ ਅਰੋੜਾ ਅਤੇ ਸਰਵਣ ਰਾਮ ਵੱਲੋਂ ਕਵਿਤਾਵਾਂ, ਧਾਰਮਿਕ ਅਤੇ ਦੇਸ਼ ਪਿਆਰ ਦੇ ਗੀਤ ਸੁਣਾ ਕੇ ਸਭ ਦਾ ਮਨੋਰੰਜਨ ਕੀਤਾ। ਪ੍ਰਧਾਨਗੀ ਮੰਡਲ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। ਅੰਤ ਵਿਚ ਸੀਨੀਅਰ ਵਾਈਸ ਪ੍ਰਧਾਨ ਰਾਮ ਧੰਨ ਚੌਧਰੀ ਵੱਲੋਂ ਆਏ ਹੋਏ ਮਹਿਮਾਨਾਂ, ਐਸੋਸੀਏਸ਼ਨ ਦੇ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਦਾ ਸਮਾਗਮ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ। ਜਨਰਲ ਸਕੱਤਰ ਸੁਖਦੇਵ ਸ਼ਰਮਾ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।