ਸੇਵ ਅਵਰ ਸੋਲਜ਼ ਸੰਸਥਾ ਵੱਲੋਂ ਸੈਮੀਨਾਰ ਕਰਵਾਇਆ ਸੇਵ ਅਵਰ ਸੋਲਜ਼ ਸੰਸਥਾ ਵੱਲੋਂ ਸੈਮੀਨਾਰ ਕਰਵਾਇਆ
Publish Date: Tue, 10 Nov 2026 04:39 PM (IST)
Updated Date: Tue, 10 Nov 2026 04:42 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਅਮਰਦੀਪ ਸੈਕੰਡਰੀ ਸਕੂਲ ਮਕੰਦਪੁਰ ਵਿਖੇ ਸੇਵ ਅਵਰ ਸੋਲਜ਼ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਜੀਵਨ ਦੀ ਸਹੀ ਸੇਧ ਦੇਣ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਸੈਮੀਨਾਰ ਲਗਾਇਆ। ਜਿਸ ਦੌਰਾਨ ਸੰਸਥਾ ਵੱਲੋਂ ਦਿਲਬਾਗ ਸਿੰਘ ਅਤੇ ਦਮਨਪ੍ਰੀਤ ਕੌਰ ਵਿਸ਼ੇਸ਼ ਤੌਰ ਤੇ ਸਕੂਲ ਪਹੁੰਚੇ। ਸਕੂਲ ਪ੍ਰਿੰ. ਪਰਮਜੀਤ ਕੌਰ ਨੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਖੂਬਸੂਰਤ ਫੁੱਲਾਂ ਦਾ ਬੁਕੇ ਦੇ ਕੇ ਜੀ ਆਇਆਂ ਨੂੰ ਆਖਿਆ। ਸੈਮੀਨਾਰ ਦੌਰਾਨ ਦਿਲਬਾਗ ਸਿੰਘ ਨੇ ਗੁਰਬਾਣੀ ਦੇ ਸੰਦਰਭ ਵਿਚ ਸਰੀਰ, ਮਨ ਅਤੇ ਆਤਮਾ ਦੇ ਆਪਸੀ ਸੰਬੰਧਾਂ ਬਾਰੇ ਵਿਦਿਆਰਥੀਆਂ ਨਾਲ ਵਿਸਥਾਰ ਪੂਰਵਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਮਨੁੱਖੀ ਜੀਵਨ ਵਿਚ ਸਰੀਰ ਦੀ ਤੰਦਰੁਸਤੀ ਦੇ ਨਾਲ-ਨਾਲ ਮਨ ਦੀ ਸ਼ਾਂਤੀ ਅਤੇ ਆਤਮਾ ਦੀ ਪਵਿੱਤਰਤਾ ਵੀ ਬਹੁਤ ਮਹੱਤਵ ਪੂਰਨ ਹੈ। ਗੁਰਬਾਣੀ ਸਾਨੂੰ ਸੱਚਾ ਜੀਵਨ ਜਿਊਣ, ਚੰਗੇ ਵਿਚਾਰ ਅਪਣਾਉਣ, ਨਿਮਰਤਾ ਰੱਖਣ, ਦੂਜਿਆਂ ਦੀ ਮੱਦਦ ਕਰਨ ਅਤੇ ਆਪਣੇ ਅੰਦਰ ਝਾਤੀ ਮਾਰਨ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਮਝਾਇਆ ਕਿ ਚੰਗੀ ਸੋਚ, ਸੰਜਮ, ਸੇਵਾ ਭਾਵਨਾ ਅਤੇ ਅਧਿਆਤਮਿਕ ਜੀਵਨ ਰਾਹੀਂ ਮਨੁੱਖ ਆਪਣੇ ਜੀਵਨ ਨੂੰ ਸਫ਼ਲ ਅਤੇ ਸੁਖਮਈ ਬਣਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉੱਪਰ ਅਮਲ ਕਰਨ ਦੀ ਵੀ ਪ੍ਰੇਰਨਾ ਦਿੱਤੀ। ਵਿਦਿਆਰਥੀਆਂ ਨੇ ਬਹੁਤ ਗੰਭੀਰਤਾ ਨਾਲ ਉਨ੍ਹਾਂ ਨੂੰ ਸੁਣਿਆ ਅਤੇ ਮਹੱਤਵ ਪੂਰਨ ਜੀਵਨ ਸਿੱਖਿਆਵਾਂ ਪ੍ਰਾਪਤ ਕੀਤੀਆਂ। ਅੰਤ ਵਿਚ ਪ੍ਰਿੰ. ਪਰਮਜੀਤ ਕੌਰ ਨੇ ਦਿਲਬਾਗ ਸਿੰਘ ਅਤੇ ਦਮਨਪ੍ਰੀਤ ਕੌਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੇ ਸਰਵ-ਪੱਖੀ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਨੈਤਿਕ ਕਦਰਾਂ-ਕੀਮਤਾਂ ਅਤੇ ਅਧਿਆਤਮਿਕ ਸੋਚ ਦਾ ਵਿਕਾਸ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।