ਜ਼ਿਲ੍ਹੇ ਦੇ ਸ਼ੱਕੀ ਪਿੰਡਾਂ ’ਚ ਕਾਸੋ ਤਹਿਤ ਸਰਚ ਮੁਹਿੰਮ ਚਲਾਈ ਜ਼ਿਲ੍ਹੇ ਦੇ ਸ਼ਕੀ ਪਿੰਡਾਂ 'ਚ ਕਾਸੋ ਤਹਿਤ ਸਰਚ ਅਭਿਆਨ ਚਲਾਏ
Publish Date: Wed, 16 Sep 2026 07:18 PM (IST)
Updated Date: Wed, 16 Sep 2026 07:20 PM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾਮੁਕਤ ਪੰਜਾਬ ਮੁਹਿੰਤ ਤਹਿਤ ਵੱਖ-ਵੱਖ ਸ਼ੱਕੀ ਅਤੇ ਸੰਵੇਦਨਸ਼ੀਲ ਪਿੰਡਾਂ ਵਿਚ ਕਾਸੋ ਤਹਿਤ ਚੈਕਿੰਗ ਮੁਹਿੰਮ ਚਲਾਈ ਗਈ। ਜਿਸ ਤਹਿਤ 50 ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ ਗਿਆ ਹੈ। ਜਿਸ ਵਿਚੋਂ 25 ਦੇ ਕਰੀਬ ਕਥਿਤ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੰਦੀਪ ਕੁਮਾਰ ਸ਼ਰਮਾ ਆਈਪੀਐੱਸ ਡੀਆਈਜੀ ਪੀਏਪੀ ਜਲੰਧਰ ਨੇ ਦੱਸਿਆ ਕਿ ਪੁਲਿਸ ਵੱਲੋਂ ਸਿਰਫ਼ ਨਸ਼ਿਆਂ ਨਾਲ ਸਬੰਧਿਤ ਮਾਮਲਿਆਂ ਦੀ ਹੀ ਜਾਂਚ ਨਹੀਂ ਕੀਤੀ ਜਾ ਰਹੀ, ਸਗੋਂ ਪ੍ਰੀਵੈਂਟਿਵ ਐਕਸ਼ਨ ਦੇ ਤਹਿਤ ਸ਼ੱਕੀ ਵਿਅਕਤੀਆਂ ਦੀ ਪਛਾਣ ਅਤੇ ਵੈਰੀਫਿਕੇਸ਼ਨ ਵੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਪਰਾਧਿਕ ਵਾਰਦਾਤਾਂ ਵਿਚ ਵਰਤੇ ਜਾਣ ਦੀ ਸੰਭਾਵਨਾ ਵਾਲੇ ਸ਼ੱਕੀ ਵਾਹਨਾਂ ਦੀ ਵੀ ਬਾਰੀਕੀ ਨਾਲ ਚੈਕਿੰਗ ਅਤੇ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਸ਼ੱਕੀ ਸਰਗਰਮੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਿੱਥੇ ਵੀ ਕੋਈ ਵਿਅਕਤੀ ਜਾਂ ਵਾਹਨ ਕਾਨੂੰਨ-ਵਿਰੁੱਧ ਸਰਗਰਮੀ ਵਿੱਚ ਸ਼ਾਮਲ ਪਾਇਆ ਜਾਂਦਾ ਹੈ, ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਆਪ੍ਰੇਸ਼ਨ ਦਾ ਮੁੱਖ ਉਦੇਸ਼ ਸ਼ਹਿਰ ਵਿਚ ਨਸ਼ਿਆਂ ਦੀ ਸਪਲਾਈ ਅਤੇ ਅਪਰਾਧਿਕ ਸਰਗਰਮੀਆਂ ਨੂੰ ਰੋਕਣਾ, ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਅਤੇ ਆਮ ਲੋਕਾਂ ਵਿਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਅਜਿਹੇ ਕਾਸੋ ਸਰਚ ਅਤੇ ਚੈਕਿੰਗ ਆਪ੍ਰੇਸ਼ਨ ਅੱਗੇ ਵੀ ਲਗਾਤਾਰ ਜਾਰੀ ਰੱਖੇ ਜਾਣਗੇ। ਇਸ ਮੌਕੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਧਾਨ ਸਭਾ ਹਲਕਾ ਨਵਾਂਸ਼ਹਿਰ, ਬੰਗਾ, ਬਲਾਚੌਰ ਆਦਿ ਵਿਚ ਐੱਸਐੱਸਪੀ ਤੁਸ਼ਾਰ ਗੁਪਤਾ, ਐੱਸਪੀ ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਬੰਗਾ ਹਰਜੀਤ ਸਿੰਘ, ਡੀਐੱਸਪੀ ਪੰਕਜ ਸ਼ਰਮਾ, ਨਵਾਂਸ਼ਹਿਰ ਦੇ ਐੱਸਐੱਚਓ ਅਵਤਾਰ ਸਿੰਘ, ਨਵਾਂਸ਼ਹਿਰ ਸਦਰ ਦੇ ਐੱਸਐੱਚਓ ਵਰਿੰਦਰ ਕੁਮਾਰ, ਰਾਹੋਂ, ਬਲਾਚੌਰ, ਬੰਗਾ, ਸਮੇਤ ਹੋਰਨਾਂ ਥਾਣਿਆਂ ਦੇ ਐੱਸਐੱਚਓਜ਼ ਨੇ ਸਮੇਤ ਸਮੂਹ ਪੁਲਿਸ ਪਾਰਟੀ ਇਸ ਚੈਕਿੰਗ ਮੁਹਿੰਮ ਵਿਚ ਸ਼ਕੀ ਘਰਾਂ, ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ। ਜਿਸ ਤਹਿਤ 50 ਵਿਅਕਤੀਆਂ ਨੂੰ ਰਾਉਂਡ ਅੱਪ ਕੀਤਾ ਹੈ। ਜਿਸ ਵਿਚੋਂ 25 ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਾਸੋ ਆਪ੍ਰੇਸ਼ਨ ਸਵੇਰੇ ਕਰੀਬ 5 ਵਜੇ ਤੋਂ ਸ਼ੁਰੂ ਕੀਤਾ, ਜੋ ਕਿ ਦੇਰ ਸ਼ਾਮ ਤੱਕ ਜਾਰੀ ਰਿਹਾ। ਇਸ ਤਹਿਤ ਸ਼ੱਕੀ ਘਰਾਂ, ਸਾਮਾਨ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਅਫ਼ਸਰਾਂ ਨੇ ਦੱਸਿਆ ਕਿ ਆਪ੍ਰੇਸ਼ਨ ਦੌਰਾਨ ਹੁਣ ਤੱਕ ਪੁਲਿਸ ਨੂੰ ਮਹੱਤਵਪੂਰਨ ਸਫਲਤਾ ਹਾਸਲ ਹੋਈ ਹੈ ਅਤੇ ਨਸ਼ਿਆਂ ਨਾਲ ਸਬੰਧਿਤ ਮਾਮਲੇ ਵਿਚ ਐੱਫਆਈਆਰ ਵੀ ਦਰਜ ਕੀਤੀ ਜਾ ਰਹੀ ਹੈ।