ਬੱਚਿਆਂ ਨੂੰ ਟੈਨਸ਼ਨ, ਤਣਾਅ ਤੇ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਵੱਡੀ ਲੋੜ : ਡਾ. ਸੰਧੂ
ਬੱਚਿਆਂ ਨੂੰ ਟੈਨਸ਼ਨ, ਤਣਾਅ ਅਤੇ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਵੱਡੀ ਲੋੜ ਹੈ-ਡਾ. ਸੰਧੂ
Publish Date: Tue, 24 Feb 2026 05:54 PM (IST)
Updated Date: Wed, 25 Feb 2026 04:07 AM (IST)

ਨੋਟ-ਬਿਜਨਸ ਪਲੱਸ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਅੱਜ ਨੌਜਵਾਨ ਪੀੜ੍ਹੀ ਟੈਨਸ਼ਨ, ਡਿਪ੍ਰੈਸ਼ਨ ਅਤੇ ਨਸ਼ਿਆਂ ਦੀ ਲਤ ਨਾਲ ਜੂਝ ਰਹੀ ਹੈ ਅਤੇ ਉਨ੍ਹਾਂ ਨੂੰ ਇਸ ਦਲਦਲ ਤੋਂ ਬਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਹ ਵਿਚਾਰ ਸਿਨੋਵਾ ਹਸਪਤਾਲ ਮਲਟੀਸਪੈਸ਼ਲਿਸਟ (ਸੰਧੂ ਹਸਪਤਾਲ ਨਵਾਂਸ਼ਹਿਰ) ਦੇ ਮੈਨੇਜਿੰਗ ਡਾਇਰੈਕਟਰ ਅਤੇ ਦਿਮਾਗੀ ਰੋਗਾਂ ਦੇ ਮਾਹਿਰ ਡਾ. ਜੇਐੱਸ ਸੰਧੂ ਨੇ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਵਿਖੇ ਪ੍ਰਗਟ ਕੀਤੇ।“ਮਾਨਸਿਕ ਸਿਹਤ ਅਤੇ ਨੌਜਵਾਨਾਂ ਵਿਚ ਨਸ਼ਿਆਂ ਦੇ ਚੇਤਾਵਨੀ ਸੰਕੇਤਾਂ ਬਾਰੇ ਜਾਗਰੂਕਤਾ“ਵਿਸ਼ੇ ਤੇ ਬੋਲਦੇ ਹੋਏ ਉਨ੍ਹਾਂ ਆਪਣੇ ਤਜ਼ਰਬੇ ਤੋਂ ਕਈ ਅਸਲ ਘਟਨਾਵਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਕਿਵੇਂ ਬੱਚਿਆਂ ਵਿਚ ਆਉਣ ਵਾਲੇ ਛੋਟੇ-ਛੋਟੇ ਬਦਲਾਅ ਜਿਵੇਂ ਇਕਾਂਤਵਾਦ, ਚਿੜਚਿੜਾਪਣ, ਪੜ੍ਹਾਈ ਵਿਚ ਗਿਰਾਵਟ, ਅਚਾਨਕ ਗੁੱਸਾ ਜਾਂ ਮਨ ਉਦਾਸ ਕਿਸੇ ਵੱਡੀ ਅੰਦਰੂਨੀ ਸਮੱਸਿਆ ਦਾ ਸੰਕੇਤ ਹੁੰਦੇ ਹਨ। ਉਨ੍ਹਾਂ ਭਾਵੁਕ ਅੰਦਾਜ਼ ਵਿਚ ਕਿਹਾ ਕਿ ਨਸ਼ਾ ਸਿਰਫ ਇਕ ਵਿਅਕਤੀ ਨੂੰ ਨਹੀਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ ਪੜ੍ਹਾਉਣ ਤੱਕ ਸੀਮਿਤ ਨਾ ਰਹਿਣ, ਸਗੋਂ ਬੱਚਿਆਂ ਦੇ ਮਾਰਗ ਦਰਸ਼ਕ ਅਤੇ ਸਹਾਇਕ ਬਣਨ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਭਵਿੱਖ ਵਿਚ ਵੀ ਸਮਾਜ ਨੂੰ ਨਸ਼ਾ ਮੁਕਤ ਅਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਆਪਣੀ ਸੇਵਾ ਜਾਰੀ ਰੱਖਣਗੇ। ਇਸ ਮੌਕੇ ਸੰਸਥਾਪਕ ਚੇਅਰਮੈਨ ਗੁਰਚਰਨ ਸਿੰਘ ਸ਼ੇਰਗਿੱਲ, ਵਾਈਸ ਚੇਅਰਮੈਨ ਪੀਟੀਏ ਸੁਰਿੰਦਰ ਸਿੰਘ ਢੀਂਡਸਾ, ਪ੍ਰਿੰ. ਮਨਜੀਤ ਸਿੰਘ ਏਐਸਐਸਐਮ ਕਾਲਜ, ਪ੍ਰਿੰ. ਪਰਮਜੀਤ ਕੌਰ ਅਮਰਦੀਪ ਸੈਕੰਡਰੀ ਸਕੂਲ ਅਤੇ ਕੋਆਰਡੀਨੇਟਰ ਡਾ. ਨਿਰਦੋਸ਼ ਕੌਰ ਹਾਜ਼ਰ ਸਨ।